ਨਵੀਂ ਦਿੱਲੀ - ਪੱਛਮੀ ਏਸ਼ੀਆ ’ਚ ਜਾਰੀ ਤਣਾਅ ਦਾ ਅਸਰ ਹੁਣ ਭਾਰਤ ਦੀ ਅਰਥਵਿਵਸਥਾ ’ਤੇ ਵੀ ਪੈ ਸਕਦਾ ਹੈ। ਜੇਕਰ ਸੰਘਰਸ਼ ਲੰਬਾ ਚੱਲਦਾ ਹੈ ਅਤੇ ਪੂਰੀ ਦੁਨੀਆ ’ਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਤਾਂ ਮਹਿੰਗਾ ਕੱਚਾ ਤੇਲ (ਕਰੂਡ ਆਇਲ) ਅਤੇ ਕਮਜ਼ੋਰ ਰੁਪਇਆ ਭਾਰਤ ’ਚ ਮਹਿੰਗਾਈ ਦਾ ਦਬਾਅ ਵਧਾ ਸਕਦੇ ਹਨ। ਐੱਮ. ਕੇ. ਵੈੱਲਫੇਅਰ ਮੈਨੇਜਮੈਂਟ ਦੀ ਇਕ ਰਿਪੋਰਟ ਨੇ ਇਸ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਭਾਰਤ ਆਪਣੀ ਜ਼ਰੂਰਤ ਦਾ ਵੱਡਾ ਹਿੱਸਾ ਕੱਚਾ ਤੇਲ ਵਿਦੇਸ਼ਾਂ ਤੋਂ ਖਰੀਦਦਾ ਹੈ। ਅਜਿਹੇ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੂਡ ਮਹਿੰਗਾ ਹੋਣ ਦਾ ਸਿੱਧਾ ਅਸਰ ਦੇਸ਼ ਦੇ ਦਰਾਮਦ ਬਿਲ ’ਤੇ ਪੈਂਦਾ ਹੈ। ਐੱਮ. ਕੇ. ਦੀ ਰਿਪੋਰਟ ਮੁਤਾਬਕ ਪੱਛਮੀ ਏਸ਼ੀਆ ਦੇ ਸੰਘਰਸ਼ ਨਾਲ ਤੇਲ ਦੀ ਸਪਲਾਈ ਲੰਬੇ ਸਮੇਂ ਤੱਕ ਪ੍ਰਭਾਵਿਤ ਹੋਈ ਤਾਂ ਇਸ ਦਾ ਅਸਰ ਸਿਰਫ ਪੈਟਰੋਲ-ਡੀਜ਼ਲ ਤੱਕ ਸੀਮਤ ਨਹੀਂ ਰਹੇਗਾ। ਮਹਿੰਗੇ ਈਂਧਨ ਨਾਲ ਟਰਾਂਸਪੋਰਟੇਸ਼ਨ ਲਾਗਤ ਵਧ ਸਕਦੀ ਹੈ। ਇਸ ਦਾ ਅਸਰ ਸਾਮਾਨ ਦੀ ਢੋਆ-ਢੁਆਈ ਅਤੇ ਉਤਪਾਦਨ ਲਾਗਤ ’ਤੇ ਪੈਣ ਕਾਰਨ ਰੋਜ਼ਾਨਾ ਵਰਤੋਂ ਦੀਆਂ ਕਈ ਵਸਤਾਂ ਦੀਆਂ ਕੀਮਤਾਂ ’ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।
ਰੁਪਇਆ ਕਮਜ਼ੋਰ ਹੋਣ ’ਤੇ ਸਥਿਤੀ ਹੋ ਸਕਦੀ ਹੈ ਚੁਣੌਤੀਪੂਰਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਿੰਗੇ ਕੱਚੇ ਤੇਲ ਦੇ ਨਾਲ-ਨਾਲ ਜੇਕਰ ਭਾਰਤੀ ਰੁਪਇਆ ਵੀ ਕਮਜ਼ੋਰ ਹੁੰਦਾ ਹੈ, ਤਾਂ ਸਥਿਤੀ ਹੋਰ ਚੁਣੌਤੀਪੂਰਨ ਹੋ ਸਕਦੀ ਹੈ। ਡਾਲਰ ’ਚ ਖਰੀਦੇ ਜਾਣ ਵਾਲੇ ਕੱਚੇ ਤੇਲ ਲਈ ਭਾਰਤੀ ਕੰਪਨੀਆਂ ਨੂੰ ਜ਼ਿਆਦਾ ਰੁਪਏ ਖਰਚ ਕਰਨੇ ਪੈਣਗੇ। ਇਸ ਨਾਲ ਘਰੇਲੂ ਅਰਥਵਿਵਸਥਾ ’ਤੇ ਮਹਿੰਗਾਈ ਦਾ ਜ਼ਿਆਦਾ ਦਬਾਅ ਬਣ ਸਕਦਾ ਹੈ।
ਐੱਮ. ਕੇ. ਵੈੱਲਫੇਅਰ ਮੈਨੇਜਮੈਂਟ ਦੇ ਹੈੱਡ ਆਫ਼ ਰਿਸਰਚ ਡਾ. ਜੋਸਫ ਥਾਮਸ ਨੇ ਕਿਹਾ ਕਿ ਭਾਰਤ ਲਈ ਜੋਖਮ ਸਿਰਫ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਤੱਕ ਸੀਮਤ ਨਹੀਂ ਹੈ। ਕਮਜ਼ੋਰ ਰੁਪਇਆ ਇਸ ਦਬਾਅ ਨੂੰ ਹੋਰ ਵਧਾ ਸਕਦਾ ਹੈ।
ਹੋਰਮੁਜ਼ ਅਤੇ ਲਾਲ ਸਾਗਰ ’ਤੇ ਨਜ਼ਰ
ਰਿਪੋਰਟ ’ਚ ਹੋਰਮੁਜ਼ ਸਟ੍ਰੇਟ ਨੂੰ ਸਭ ਤੋਂ ਅਹਿਮ ਜੋਖਮਾਂ ’ਚ ਦੱਸਿਆ ਗਿਆ ਹੈ। ਦੁਨੀਆ ਦੇ ਲੱਗਭਗ 20 ਫੀਸਦੀ ਤੇਲ ਪ੍ਰਵਾਹ ਲਈ ਇਹ ਰਸਤਾ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਲਾਲ ਸਾਗਰ ਅਤੇ ਬਾਬ-ਅਲ-ਮੰਡੇਬ ਸਟ੍ਰੇਟ ’ਚ ਕਿਸੇ ਤਰ੍ਹਾਂ ਦਾ ਵਿਘਨ ਗਲੋਬਲ ਤੇਲ ਸਪਲਾਈ ਚੇਨ ’ਤੇ ਦਬਾਅ ਵਧਾ ਸਕਦਾ ਹੈ।
ਪੱਛਮੀ ਏਸ਼ੀਆ ’ਚ ਤਣਾਅ ਵਧਣ ਤੋਂ ਬਾਅਦ ਬ੍ਰੇਂਟ ਕਰੂਡ ਲੱਗਭਗ 75 ਡਾਲਰ ਤੋਂ ਵਧ ਕੇ 98 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਪਹੁੰਚ ਗਿਆ ਸੀ। ਬਾਅਦ ’ਚ ਕੂਟਨੀਤਕ ਗੱਲਬਾਤ ਦੀ ਉਮੀਦ ਵਧਣ ’ਤੇ ਕੀਮਤਾਂ ’ਚ ਨਰਮੀ ਆਈ। ਰਿਪੋਰਟ ਦੇ ਸਮੇਂ ਸ਼ੁੱਕਰਵਾਰ ਨੂੰ ਬ੍ਰੇਂਟ ਕਰੂਡ ਲੱਗਭਗ 88.29 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।
ਅੱਗੇ ਕੀ ਹੋਵੇਗਾ?
ਜੇਕਰ ਸੰਘਰਸ਼ ਛੇਤੀ ਖਤਮ ਹੁੰਦਾ ਹੈ ਅਤੇ ਸਪਲਾਈ ਰਸਤੇ ਆਮ ਹੋ ਜਾਂਦੇ ਹਨ, ਤਾਂ ਕੱਚੇ ਤੇਲ ਦੀਆਂ ਕੀਮਤਾਂ ’ਤੇ ਦਬਾਅ ਘੱਟ ਹੋ ਸਕਦਾ ਹੈ, ਪਰ ਲੰਬੇ ਸਮੇਂ ਤੱਕ ਸਪਲਾਈ ਪ੍ਰਭਾਵਿਤ ਰਹਿਣ ’ਤੇ ਮਹਿੰਗਾਈ ਅਤੇ ਆਰਥਿਕ ਵਿਕਾਸ ਦੋਵਾਂ ’ਤੇ ਅਸਰ ਪੈਣ ਦਾ ਖਦਸ਼ਾ ਹੈ।
ਆਮ ਜਨਤਾ ਨੂੰ ਲੱਗਾ ਮਹਿੰਗਾਈ ਦਾ ਇਕ ਹੋਰ ਝਟਕਾ, ਦਿੱਲੀ 'ਚ ਮਹਿੰਗੀ ਹੋਈ CNG
NEXT STORY