ਜਲੰਧਰ (ਖੁਰਾਣਾ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਹੁਣ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। 30 ਅਗਸਤ ਨੂੰ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਵੇਗੀ, ਜੋ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਵਾਰ ਕੁੱਲ੍ਹ 4,078 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਡੋਰ-ਟੂ-ਡੋਰ ਪ੍ਰਚਾਰ ਅਤੇ ਮੀਟਿੰਗਾਂ ਦਾ ਦੌਰ ਹੁਣ ਰੁਕ ਗਿਆ ਹੈ ਅਤੇ ਉਮੀਦਵਾਰਾਂ ਦਾ ਪ੍ਰਚਾਰ ਸੋਸ਼ਲ ਮੀਡੀਆ ਤੱਕ ਸੀਮਤ ਹੋ ਗਿਆ ਹੈ। ਇਸੇ ਵਿਚਾਲੇ ਚੋਣਾਂ ’ਚ ਕਰਾਸ ਵੋਟਿੰਗ ਦੀਆਂ ਚਰਚਾਵਾਂ ਨੇ ਵੀ ਜ਼ੋਰ ਫੜ ਲਿਆ ਹੈ, ਜੋ ਖਾਸ ਕਰ ਕੇ ਉੱਪਰ ਵਾਲੀਆਂ ਦੋ ਪੋਸਟਾਂ ’ਤੇ ਦੇਖਣ ਨੂੰ ਮਿਲ ਰਹੀ ਹੈ।
ਵਾਈਸ ਪ੍ਰੈਜ਼ੀਡੈਂਟ ਅਤੇ ਕੈਸ਼ੀਅਰ ਦੀ ਪੋਸਟ ’ਤੇ ਕਰਾਸ ਵੋਟਿੰਗ ਦੀ ਸੰਭਾਵਨਾ ਸਬੰਧੀ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਰਾਸ ਵੋਟਿੰਗ ਦੀ ਇਸ ਖੇਡ ’ਚ ਕੁਝ ਉਮੀਦਵਾਰ ਸਰਗਰਮ ਹਨ। ਚਰਚਾ ਹੈ ਕਿ ਇਕ ਗਰੁੱਪ ਦਾ ਕਰਤਾ-ਧਰਤਾ ਵੀ ਇਸ ਗੇਮ ’ਚ ਲੱਗਾ ਹੋਇਆ ਹੈ ਅਤੇ ਦੂਜੇ ਗਰੁੱਪ ਦੇ ਇਕ ਉਮੀਦਵਾਰ ਨਾਲ ਲਗਾਤਾਰ ਸੰਪਰਕ ’ਚ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਤੋਂ ਵੋਟਾਂ ਦੇ ਲੈਣ-ਦੇਣ ਜ਼ਰੀਏ ਆਪਣੇ-ਆਪਣੇ ਉਮੀਦਵਾਰਾਂ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਕਰਾਸ ਵੋਟਿੰਗ ਦੀ ਇਹ ਖੇਡ ਚੋਣਾਂ ’ਚ ਕਿੰਨੀ ਕਾਮਯਾਬ ਹੁੰਦੀ ਹੈ, ਇਹ ਤਾਂ 30 ਅਗਸਤ ਨੂੰ ਨਤੀਜੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਹਾਲਾਂਕਿ ਇੰਨਾ ਜ਼ਰੂਰ ਹੈ ਕਿ ਕੁਝ ਸੀਟਾਂ ’ਤੇ ਹੈਰਾਨ ਕਰਨ ਵਾਲੇ ਨਤੀਜੇ ਵੀ ਸਾਹਮਣੇ ਆ ਸਕਦੇ ਹਨ। ਕੁਝ ਹਫ਼ਤੇ ਪਹਿਲਾਂ ਜਿਮਖਾਨਾ ਕਲੱਬ ਚੋਣਾਂ ਨੂੰ ਇਕਤਰਫ਼ਾ ਮੰਨੇ ਜਾਣ ਦੇ ਜੋ ਅਨੁਮਾਨ ਲਾਏ ਜਾ ਰਹੇ ਸਨ, ਉਹ ਹੁਣ ਹੌਲੀ-ਹੌਲੀ ਗਲਤ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...
ਕਲੱਬ ’ਚ ਲੋਕਤੰਤਰ ਬਹਾਲੀ ਦਾ ਮੁੱਦਾ ਉਠਾ ਰਹੇ ਛਾਬੜਾ, ਸਹਿਦੇਵ ਅਤੇ ਕੋਚਰ
ਕਲੱਬ ਚੋਣਾਂ ਦੀ ਸ਼ੁਰੂਆਤ ’ਚ ਪ੍ਰੋਗਰੈਸਿਵ ਗਰੁੱਪ ਨੇ ਅਚੀਵਰਜ਼ ਦੇ ਸਾਹਮਣੇ ਸਰੰਡਰ ਕਰਦੇ ਹੋਏ ਉਨ੍ਹਾਂ ਦੇ ਐਲਾਨੇ ਉਮੀਦਵਾਰਾਂ ਨੂੰ ਸਮਰਥਨ ਦੇ ਦਿੱਤਾ ਸੀ। ਅਜਿਹੇ ’ਚ ਚੋਣਾਂ ਇਕਤਰਫ਼ਾ ਦਿਖਾਈ ਦੇਣ ਲੱਗੀਆਂ ਸਨ, ਪਰ ਇਸੇ ਵਿਚਾਲੇ ਕਲੱਬ ਮੈਂਬਰਾਂ ’ਚ ਰੋਸ ਦੀ ਭਾਵਨਾ ਪੈਦਾ ਹੋਈ ਅਤੇ ਕਲੱਬ ’ਚ ਲੋਕਤੰਤਰ ਦੀ ਬਹਾਲੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ। ਇਸ ਤੋਂ ਬਾਅਦ ਸਾਬਕਾ ਸੈਕਟਰੀ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੇ ਮੋਰਚਾ ਸੰਭਾਲਿਆ ਅਤੇ ਪ੍ਰੋਗਰੈਸਿਵ ਗਰੁੱਪ ’ਚ ਦੁਬਾਰਾ ਜਾਨ ਫੂਕਦੇ ਹੋਏ ਖ਼ੁਦ ਚੋਣ ਮੈਦਾਨ ’ਚ ਉਤਰ ਗਏ। ਅੱਜ ਕਈ ਮੁਸ਼ਕਿਲਾਂ ਦੇ ਬਾਵਜੂਦ ਐਡਵੋਕੇਟ ਦਲਜੀਤ ਸਿੰਘ ਛਾਬੜਾ ਨਾ ਸਿਰਫ ਖ਼ੁਦ ਚੋਣ ਮੈਦਾਨ ’ਚ ਡਟੇ ਹੋਏ ਹਨ, ਸਗੋਂ ਉਨ੍ਹਾਂ ਨੇ ਵਾਈਸ ਪ੍ਰੈਜ਼ੀਡੈਂਟ ਅਤੇ ਕੈਸ਼ੀਅਰ ਅਹੁਦੇ ’ਤੇ ਵੀ ਉਮੀਦਵਾਰ ਖੜ੍ਹੇ ਕੀਤੇ ਹਨ। ਤਿੰਨੋਂ ਉਮੀਦਵਾਰ ਕਲੱਬ ’ਚ ਲੋਕਤੰਤਰ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ ਅਤੇ ਕਲੱਬ ਮੈਂਬਰਾਂ ਤੱਕ ਇਹ ਸੰਦੇਸ਼ ਪਹੁੰਚਾਉਣ ’ਚ ਲੱਗੇ ਹਨ ਕਿ ਜੇਕਰ ਇਕ ਗਰੁੱਪ ਦੀ ਚਾਲ ਕਾਮਯਾਬ ਹੋ ਜਾਂਦੀ ਤਾਂ ਅੱਜ ਕਲੱਬ ਮੈਂਬਰਾਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲਦਾ, ਸਗੋਂ ਉਨ੍ਹਾਂ ਨੂੰ ਪਹਿਲਾਂ ਤੋਂ ਨਿਰਧਾਰਿਤ ਟੀਮ ਨਾਲ ਹੀ ਕੰਮ ਚਲਾਉਣਾ ਪੈਂਦਾ। ਐਡਵੋਕੇਟ ਦਲਜੀਤ ਸਿੰਘ ਛਾਬੜਾ ਦੇ ਇਸ ਉਪਰਾਲੇ ਦੀ ਕਈ ਕਲੱਬ ਮੈਂਬਰ ਸ਼ਲਾਘਾ ਕਰ ਰਹੇ ਹਨ। ਹਾਲਾਂਕਿ ਇਹ ਸ਼ਲਾਘਾ ਵੋਟਾਂ ’ਚ ਕਿੰਨੀ ਬਦਲਦੀ ਹੈ, ਇਹ ਚੋਣ ਨਤੀਜਿਆਂ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ: ਰਿਟਾਇਰਡ ACP ਦੀ ਵੱਡੀ ਚਿਤਾਵਨੀ! ਮੇਰੀ ਫੋਟੋ ਵਾਲੀ ID ਤੋਂ ਰਹੋ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ
ਦੂਜੇ ਪਾਸੇ, ਸਾਬਕਾ ਕੈਸ਼ੀਅਰ ਮੇਜਰ ਕੋਚਰ ਨੇ ਆਪਣੇ ਭਤੀਜੇ ਗੁਰਦਰਸ਼ਨ ਸਿੰਘ ਕੋਚਰ ਉਰਫ਼ ਗੁਰਜੀ ਨੂੰ ਚੋਣ ਮੈਦਾਨ ’ਚ ਉਤਾਰ ਕੇ ਪਾਸਾ ਪਲਟਣ ਦੇ ਯਤਨ ਸ਼ੁਰੂ ਕੀਤੇ ਹੋਏ ਹਨ। ਗੁਰਜੀ ਕੋਚਰ ਨੂੰ ਜਿੱਥੇ ਮੇਜਰ ਕੋਚਰ ਦੇ ਪੁਰਾਣੇ ਵੋਟ ਬੈਂਕ ਦਾ ਸਿੱਧਾ ਲਾਭ ਮਿਲਣ ਦੀ ਉਮੀਦ ਹੈ, ਉੱਥੇ ਹੀ ਨੌਜਵਾਨਾਂ ’ਚ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ’ਚ ਕੈਸ਼ੀਅਰ ਅਹੁਦੇ ’ਤੇ ਉਲਟਫੇਰ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਉੱਚ ਪੜ੍ਹੇ-ਲਿਖੇ ਹੋਣ ਕਾਰਨ ਗੁਰਜੀ ਕੋਚਰ ਆਪਣਾ ਵਿਜ਼ਨ ਕਲੱਬ ਮੈਂਬਰਾਂ ਤੱਕ ਪਹੁੰਚਾਉਣ ’ਚ ਵੀ ਕਾਫ਼ੀ ਕਾਮਯਾਬ ਰਹੇ ਹਨ। ਉੱਥੇ ਹੀ, ਰੋਟੇਰੀਅਨ ਵਿਜੇ ਸਹਿਦੇਵ ਵੀ ਆਪਣੇ ਸੰਪਰਕਾਂ ਜ਼ਰੀਏ ਤੇਜ਼ੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਉਮੀਦਵਾਰਾਂ ਵੱਲੋਂ ਲੋਕਤੰਤਰ ਦੀ ਬਹਾਲੀ ਦਾ ਮੁੱਦਾ ਉਠਾਏ ਜਾਣ ਨਾਲ ਕਲੱਬ ਚੋਣਾਂ ਦਾ ਮਾਹੌਲ ਹੋਰ ਵੀ ਦਿਲਚਸਪ ਹੋ ਗਿਆ ਹੈ।
20 ਸਾਲ ਦੇ ਤਜਰਬੇ ਤੋਂ ਬਾਅਦ ਸੈਕਟਰੀ ਦੀ ਚੋਣ ਲੜ ਰਹੇ ਹਨ ਅਮਿਤ ਕੁਕਰੇਜਾ
ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਅਚੀਵਰਜ਼ ਗਰੁੱਪ ਵੱਲੋਂ ਸੈਕਟਰੀ ਅਹੁਦੇ ਲਈ ਚੋਣ ਲੜ ਰਹੇ ਅਮਿਤ ਕੁਕਰੇਜਾ ਆਪਣੇ ਲਗਭਗ 20 ਸਾਲਾਂ ਦੇ ਤਜਰਬੇ ਨੂੰ ਲੈ ਕੇ ਮੈਂਬਰਾਂ ਵਿਚਾਲੇ ਜਾ ਰਹੇ ਹਨ। ਕੁਕਰੇਜਾ 2006 ’ਚ ਪਹਿਲੀ ਵਾਰ ਐਗਜ਼ੀਕਿਊਟਿਵ ਬਣੇ ਸਨ। ਉਹ ਇਕ ਵਾਰ ਜੁਆਇੰਟ ਸੈਕਟਰੀ, ਇਕ ਵਾਰ ਖ਼ਜ਼ਾਨਚੀ ਅਤੇ ਦੋ ਵਾਰ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਹਨ। ਅਮਿਤ ਕੁਕਰੇਜਾ ਬੀ.ਕਾਮ., ਐੱਮ. ਬੀ. ਏ. ਹਨ। ਉਹ ਫ਼ਸਟ ਕਲਾਸ ਕ੍ਰਿਕਟਰ ਵੀ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਸਪੋਰਟਸ ਬਿਜ਼ਨੈੱਸ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਲੱਬ ’ਚ ਕਈ ਖੇਡ ਸਰਗਰਮੀਆਂ ਅਤੇ ਸਹੂਲਤਾਂ ਨੂੰ ਉਤਸ਼ਾਹ ਮਿਲਿਆ। ਉਨ੍ਹਾਂ ਪਹਿਲੀ ਵਾਰ ਜਿਮਖਾਨਾ ਦੀ ਟੈਨਿਸ ਗਰਾਊਂਡ ’ਚ ਜੀ. ਪੀ. ਐੱਲ. ਟੂਰਨਾਮੈਂਟ ਸ਼ੁਰੂ ਕਰਵਾਇਆ। ਸਪੋਰਟਸ ਕਾਰਨੀਵਲ ਦੀ ਸ਼ੁਰੂਆਤ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ। ਸਾਲ 2008 ’ਚ ਸਕੁਐਸ਼ ਕੋਰਟ ਦੇ ਨਿਰਮਾਣ ’ਚ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਦੱਸਿਆ ਜਾਂਦਾ ਹੈ ਕਿ ਐਡਮਿਨ ਬਲਾਕ ਬਣਾਉਣ ਦੀ ਪਹਿਲ ਵੀ ਉਨ੍ਹਾਂ ਦੀ ਹੀ ਸੀ। ਇਸ ਤੋਂ ਇਲਾਵਾ ਕਲੱਬ ’ਚ ਰੂਫ਼ਟਾਪ ਦੇ ਨਿਰਮਾਣ ਸਮੇਂ ਵੀ ਉਹ ਕਮੇਟੀ ਦੇ ਚੇਅਰਮੈਨ ਸਨ।
ਇਹ ਵੀ ਪੜ੍ਹੋ: ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ
ਚੋਣ ਪ੍ਰਚਾਰ ’ਚ ਸਭ ਤੋਂ ਅੱਗੇ ਨਿਕਲੇ ਗਗਨਦੀਪ ਉੱਪਲ, ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਦਿੱਤਾ ਵਿਜ਼ਨ
ਜਿਮਖਾਨਾ ਚੋਣਾਂ ’ਚ ਇਸ ਵਾਰ ਐਗਜ਼ੀਕਿਊਟਿਵ ਪੋਸਟ ਲਈ 16 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚ ਗਗਨਦੀਪ ਉੱਪਲ ਪਹਿਲੀ ਵਾਰ ਚੋਣ ਮੈਦਾਨ ’ਚ ਉਤਰੇ ਹਨ ਅਤੇ ਉਹ ਸਭ ਤੋਂ ਘੱਟ ਉਮਰ ਦੇ ਉਮੀਦਵਾਰਾਂ ’ਚ ਸ਼ਾਮਲ ਹਨ। ਇਸ ਦੇ ਬਾਵਜੂਦ ਚੋਣ ਪ੍ਰਚਾਰ ’ਚ ਉਨ੍ਹਾਂ ਦੀ ਸਰਗਰਮੀ ਲਗਾਤਾਰ ਚਰਚਾ ’ਚ ਬਣੀ ਹੋਈ ਹੈ ਅਤੇ ਉਹ ਪ੍ਰਚਾਰ ਦੇ ਮਾਮਲੇ ’ਚ ਕਾਫ਼ੀ ਅੱਗੇ ਨਿਕਲਦੇ ਦਿਖਾਈ ਦੇ ਰਹੇ ਹਨ। ਗਗਨਦੀਪ ਉੱਪਲ ਨੇ ਸ਼ੁੱਕਰਵਾਰ ਨੂੰ ਕਲੱਬ ਕੰਪਲੈਕਸ ਦੇ ਬਾਹਰ ਆਪਣੇ ਬੈਨਰ ਅਤੇ ਹੋਰਡਿੰਗਜ਼ ਲਗਵਾਏ। ਇਸ ਦੇ ਨਾਲ ਹੀ ਉਨ੍ਹਾਂ ਤੇਜ਼ੀ ਨਾਲ ਚੋਣ ਪ੍ਰਚਾਰ ਕਰਦੇ ਹੋਏ ਵੱਧ ਤੋਂ ਵੱਧ ਕਲੱਬ ਮੈਂਬਰਾਂ ਨਾਲ ਸੰਪਰਕ ਕੀਤਾ।
ਗਗਨਦੀਪ ਉੱਪਲ ਨੇ ਆਪਣਾ ਵਿਜ਼ਨ ਵੀ ਕਲੱਬ ਮੈਂਬਰਾਂ ਸਾਹਮਣੇ ਰੱਖਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਅੱਗੇ ਲਿਆ ਕੇ ਕਲੱਬ ਨੂੰ ਆਧੁਨਿਕ ਤਰੀਕੇ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਜਿਮਖਾਨਾ ਕਲੱਬ ਦੀਆਂ ਪੁਰਾਣੀਆਂ ਰਵਾਇਤਾਂ ਅਤੇ ਸ਼ਾਨ ਨੂੰ ਵੀ ਕਾਇਮ ਰੱਖਣਾ ਜ਼ਰੂਰੀ ਹੈ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਉੱਪਲ ਨੂੰ ਚੋਣ ਪ੍ਰਚਾਰ ਦੌਰਾਨ ਚੰਗਾ ਉਤਸ਼ਾਹ ਅਤੇ ਸਮਰਥਨ ਮਿਲ ਰਿਹਾ ਹੈ। ਗਗਨ ਧਵਨ ਸਮੇਤ ਉਨ੍ਹਾਂ ਦੇ ਹੋਰ ਸਮਰਥਕ ਵੀ ਖੁੱਲ੍ਹ ਕੇ ਉਨ੍ਹਾਂ ਦੇ ਪੱਖ ’ਚ ਪ੍ਰਚਾਰ ਕਰ ਰਹੇ ਹਨ।
ਚੋਣ ਪ੍ਰਚਾਰ ’ਚ ਸੋਸ਼ਲ ਮੀਡੀਆ ਦੀ ਹੋ ਰਹੀ ਦੁਰਵਰਤੋਂ : ਜੇ. ਬੀ. ਸਿੰਘ ਚੌਧਰੀ
ਮਾਡਲ ਟਾਊਨ ਨਾਰਥ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਜਿਮਖਾਨਾ ਕਲੱਬ ਚੋਣਾਂ ਲੜ ਰਹੇ ਵਧੇਰੇ ਉਮੀਦਵਾਰ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਨਾਲ ਆਮ ਲੋਕਾਂ, ਖਾਸ ਕਰ ਕੇ ਕਲੱਬ ਵੋਟਰਾਂ ਨੂੰ ਪ੍ਰੇਸ਼ਾਨੀ ਹੋਣ ਲੱਗੀ ਹੈ।
ਉਨ੍ਹਾਂ ਕਿਹਾ ਕਿ ਉਮੀਦਵਾਰ ਵ੍ਹਟਸਐਪ ਗਰੁੱਪਾਂ ’ਚ ਲਗਾਤਾਰ ਆਪਣੀ ਪ੍ਰਚਾਰ ਸਮੱਗਰੀ ਪੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਐੱਸ. ਐੱਮ. ਐੱਸ. ਜ਼ਰੀਏ ਵੀ ਵੋਟਰਾਂ ਨੂੰ ਵਾਰ-ਵਾਰ ਮੈਸੇਜ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਚਾਰ ਲਈ ਦਿਨ ’ਚ ਇਕ-ਦੋ ਮੈਸੇਜ ਹੀ ਕਾਫ਼ੀ ਹਨ, ਪਰ ਉਮੀਦਵਾਰ ਲਗਾਤਾਰ ਮੈਸੇਜ ਭੇਜ ਕੇ ਵੋਟਰਾਂ ਨੂੰ ਖ਼ਿਝਾ ਰਹੇ ਹਨ। ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਨਾਂ ’ਤੇ ਸੋਸ਼ਲ ਮੀਡੀਆ ਅਤੇ ਮੋਬਾਈਲ ਮੈਸੇਜਾਂ ਦੀ ਇਸ ਤਰ੍ਹਾਂ ਲਗਾਤਾਰ ਵਰਤੋਂ ਕਰਨਾ ਉਚਿਤ ਨਹੀਂ ਹੈ ਕਿਉਂਕਿ ਵੋਟਰ ਆਪਣਾ ਮਨ ਬਣਾ ਚੁੱਕੇ ਹਨ। ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਵੋਟਰਾਂ ਦੀ ਸਹੂਲਤ ਅਤੇ ਨਿੱਜਤਾ ਦਾ ਵੀ ਧਿਆਨ ਰੱਖਣ।
ਇਸ ਵਾਰ ਵੀ ਦੋਵਾਂ ਮਹਿਲਾ ਉਮੀਦਵਾਰਾਂ ਨੂੰ ਮਿਲ ਰਿਹਾ ਸਮਰਥਨ
ਇਸ ਵਾਰ ਵੀ ਕਲੱਬ ਚੋਣਾਂ ਵਿਚ ਐਗਜ਼ੀਕਿਊਟਿਵ ਪੋਸਟ ਲਈ ਦੋ ਮਹਿਲਾ ਉਮੀਦਵਾਰ ਸ਼ਾਲਿਨੀ ਕਾਲੜਾ ਅਤੇ ਵਿੰਨੀ ਸ਼ਰਮਾ ਧਵਨ ਚੋਣ ਮੈਦਾਨ ਵਿਚ ਹਨ। ਪਿਛਲੀ ਵਾਰ ਵੀ ਦੋਵਾਂ ਨੇ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰਦਿਆਂ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਕਈ ਕੱਦਾਵਰ ਉਮੀਦਵਾਰਾਂ ਨੂੰ ਪਿੱਛੇ ਛੱਡ ਦਿੱਤਾ ਸੀ। ਇਸ ਵਾਰ ਵੀ ਦੋਵਾਂ ਦੀ ਸਥਿਤੀ ਮਜ਼ਬੂਤ ਮੰਨੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੇ ਆਪਣਾ ਵੋਟ ਬੈਂਕ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਲਗਾਤਾਰ ਕਲੱਬ ਮੈਂਬਰਾਂ ਦੇ ਸੰਪਰਕ ਵਿਚ ਹਨ।
ਜ਼ਿਕਰਯੋਗ ਹੈ ਕਿ ਕਲੱਬ ਵਿਚ ਦੋਵਾਂ ਮਹਿਲਾ ਉਮੀਦਵਾਰਾਂ ਨੇ ਮਹਿਲਾ ਸ਼ਕਤੀਕਰਨ ਨੂੰ ਮਜ਼ਬੂਤ ਕਰਨ ਵਿਚ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਕਲੱਬ ਵਿਚ ਪਰਿਵਾਰਕ ਮਾਹੌਲ ਬਣਾਉਣ ਵਿਚ ਵੀ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਲੱਬ ਦੀਆਂ ਮਹਿਲਾ ਮੈਂਬਰਾਨ ਉਨ੍ਹਾਂ ਨਾਲ ਗੱਲਬਾਤ ਕਰ ਕੇ ਆਪਣੀਆਂ ਸਮੱਸਿਆਵਾਂ ਆਸਾਨੀ ਨਾਲ ਮੈਨੇਜਮੈਂਟ ਤੱਕ ਪਹੁੰਚਾ ਸਕਦੀਆਂ ਹਨ। ਇਸ ਤੋਂ ਇਲਾਵਾ ਕਲੱਬ ਵਿਚ ਅਨੁਸ਼ਾਸਨ ਬਣਾਈ ਰੱਖਣ ਵਿਚ ਵੀ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾਂਦੀ ਹੈ, ਜੋ ਕਲੱਬ ਮੈਨੇਜਮੈਂਟ ਵਿਚ ਦਿਖਾਈ ਦਿੰਦੀ ਹੈ।
ਸਪੋਰਟਸ ਸਹੂਲਤਾਂ ਨੂੰ ਵਰਲਡ ਕਲਾਸ ਬਣਾਉਣ ਦਾ ਵਿਜ਼ਨ ਲੈ ਕੇ ਆਏ ਹਨ ਜੂਬਿਨ ਸ਼ੰਗਾਰੀ
ਕਲੱਬ ਚੋਣਾਂ ਵਿਚ ਐਗਜ਼ੀਕਿਊਟਿਵ ਪੋਸਟ ਲਈ ਚੋਣ ਲੜ ਰਹੇ ਜੂਬਿਨ ਸ਼ੰਗਾਰੀ ਪਿਛਲੇ ਲਗਭਗ 10 ਸਾਲਾਂ ਤੋਂ ਲਗਾਤਾਰ ਸਵੇਰੇ-ਸ਼ਾਮ ਕਲੱਬ ਆ ਰਹੇ ਹਨ ਅਤੇ ਵੱਖ-ਵੱਖ ਖੇਡ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ ਹਨ। ਕਲੱਬ ਨਾਲ ਲੰਮੇ ਸਮੇਂ ਤੋਂ ਜੁੜੇ ਹੋਣ ਕਾਰਨ ਉਹ ਨੌਜਵਾਨ ਵਰਗ ਦੀ ਨੁਮਾਇੰਦਗੀ ਵੀ ਕਰਦੇ ਹਨ।
ਇਸ ਵਾਰ ਕਲੱਬ ਚੋਣਾਂ ਵਿਚ ਨੌਜਵਾਨਾਂ ਨੂੰ ਮੌਕਾ ਦੇਣ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਵਧੇਰੇ ਉਮੀਦਵਾਰ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਗੱਲ ਕਰ ਰਹੇ ਹਨ। ਜੂਬਿਨ ਸ਼ੰਗਾਰੀ ਵੀ ਚੋਣ ਪ੍ਰਚਾਰ ਵਿਚ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਵਿਜ਼ਨ ਕਲੱਬ ਦੀਆਂ ਸਪੋਰਟਸ ਸਹੂਲਤਾਂ ਨੂੰ ਵਰਲਡ ਕਲਾਸ ਬਣਾਉਣ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲੱਬ ਦੇ ਵੇਟਰ ਸਟਾਫ਼ ਲਈ ਵਿਸ਼ੇਸ਼ ਟ੍ਰੇਨਿੰਗ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਮੈਂਬਰਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਬਾਕਸ ਕ੍ਰਿਕਟ, ਪੈਡਲ ਅਤੇ ਪਿਕਲਬਾਲ ਨੂੰ ਉਤਸ਼ਾਹਿਤ ਕਰਨ ਲਈ ਸਬਸਿਡਾਈਜ਼ਡ ਰੇਟ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਪੋਰਟਸ ਕੰਟੀਨ ਵਿਚ ਹੈਲਦੀ ਸਨੈਕਸ ਅਤੇ ਡ੍ਰਿੰਕਸ ਮੁਹੱਈਆ ਕਰਵਾਉਣਾ ਵੀ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਰਹੇਗਾ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ ਲਈ ਅਹਿਮ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜਰੀ ਦੇ ਟਿੱਪਰ ਪਿੱਛੇ ਟਰੈਕਟਰ ਲੈ ਕੇ ਜਾ ਰਿਹਾ ਟਰਾਲਾ ਟਕਰਾਇਆ, ਵੱਡੇ ਹਾਦਸੇ ਤੋਂ ਰਿਹਾ ਬਚਾਅ
NEXT STORY