ਨਵੀਂ ਦਿੱਲੀ– ਮਹਿੰਗਾਈ ਦੇ ਮੋਰਚੇ ’ਤੇ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਨਰਮੀ ਨਾਲ ਪ੍ਰਚੂਨ ਮਹਿੰਗਾਈ ਨਵੰਬਰ ’ਚ ਘਟ ਕੇ 11 ਮਹੀਨਿਆਂ ਦੇ ਹੇਠਲੇ ਪੱਧਰ 5.88 ਫੀਸਦੀ ’ਤੇ ਆ ਗਈ ਹੈ ਜੋ ਅਕਤੂਬਰ ’ਚ 6.77 ਫੀਸਦੀ ਸੀ। ਲਗਾਤਾਰ 11 ਮਹੀਨਿਆਂ ਬਾਅਦ ਪਹਿਲੀ ਵਾਰ ਮਹਿੰਗਾਈ ਦੀ ਦਰ ਆਰ. ਬੀ. ਆਈ. ਦੀ ਤੈਅ ਲਿਮਿਟ 2-6 ਫੀਸਦੀ ਦੇ ਅੰਦਰ ਆਈ ਹੈ। ਖੁਰਾਕ ਮਹਿੰਗਾਈ ’ਚ ਵੀ ਨਵੰਬਰ ’ਚ ਗਿਰਾਵਟ ਆਈ ਹੈ ਅਤੇ ਇਹ 4.67 ਫੀਸਦੀ ਰਹੀ ਹੈ। ਅਕਤੂਬਰ ’ਚ ਖੁਰਾਕ ਮਹਿੰਗਾਈ 7.01 ਫੀਸਦੀ ਸੀ।
ਨੈਸ਼ਨਲ ਸਟੈਟਿਕਸ ਆਫਿਸ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਖਪਤਕਾਰ ਮੁੱਲ ਆਧਾਰਿਤ ਮਹਿੰਗਾਈ ਜਾਂ ਪ੍ਰਚੂਨ ਮਹਿੰਗਾਈ, ਇਸ ਸਾਲ ਹਰੇਕ ਮਹੀਨੇ ਲਈ ਭਾਰਤੀ ਰਿਜ਼ਰਵ ਬੈਂਕ ਦੇ 2-6 ਫੀਸਦੀ ਟੀਚੇ ਤੋਂ ਉੱਪਰਲੇ ਬੈਂਡ ਤੋਂ ਉੱਪਰ ਬਣੀ ਹੋਈ ਸੀ ਪਰ ਨਵੰਬਰ ’ਚ ਪਹਿਲੀ ਵਾਰ ਇਹ ਆਰ. ਬੀ. ਆਈ. ਦੀ ਤੈਅ ਲਿਮਿਟ ਦੇ ਅੰਦਰ ਰਹਿਣ ’ਚ ਸਫਲ ਰਹੀ ਹੈ। ਦਰਅਸਲ ਆਰ. ਬੀ. ਆਈ. ਨੂੰ ਪ੍ਰਚੂਨ ਮਹਿੰਗਾਈ ਦਰ ਨੂੰ 2 ਤੋਂ 6 ਫੀਸਦੀ ਦਰਮਿਆਨ ਰੱਖਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ।
ਲਗਾਤਾਰ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਇਸ ਸਾਲ ਮਈ ਤੋਂ ਆਰ. ਬੀ. ਆਈ. ਨੇ ਲਗਾਤਾਰ ਰੇਪੋ ਰੇਟ ’ਚ ਵਾਧਾ ਕੀਤਾ ਸੀ, ਜਿਸ ਨਾਲ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਗਿਆ ਹੈ। ਰਿਜ਼ਰਵ ਬੈਂਕ ਨੇ ਹੁਣ ਤੱਕ ਰੇਪੋ ਦਰ ’ਚ 225 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ ਜੋ ਇਸ ਨੂੰ 6.25 ਫੀਸਦੀ ਤੱਕ ਲੈ ਜਾਂਦੀ ਹੈ। ਭਾਰਤ ਦੀ ਅਰਥਵਿਵਸਥਾ ’ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਬਾਸਕੇਟ ’ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਦਾ ਹਿੱਸਾ ਲਗਭਗ 40 ਫੀਸਦੀ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਪ੍ਰਚੂਨ ਮਹਿੰਗਾਈ ਅਕਤੂਬਰ ’ਚ 6.77 ਫੀਸਦੀ ਅਤੇ ਪਿਛਲੇ ਸਾਲ ਨਵੰਬਰ ’ਚ 4.91 ਫੀਸਦੀ ਰਹੀ ਸੀ। ਐੱਨ. ਐੱਸ. ਓ. ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਖੁਰਾਕ ਪਦਾਰਥਾਂ ਦੀ ਮਹਿੰਗਾਈ ਦਰ ਘਟ ਕੇ 4.67 ਫੀਸਦੀ ’ਤੇ ਆ ਗਿਆ ਜੋ ਇਸ ਤੋਂ ਪਿਛਲੇ ਮਹੀਨੇ ’ਚ 7.01 ਫੀਸਦੀ ਸੀ।
ਪ੍ਰਚੂਨ ਮਹਿੰਗਾਈ ਦਰ ਜਨਵਰੀ ਤੋਂ ਕੇਂਦਰੀ ਬੈਂਕ ਦੀ 6 ਫੀਸਦੀ ਦੀ ਤਸੱਲੀਬਖਸ਼ ਲਿਮਿਟ ਤੋਂ ਉੱਪਰ ਬਣੀ ਹੋਈ ਸੀ। ਹੁਣ ਇਹ 11 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਦਸੰਬਰ 2021 ’ਚ ਪ੍ਰਚੂਨ ਮਹਿੰਗਾਈ ਦਰ 5.66 ਫੀਸਦੀ ਰਹੀ ਸੀ।
ਦੇਸ਼ ਦਾ ਉਦਯੋਗਿਕ ਉਤਪਾਦਨ 4 ਫੀਸਦੀ ਘਟਿਆ
ਦੇਸ਼ ਦੇ ਨਿਰਮਾਣ ਖੇਤਰ ’ਚ ਉਤਪਾਦਨ ਘਟਣ ਅਤੇ ਮਾਈਨਿੰਗ ਅਤੇ ਊਰਜਾ ਉਤਪਾਦਨ ’ਚ ਵਾਧਾ ਕਮਜ਼ੋਰ ਰਹਿਣ ਕਾਰਨ ਅਕਤੂਬਰ ’ਚ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਵਿਚ 4 ਫੀਸਦੀ ਦੀ ਗਿਰਾਵਟ ਆਈ ਹੈ। ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਅਕਤੂਬਰ 2021 ’ਚ 4.2 ਫੀਸਦੀ ਵਧਿਆ ਸੀ। ਅੰਕੜਿਆਂ ਮੁਤਾਬਕ ਨਿਰਮਾਣ ਖੇਤਰ ਦਾ ਉਤਪਾਦਨ ਅਕਤੂਬਰ 2022 ’ਚ 5.6 ਫੀਸਦੀ ਹੇਠਾਂ ਆਇਆ। ਸਮੀਖਿਆ ਅਧੀਨ ਮਿਆਦ ’ਚ ਮਾਈਨਿੰਗ ਉਤਪਾਦਨ ’ਚ 2.5 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਅਤੇ ਬਿਜਲੀ ਉਤਪਾਦਨ 1.2 ਫੀਸਦੀ ਵਧਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਤਾਲਿਬਾਨ ਚਾਬਹਾਰ ਬੰਦਰਗਾਹ ਦੀ ਵਰਤੋਂ 'ਤੇ ਸਹਿਮਤ, ਭਾਰਤ ਸਰਕਾਰ ਨੂੰ ਭੇਜਿਆ ਸੰਦੇਸ਼
NEXT STORY