ਨਵੀਂ ਦਿੱਲੀ- ਭਾਰਤ ਇੱਕ ਵਾਰ ਫਿਰ INSTC (ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟੇਸ਼ਨ ਕੋਰੀਡੋਰ) ਨੂੰ ਲੈ ਕੇ ਸਰਗਰਮ ਹੋ ਗਿਆ ਹੈ। ਭਾਰਤ ਇਸ ਰਾਹੀਂ ਰੂਸ ਤੋਂ ਮਾਲ ਲਿਆਉਣ ਅਤੇ ਲਿਜਾਣ ਲਈ ਲੱਗਣ ਵਾਲੇ ਸਮੇਂ ਨੂੰ ਘੱਟ ਕਰਨਾ ਚਾਹੁੰਦਾ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਈਰਾਨ ਦੇ ਰਸਤੇ ਰੂਸੀ ਮਾਲ ਭਾਰਤ ਲਿਆਂਦਾ ਗਿਆ ਹੈ। ਰਿਪੋਰਟ ਮੁਤਾਬਕ ਈਰਾਨ ਦੀ ਸ਼ਿਪਿੰਗ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੂਸੀ ਸਾਮਾਨ ਦੀ ਪਹਿਲੀ ਖੇਪ ਨਵੇਂ ਰੂਟ ਰਾਹੀਂ ਭਾਰਤ ਭੇਜੀ ਗਈ ਹੈ।
ਇਸ ਨਵੇਂ ਅੰਤਰਰਾਸ਼ਟਰੀ ਵਪਾਰ ਮਾਰਗ ਰਾਹੀਂ ਰੂਸ ਨਾਲ ਵਪਾਰ ਵਧਾਉਣ ਲਈ ਈਰਾਨ ਅਤੇ ਭਾਰਤ ਨਵੇਂ ਸਿਰੇ ਤੋਂ ਕੰਮ ਕਰ ਰਹੇ ਹਨ। ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਦੀ ਦਿੱਲੀ ਫੇਰੀ ਦੌਰਾਨ ਇਸ ਮੁੱਦੇ 'ਤੇ ਚਰਚਾ ਹੋਈ ਹੈ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਦੇਸ਼ INSTC ਦੀ ਸਮਰੱਥਾ 'ਤੇ ਫਿਰ ਤੋਂ ਵਿਚਾਰ ਕਰ ਰਹੇ ਹਨ। 7200 ਕਿਲੋਮੀਟਰ ਲੰਬੇ ਇਸ ਰੂਟ ਨੂੰ ਲੈ ਕੇ ਭਾਰਤ ਦੀ ਯੋਜਨਾ ਹੈ ਕਿ ਇਸ ਜ਼ਰੀਏ ਰੂਸ, ਯੂਰਪ ਅਤੇ ਮੱਧ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚ ਬਣਾਈ ਜਾਏ ਅਤੇ ਵਪਾਰਕ ਸ਼ਿਪਮੈਂਟਾਂ ਨੂੰ ਇਨ੍ਹਾਂ ਸਥਾਨਾਂ ਤੱਕ ਪਹੁੰਚਾਉਣ ਲਈ ਲੱਗਣ ਵਾਲੇ ਸਮੇਂ ਨੂੰ ਘੱਟ ਕੀਤਾ ਜਾਵੇ।
INSTC ਕੀ ਹੈ-
INSTC 7200 ਕਿਲੋਮੀਟਰ ਲੰਬਾ ਜ਼ਮੀਨੀ ਅਤੇ ਸਮੁੰਦਰੀ ਰਸਤਾ ਹੈ। ਇਸ ਰੂਟ ਵਿੱਚ ਰੇਲ, ਸੜਕ ਅਤੇ ਸਮੁੰਦਰੀ ਮਾਰਗ ਸ਼ਾਮਲ ਹਨ। ਇਸ ਰੂਟ ਵਿੱਚ ਰੂਸ ਤੋਂ ਜ਼ਮੀਨ ਦੇ ਰਸਤੇ ਮਾਲ ਚਾਬਹਾਰ ਬੰਦਰਗਾਹ ਤੱਕ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਸਮੁੰਦਰ ਰਸਤੇ ਮਾਲ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਰੂਟ ਰਾਹੀਂ ਭਾਰਤ ਸਿੱਧੇ ਤੌਰ 'ਤੇ ਰੂਸ, ਈਰਾਨ, ਮੱਧ ਏਸ਼ੀਆ ਅਤੇ ਯੂਰਪ ਨਾਲ ਜੁੜ ਜਾਵੇਗਾ। ਇਸ ਨਾਲ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਇਸ ਨੈੱਟਵਰਕ ਨਾਲ ਯੂਰਪ ਅਤੇ ਦੱਖਣੀ ਏਸ਼ੀਆ ਵਿੱਚ ਵਪਾਰਕ ਸਬੰਧ ਮਜ਼ਬੂਤ ਹੋਣਗੇ। INSTC ਦਾ ਪ੍ਰਵੇਸ਼ ਸਥਾਨ ਰੂਸ ਵਿੱਚ Astraken ਹੈ।
ਕਿਹੜੇ ਦੇਸ਼ ਸ਼ਾਮਲ ਹਨ?
ਇਸ ਨਵੇਂ ਰੂਟ ਦੇ ਸ਼ੁਰੂ ਹੋਣ ਨਾਲ ਭਾਰਤ ਦੀ ਪਹੁੰਚ ਸਿੱਧੀ ਯੂਰੇਸ਼ੀਆ ਤੱਕ ਹੋ ਜਾਵੇਗੀ। ਮਾਲ ਦੀ ਆਵਾਜਾਈ ਵਿੱਚ ਸਮਾਂ ਅਤੇ ਲਾਗਤ ਘੱਟ ਜਾਵੇਗੀ। ਇਸੇ ਸੋਚ ਤਹਿਤ ਇੰਟਰਨੈਸ਼ਨਲ ਨਾਰਥ ਸਾਊਥ ਟਰਾਂਸਪੋਰਟੇਸ਼ਨ ਕੋਰੀਡੋਰ (INSTC) ਪ੍ਰੋਜੈਕਟ ਦੀ ਯੋਜਨਾ ਬਣਾਈ ਗਈ ਸੀ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਯੋਜਨਾ ਭਾਰਤ, ਰੂਸ ਅਤੇ ਈਰਾਨ ਨੇ ਸਾਲ 2000 ਵਿੱਚ ਸੇਂਟ ਪੀਟਰਸਬਰਗ ਵਿੱਚ ਬਣਾਈ ਸੀ। ਇਨ੍ਹਾਂ ਤਿੰਨ ਦੇਸ਼ਾਂ ਤੋਂ ਇਲਾਵਾ ਇਸ ਵਿਚ 10 ਹੋਰ ਦੇਸ਼ ਸ਼ਾਮਲ ਹਨ। ਅਜ਼ਰਬੈਜਾਨ, ਅਰਮੀਨੀਆ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕੀ, ਯੂਕਰੇਨ, ਬੇਲਾਰੂਸ, ਓਮਾਨ ਅਤੇ ਸੀਰੀਆ ਸ਼ਾਮਲ ਹਨ।
ਕੀ ਹੋਵੇਗਾ ਫ਼ਾਇਦਾ-
ਭਾਰਤ ਨੂੰ ਈਰਾਨ, ਰੂਸ ਦੇ ਰਸਤੇ ਯੂਰਪ ਜਾਣ ਦਾ ਰਸਤਾ ਮਿਲੇਗਾ। ਰੂਸ ਅਤੇ ਭਾਰਤ ਵਪਾਰ ਲਈ ਮਾਲ ਦੀ ਢੋਆ-ਢੁਆਈ ਲਈ ਸਮੁੰਦਰੀ ਮਾਰਗਾਂ ਦੀ ਵਰਤੋਂ ਕਰਦੇ ਹਨ। ਜਿਸ ਵਿੱਚ 40 ਦਿਨ ਲੱਗਦੇ ਹਨ। INSTC ਮੌਜੂਦਾ ਰੂਟ ਨਾਲੋਂ 30 ਫ਼ੀਸਦੀ ਸਸਤਾ ਅਤੇ 40 ਫ਼ੀਸਦੀ ਛੋਟਾ ਰਸਤਾ ਹੈ। ਇਹ ਰੂਟ ਭਾਰਤ ਨੂੰ ਮੱਧ ਏਸ਼ੀਆ ਅਤੇ ਯੂਰੇਸ਼ੀਆ ਦੇ ਸਰੋਤਾਂ ਨਾਲ ਭਰਪੂਰ ਖੇਤਰ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਭਾਰਤ ਦੀ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ (ਕੋਨਕੋਰ) ਅਤੇ ਰਸ਼ੀਅਨ ਰੇਲਵੇ ਲੌਜਿਸਟਿਕਸ ਜੁਆਇੰਟ ਸਟਾਕ ਕੰਪਨੀ (RZD) ਨੇ ਕਾਰਗੋ ਟਰਾਂਸਪੋਰਟੇਸ਼ਨ ਲਈ ਇੱਕ ਸਮਝੌਤਾ ਕੀਤਾ, ਜਿਸ ਦੇ ਤਹਿਤ ਇੱਕ ਹੀ ਚਾਲਾਨ ਦੇ ਆਧਾਰ 'ਤੇ INSTC ਦੇ ਅਧੀਨ ਵਪਾਰ ਹੋਵੇਗਾ।
ਚੀਨ ਦੇ ਵਨ ਬੈਲਟ ਵਨ ਰੋਡ ਨੂੰ ਟੱਕਰ-
ਭਾਰਤ INSTC ਨੂੰ ਚੀਨ ਦੇ ਵਨ ਬੈਲਟ ਵਨ ਰੋਡ ਦੇ ਟੱਕਰ ਦਾ ਬਣਾਉਣ 'ਤੇ ਕੰਮ ਕਰ ਰਿਹਾ ਹੈ। ਭਾਰਤ ਇਸ ਰਸਤੇ ਰਾਹੀਂ ਯੂਰੇਸ਼ੀਆ ਨਾਲ ਸਿੱਧਾ ਜੁੜ ਜਾਵੇਗਾ। ਭਾਰਤ INSTC ਨੂੰ ਅਫ਼ਗਾਨਿਸਤਾਨ ਨਾਲ ਜੋੜਨਾ ਚਾਹੁੰਦਾ ਹੈ। ਇਸ ਰਸਤੇ ਰਾਹੀਂ ਭਾਰਤ ਮੱਧ ਏਸ਼ੀਆ ਅਤੇ ਯੂਰਪ ਵਿੱਚ ਚੀਨ ਦੇ ਵਨ ਬੈਲਟ ਵਨ ਰੋਡ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ।
Amazon ਨੂੰ ਵੱਡਾ ਝਟਕਾ! 45 ਦਿਨਾਂ ਦੇ ਅੰਦਰ ਭਰਨਾ ਹੋਵੇਗਾ 200 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
NEXT STORY