ਨਵੀਂ ਦਿੱਲੀ— ਪ੍ਰਚੂਨ ਨਿਵੇਸ਼ਕਾਂ ਲਈ ਡਾਕਖਾਨਿਆਂ ਦੀਆਂ ਬੱਚਤ ਯੋਜਨਾਵਾਂ 'ਚ ਨਿਵੇਸ਼ ਹਮੇਸ਼ਾ ਤੋਂ ਬਿਹਤਰ ਬਦਲ ਰਿਹਾ ਹੈ। ਇਨ੍ਹਾਂ ਯੋਜਨਾਵਾਂ 'ਚ ਬਿਨਾਂ ਕਿਸੇ ਡਰ ਨਿਵੇਸ਼ ਦੇ ਨਾਲ ਬੈਂਕਾਂ ਦੀਆਂ ਬੱਚਤ ਯੋਜਨਾਵਾਂ ਦੇ ਮੁਕਾਬਲੇ ਨਾ ਸਿਰਫ ਜ਼ਿਆਦਾ ਰਿਟਰਨ ਮਿਲਦਾ ਹੈ, ਸਗੋਂ ਆਮਦਨ ਕਰ 'ਚ ਛੋਟ ਵੀ ਮਿਲਦੀ ਹੈ।
ਹਾਲ ਹੀ ਦੇ ਦਿਨਾਂ 'ਚ ਮਿਊਚੁਅਲ ਫੰਡਸ 'ਚ ਨਿਵੇਸ਼ ਤੇਜ਼ੀ ਨਾਲ ਵਧਣ ਦੇ ਬਾਵਜੂਦ ਪ੍ਰਚੂਨ ਨਿਵੇਸ਼ਕਾਂ ਵਿਚਾਲੇ ਡਾਕਖਾਨਿਆਂ ਦੀਆਂ ਬੱਚਤ ਯੋਜਨਾਵਾਂ ਕਾਫ਼ੀ ਪਸੰਦ ਕੀਤੀਆਂ ਜਾਂਦੀਆਂ ਹਨ। ਵੱਖ-ਵੱਖ ਉਮਰ ਵਰਗ ਦੇ ਹਿਸਾਬ ਨਾਲ ਇਨ੍ਹਾਂ ਯੋਜਨਾਵਾਂ 'ਚ ਨਿਵੇਸ਼ ਕਰ ਕੇ ਤੁਸੀਂ ਵੀ ਰਿਟਰਨ ਅਤੇ ਕਰ ਛੋਟ ਪਾ ਸਕਦੇ ਹੋ।
ਪਬਲਿਕ ਪ੍ਰੋਵੀਡੈਂਟ ਫੰਡ
ਕੋਈ ਵੀ ਨਾਗਰਿਕ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਦਾ ਖਾਤਾ ਡਾਕਖਾਨੇ 'ਚ ਖੋਲ੍ਹ ਸਕਦਾ ਹੈ। ਇਸ 'ਚ 1.5 ਲੱਖ ਤੱਕ ਦੇ ਸਾਲਾਨਾ ਨਿਵੇਸ਼ 'ਤੇ ਆਮਦਨ ਕਰ ਦੀ ਧਾਰਾ 80-ਸੀ ਦੇ ਤਹਿਤ ਕਰ ਛੋਟ ਮਿਲਦੀ ਹੈ। ਨਿਵੇਸ਼ ਮਿਆਦ 15 ਸਾਲ ਹੁੰਦੀ ਹੈ।
ਸੀਨੀਅਰ ਸਿਟੀਜ਼ਨ ਬੱਚਤ ਯੋਜਨਾ
ਇਹ ਯੋਜਨਾ ਸੀਨੀਅਰ ਸਿਟੀਜ਼ਨਾਂ ਨੂੰ ਲਗਾਤਾਰ ਕਮਾਈ ਦਾ ਬਦਲ ਮੁਹੱਈਆ ਕਰਵਾਉਂਦੀ ਹੈ। 60 ਸਾਲ ਜਾਂ ਜ਼ਿਆਦਾ ਉਮਰ ਦੇ ਸੀਨੀਅਰ ਸਿਟੀਜ਼ਨ ਹੀ ਇਸ 'ਚ ਨਿਵੇਸ਼ ਕਰ ਸਕਦੇ ਹਨ। ਆਮਦਨ ਕਰ ਦੀ ਧਾਰਾ 80-ਸੀ ਤਹਿਤ 1.5 ਲੱਖ ਤੱਕ ਦੇ ਨਿਵੇਸ਼ 'ਤੇ ਕਰ ਛੋਟ ਮਿਲਦੀ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ
ਇਸ ਯੋਜਨਾ ਦੇ ਤਹਿਤ 0 ਤੋਂ 10 ਸਾਲ ਦੀ ਉਮਰ ਤੱਕ ਦੀਆਂ ਬੱਚੀਆਂ ਦੇ ਨਾਂ ਖਾਤਾ ਖੋਲ੍ਹਿਆ ਜਾ ਸਕਦਾ ਹੈ। 21 ਸਾਲ ਦੀ ਉਮਰ ਪੂਰੀ ਹੋਣ 'ਤੇ ਹੀ ਇਸ ਯੋਜਨਾ ਤੋਂ ਰਾਸ਼ੀ ਦੀ ਪੂਰੀ ਨਿਕਾਸੀ ਸੰਭਵ ਹੈ।
ਰਾਸ਼ਟਰੀ ਬੱਚਤ ਪੱਤਰ
ਐੱਨ. ਐੱਸ. ਸੀ. 'ਚ ਨਿਵੇਸ਼ ਦੀ ਮਿਆਦ ਮੌਜੂਦਾ 'ਚ 5 ਸਾਲ ਹੈ। ਵਿਆਜ ਹਰ 6 ਮਹੀਨੇ ਬਾਅਦ ਜਮ੍ਹਾ ਰਾਸ਼ੀ 'ਚ ਜੁੜ ਕੇ ਮਿਸ਼ਰਤ ਵਿਆਜ ਦੇ ਹਿਸਾਬ ਨਾਲ ਵਧਦਾ ਹੈ। 1.5 ਲੱਖ ਰੁਪਏ ਤੱਕ ਕਰ ਛੋਟ ਹੈ।
ਟਾਈਮ ਡਿਪਾਜ਼ਿਟ ਅਕਾਊਂਟ (ਟੀ. ਡੀ. ਏ.)
ਪੋਸਟ ਆਫਿਸ ਟਾਈਮ ਡਿਪਾਜ਼ਿਟ ਅਕਾਊਂਟ 'ਚ 5 ਸਾਲ ਦੀ ਮਿਆਦ ਤੱਕ ਨਿਵੇਸ਼ ਕਰਨ 'ਤੇ ਕਰ ਛੋਟ ਮਿਲਦੀ ਹੈ। 5 ਸਾਲ ਦੇ ਨਿਵੇਸ਼ 'ਤੇ 7.4 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ। ਘੱਟੋ-ਘੱਟ 2000 ਰੁਪਏ ਨਾਲ ਨਿਵੇਸ਼ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਖਾਤੇ 'ਚ ਜਮ੍ਹਾ ਰਕਮ ਨੂੰ ਇਕ ਡਾਕਖਾਨੇ ਤੋਂ ਦੂਜੇ ਡਾਕਖਾਨੇ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ।
ਪਾਕਿ ਸਰਕਾਰ ਸਾਹਮਣੇ ਵੱਡਾ ਆਰਥਿਕ ਸੰਕਟ, ਸਤੰਬਰ ਦੇ ਅਖੀਰ ਤੱਕ ਚੁਕਾਉਣਾ ਹੈ 25.5 ਕਰੋੜ ਕਰਜ਼ਾ
NEXT STORY