ਨਵੀਂ ਦਿੱਲੀ, (ਭਾਸ਼ਾ)— ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਦਰ ਪੂਨਾਵਾਲਾ ਨੇ ਸਵਾਲ ਕੀਤਾ ਹੈ ਕਿ ਕੀ ਸਰਕਾਰ ਕੋਰੋਨਾ ਵਾਇਰਸ ਦੇ ਟੀਕੇ ਨੂੰ ਖਰੀਦਣ ਅਤੇ ਉਸ ਦੇ ਡਿਸਟ੍ਰੀਬਿਊਸ਼ਨ ਲਈ 80,000 ਕਰੋੜ ਰੁਪਏ ਦਾ ਇੰਤਜ਼ਾਮ ਕਰੇਗੀ?
ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਵੱਲੋਂ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਕੋਰੋਨਾ ਵਾਇਰਸ ਦੇ ਸੰਭਾਵਿਤ ਟੀਕੇ ਦਾ ਉਤਪਾਦਨ ਕੀਤਾ ਜਾ ਰਿਹਾ ਹੈ।
ਪੂਨਾਵਾਲਾ ਨੇ ਟਵੀਟ ਕੀਤਾ, ''ਕੀ ਭਾਰਤ ਸਰਕਾਰ ਕੋਲ ਅਗਲੇ ਇਕ ਸਾਲ ਦੌਰਾਨ 80,000 ਕਰੋੜ ਰੁਪਏ ਉਪਲਬਧ ਹੋਣਗੇ? ਭਾਰਤ 'ਚ ਸਭ ਲਈ ਟੀਕਾ ਖਰੀਦਣ ਅਤੇ ਉਸ ਦੀ ਵੰਡ ਕਰਨ ਲਈ ਇੰਨੇ ਰੁਪਿਆ ਦੀ ਜ਼ਰੂਰਤ ਹੋਵੇਗੀ।'' ਉਨ੍ਹਾਂ ਨੇ ਟਵੀਟ 'ਚ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੂੰ ਵੀ ਟੈਗ ਕੀਤਾ ਹੈ। ਪੂਨਾਵਾਲਾ ਨੇ ਕਿਹਾ ਕਿ ਇਹ ਅਗਲੀ ਚੁਣੌਤੀ ਹੈ ਜਿਸ ਨਾਲ ਸਾਨੂੰ ਜੂਝਣਾ ਹੋਵੇਗਾ।
ਉਨ੍ਹਾਂ ਕਿਹਾ, ''ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਭਾਰਤ ਤੇ ਵਿਦੇਸ਼ ਦੇ ਟੀਕਾ ਨਿਰਮਾਤਾ ਖਰੀਦ ਤੇ ਵੰਡ ਦੇ ਮਾਮਲੇ 'ਚ ਸਾਡੇ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰ ਸਕਣ, ਇਸ ਲਈ ਯੋਜਨਾ ਅਤੇ ਦਿਸ਼ਾ ਦੀ ਜ਼ਰੂਰਤ ਹੈ।'' ਐੱਸ. ਆਈ. ਆਈ. ਨੇ ਆਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਵੱਲੋਂ ਵਿਕਸਤ ਸੰਭਾਵਿਤ ਟੀਕੇ ਦਾ ਬ੍ਰਿਟੇਨ-ਸਵੀਡਨ ਦੀ ਫਾਰਮਾ ਕੰਪਨੀ ਅਸਟ੍ਰਾਜੈਨੇਕਾ ਨਾਲ ਸਹਿਯੋਗ ਲਈ ਕਰਾਰ ਕੀਤਾ ਹੈ। ਇਸ ਤੋਂ ਪਹਿਲਾਂ ਐੱਸ. ਆਈ. ਆਈ. ਨੇ ਘੋਸ਼ਣਾ ਕੀਤੀ ਸੀ ਕਿ ਉਹ ਭਾਰਤ ਸਮੇਤ ਗਰੀਬ ਅਤੇ ਦਰਮਿਆਨੀ ਆਮਦਨ ਵਰਗ ਦੇਸ਼ਾਂ ਨੂੰ ਇਹ ਟੀਕਾ ਤਿੰਨ ਡਾਲਰ 'ਚ ਉਪਲਬਧ ਕਰਾਏਗੀ।
ਸੋਨੇ-ਚਾਂਦੀ 'ਚ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ, ਇੰਨੀ ਰਹਿ ਗਈ ਕੀਮਤ
NEXT STORY