ਲੁਧਿਆਣਾ-ਜ਼ਿਲਾ ਖਪਤਕਾਰ ਫੋਰਮ ਲੁਧਿਆਣਾ ਨੇ ਇਕ ਸ਼ੋਅਰੂਮ ਵੱਲੋਂ ਖਪਤਕਾਰ ਤੋਂ 91.90 ਰੁਪਏ ਜ਼ਿਆਦਾ ਵਸੂਲਣ ਦਾ ਸਖਤ ਨੋਟਿਸ ਲਿਆ। ਫੋਰਮ ਨੇ ਅਰਵਿੰਦ ਲਾਈਫ ਸਟਾਈਲ ਬਰਾਂਡਸ ਲਿਮਟਿਡ ਸਿਲਵਰ ਆਰਕ ਮਾਲ ਫਿਰੋਜ਼ਪੁਰ ਰੋਡ ਲੁਧਿਆਣਾ ਨੂੰ 4000 ਰੁਪਏ ਜੁਰਮਾਨਾ ਰਾਸ਼ੀ ਖਪਤਕਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਪੁਨੀਤ ਵਿਨਾਇਕ ਵਾਸੀ ਗਰੀਨ ਐਵੇਨਿਊ ਅੰਮ੍ਰਿਤਸਰ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਸ ਨੇ ਅਰਵਿੰਦ ਲਾਈਫ ਸਟਾਈਲ ਤੋਂ ਇਕ ਪ੍ਰੋਡਕਟ ਖਰੀਦਿਆ ਸੀ, ਜਿਸ ਦੀ ਕੀਮਤ 1899 ਰੁਪਏ ਸੀ ਅਤੇ ਉਸ 'ਤੇ 20 ਫ਼ੀਸਦੀ ਡਿਸਕਾਊਂਟ ਹੋਣ ਕਾਰਨ ਉਹ 1519 ਰੁਪਏ ਦਾ ਰਹਿ ਗਿਆ ਸੀ ਤਾਂ ਉਨ੍ਹਾਂ ਤੋਂ 91.90 ਰੁਪਏ ਵੈਟ ਦੇ ਨਾਂ 'ਤੇ ਜ਼ਿਆਦਾ ਵਸੂਲ ਕਰਦਿਆਂ ਸ਼ੋਅਰੂਮ ਸੰਚਾਲਕਾਂ ਨੇ 1610 ਰੁਪਏ ਚਾਰਜ ਕਰ ਲਏ ਗਏ। ਇਸ ਸਬੰਧ 'ਚ ਜਦੋਂ ਸ਼ੋਅਰੂਮ ਮਾਲਕ ਨੂੰ ਨੋਟਿਸ ਭੇਜਿਆ ਗਿਆ ਤਾਂ ਉਹ ਫੋਰਮ 'ਚ ਹਾਜ਼ਰ ਨਹੀਂ ਹੋਇਆ, ਜਿਸ ਕਾਰਨ ਉਸ ਨੂੰ ਐਕਸ ਪਾਰਟੀ ਕਰ ਦਿੱਤਾ ਗਿਆ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਜੀ. ਕੇ. ਧੀਰ ਅਤੇ ਮੈਂਬਰ ਪਰਮਜੀਤ ਸਿੰਘ ਨੇ ਸ਼ਿਕਾਇਤਕਰਤਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਆਪਣਾ ਫੈਸਲਾ ਸੁਣਾਇਆ ਕਿ ਦੁਕਾਨਦਾਰ ਨੇ ਸ਼ਿਕਾਇਤਕਰਤਾ ਤੋਂ 91.90 ਰੁਪਏ ਜ਼ਿਆਦਾ ਵਸੂਲ ਕੀਤੇ ਸਨ, ਜੋ ਗਲਤ ਹੈ। ਫੋਰਮ ਨੇ ਸ਼ੋਅਰੂਮ ਮਾਲਕ ਨੂੰ ਹੁਕਮ ਦਿੱਤਾ ਕਿ ਉਹ ਸ਼ਿਕਾਇਤਕਰਤਾ ਤੋਂ ਵਸੂਲੀ ਗਈ ਵਾਧੂ ਰਾਸ਼ੀ ਨੂੰ 6 ਫ਼ੀਸਦੀ ਵਿਆਜ ਸਮੇਤ ਵਾਪਸ ਕਰੇ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਦੀ ਇਵਜ 'ਚ 2000 ਰੁਪਏ ਜੁਰਮਾਨਾ ਅਤੇ ਕੇਸ ਦੇ ਖਰਚੇ ਦਾ 2000 ਰੁਪਏ ਵੱਖਰੇ ਤੌਰ 'ਤੇ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਜੂਨ ਤੱਕ 50 ਕਰੋੜ ਦੇ ਪਾਰ ਹੋਣਗੇ ਇੰਟਰਨੈੱਟ ਯੂਜ਼ਰਸ
NEXT STORY