ਆਟੋ ਡੈਸਕ– ਮਹਿੰਦਰਾ ਐਂਡ ਮਹਿੰਦਰਾ ਮੋਹਾਲੀ ’ਚ ਆਪਣਾ ਨਵਾਂ ਟਰੈਕਟਰ ਪਲਾਂਟ ਸਥਾਪਿਤ ਕਰੇਗੀ। ਇਹ ਟਰੈਕਟਰ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਵਲੋਂ ਪਿਛਲੇ ਇਕ ਦਹਾਕੇ ’ਚ ਸਥਾਪਿਤ ਹੋਣ ਵਾਲਾ ਪਹਿਲਾ ਪਲਾਂਟ ਹੋਵੇਗਾ। ਕੰਪਨੀ ਨੇ ਘਰੇਲੂ ਮੰਗ ਤੋਂ ਉਤਸ਼ਾਹਿਤ ਹੋ ਕੇ ਇਕ ਨਵਾਂ ਨਿਰਮਾਣ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ।
ਪਹਿਲੇ ਪੜਾਅ ’ਚ ਪਲਾਂਟ ਦੀ ਸਮਰੱਥਾ ਸਾਲਾਨਾ 30,000 ਟਰੈਕਟਰਾਂ ਦੇ ਉਤਪਾਦਨ ਦੀ ਹੋਵੇਗੀ। ਮਹਿੰਦਰਾ ਐਂਡ ਮਹਿੰਦਰਾ ਨੇ 2012 ’ਚ ਤੇਲੰਗਾਨਾ ਦੇ ਜਹੀਰਾਬਾਦ ’ਚ ਇਕ ਪਲਾਂਟ ਸਥਾਪਿਤ ਕੀਤਾ ਸੀ। ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਬਾਜ਼ਾਰ ’ਚ ਪਿਛਲੇ ਕੁੱਝ ਮਹੀਨਿਆਂ ਤੋਂ ਮੰਗ ਵਧ ਰਹੀ ਹੈ ਜਦ ਕਿ 2022 ’ਚ ਇਥੇ ਵਾਧੇ ਦੀ ਰਫਤਾਰ ਥੋੜੀ ਸੁਸਤ ਪੈ ਗਈ ਸੀ।
400 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼
ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਅਤੇ ਫਾਰਮ ਉਪਕਰਨ ਖੇਤਰ ਦੇ ਮੁਖੀ ਹੇਮੰਤ ਸਿੱਕਾ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਅਸੀਂ ਉਦਯੋਗ ’ਚ ਤੇਜ਼ ਵਾਧਾ ਦਰਜ ਕੀਤਾ ਹੈ। ਅਸੀਂ ਆਪਣੀ ਸਮਰੱਥਾ ਨੂੰ ਬਿਹਤਰ ਕਰਨ ਲਈ ਮੋਹਾਲੀ ’ਚ ਇਕ ਨਵਾਂ ਪਲਾਂਟ ਸਥਾਪਿਤ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਅਤੇ ਇਸ ’ਤੇ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।
ਮੋਹਾਲੀ ਪਲਾਂਟ ਤੋਂ ਸਾਨੂੰ ਇਸ ਸਾਲ ਦੇ ਅਖੀਰ ਤੱਕ ਪਹਿਲਾ ਟਰੈਕਟਰ ਮਿਲਣ ਦੀ ਉਮੀਦ ਹੈ। ਇਹ ਪਲਾਂਟ ਸਵਰਾਜ ਟਰੈਕਟਰਜ਼ ਦੀ ਮੌਜੂਦਾ ਇਕਾਈ ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹੋਵੇਗਾ।
ਸਿੱਕਾ ਨੇ ਕਿਹਾ ਕਿ ਮਹਾਰਾਸ਼ਟਰ, ਗੁਜਰਾਤ ਅਤੇ ਤੇਲੰਗਨਾ ’ਚ ਮਹਿੰਦਰਾ ਐਂਡ ਮਹਿੰਦਰਾ ਦੇ ਮੌਜੂਦਾ ਪਲਾਂਟ 90 ਫੀਸਦੀ ਸਮਰੱਥਾ ਵਰਤੋਂ ਨਾਲ ਆਪ੍ਰੇਟਿੰਗ ’ਚ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਲਾਂਟਾਂ ’ਚ ਸਮਰੱਥਾ ਵਿਸਤਾਰ ਦੀ ਕੋਈ ਗੁੰਜਾਇਸ਼ ਨਹੀਂ ਹੈ।
ਕੰਪਨੀ ਦੀ ਬਾਜ਼ਾਰ ’ਚ ਹਿੱਸੇਦਾਰੀ 40 ਫੀਸਦੀ ਵਧੀ
ਸਿੱਕਾ ਨੇ ਕਿਹਾ ਕਿ ਨਵੇਂ ਪਲਾਂਟ ਤੋਂ ਸਿਰਫ ਘਰੇਲੂ ਮੰਗ ਲਈ ਸਪਲਾਈ ਕੀਤੀ ਜਾਵੇਗੀ ਜਦ ਕਿ ਜਹੀਰਾਬਾਦ ਅਤੇ ਨਾਗਪੁਰ ਪਲਾਂਟਾਂ ਤੋਂ ਐਕਸਪੋਰਟ ਕੀਤੀ ਜਾਵੇਗੀ। ਨਵੇਂ ਪਲਾਂਟ ’ਚ ਨਿਵੇਸ਼ ਦੀ ਪਹਿਲ ਅਜਿਹੇ ਸਮੇਂ ’ਚ ਕੀਤੀ ਗਈ ਹੈ ਜਦੋਂ ਵਿੱਤੀ ਸਾਲ 2022 ’ਚ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਸਾਲਾਨਾ ਆਧਾਰ ’ਤੇ 38.2 ਫੀਸਦੀ ਵਧ ਕੇ 40 ਫੀਸਦੀ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2021-22 ’ਚ ਕੰਪਨੀ ਦੀ ਘਰੇਲੂ ਵਿਕਰੀ 2 ਫੀਸਦੀ ਘਟ ਕੇ 3,37,052 ਟਰੈਕਟਰ ਰਹਿ ਗਈ ਜਦ ਕਿ ਵਿੱਤੀ ਸਾਲ 2022-2023 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 50 ਫੀਸਦੀ ਵਧ ਕੇ 73,558 ਟਰੈਕਟਰ ਹੋ ਗਈ ਹੈ।
ਐੱਮ. ਐੱਸ. ਪੀ. ’ਚ ਵਾਧੇ ਨਾਲ ਵਧੀ ਮੰਗ
ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਵਾਧੇ, ਚੰਗੇ ਮਾਨਸੂਨ ਦੀ ਭਵਿੱਖਬਾਣੀ ਅਤੇ ਪੇਂਡੂ ਅਰਥਵਿਵਸਥਾ ’ਚ ਸੁਧਾਰ ਦੇ ਹੋਰ ਸੰਕੇਤਕਾਂ ਨਾਲ ਅਪ੍ਰੈਲ ਅਤੇ ਮਈ ’ਚ ਕੰਪਨੀ ਦੀ ਟਰੈਕਟਰ ਵਿਕਰੀ ਨੂੰ ਰਫਤਾਰ ਮਿਲੀ ਹੈ।
ਸਿੱਕਾ ਭਾਰਤ ’ਚ ਟਰੈਕਟਰ ਬਾਜ਼ਾਰ ਲਈ ਅੱਗੇ ਦਮਦਾਰ ਦ੍ਰਿਸ਼ ਨੂੰ ਲੈ ਕੇ ਆਸਵੰਦ ਹਨ। ਇਸ ਲਈ ਕੰਪਨੀ ਆਉਂਦੇ ਮਹੀਨਿਆਂ ਦੌਰਾਨ ਸਾਲਾਨਾ ਆਧਾਰ ’ਤੇ 100 ਫੀਸਦੀ ਵਾਧਾ ਹਾਸਲ ਕਰਨ ਲਈ ਯੁਵੋ ਵਰਗੇ ਨਵੇਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਟਰੈਕਟਰ ਉਦਯੋਗ ਇਸ ਵਿੱਤੀ ਸਾਲ ਨੂੰ ਹੇਠਲੇ ਸਿੰਗਲ ਅੰਕ ਦੇ ਵਾਧੇ ਨਾਲ ਅਲਵਿਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜੇ ਮਾਨਸੂਨ ਚੰਗਾ ਰਿਹਾ ਤਾਂ ਅਨੁਮਾਨ ’ਚ ਵਾਧਾ ਵੀ ਹੋ ਸਕਦਾ ਹੈ।
‘ਰਿਜ਼ਰਵ ਬੈਂਕ ਦੇ ਨਿਯਮ-ਕਾਨੂੰਨਾਂ ਦੀ ਸਮੇਂ-ਸਮੇਂ ’ਤੇ ਸਮੀਖਿਆ ਦੀ ਲੋੜ’
NEXT STORY