ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਵਿਕਰੀ ’ਚ ਬੀਤੇ ਮਹੀਨੇ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਅਪ੍ਰੈਲ 2023 ’ਚ ਉਸ ਦੀ ਕੁੱਲ ਥੋਕ ਵਿਕਰੀ 7 ਫ਼ੀਸਦੀ ਵਧ ਕੇ 1,60,529 ਰਹੀ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਯਾਨੀ ਅਪ੍ਰੈਲ 2022 ’ਚ ਕੰਪਨੀ ਨੇ ਡੀਲਰਾਂ ਨੂੰ 1,50,661 ਗੱਡੀਆਂ ਭੇਜੀਆਂ ਸਨ। ਕੰਪਨੀ ਦੀ ਘਰੇਲੂ ਵਿਕਰੀ ਅਪ੍ਰੈਲ 2023 ’ਚ ਸਾਲਾਨਾ ਆਧਾਰ ’ਤੇ 9 ਫ਼ੀਸਦੀ ਵਧ ਕੇ 1,43,558 ਹੋ ਗਈ। ਆਲਟੋ ਅਤੇ ਐੱਸ-ਪ੍ਰੈੱਸ ਵਰਗੀਆਂ ਛੋਟੀਆਂ ਕਾਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 18 ਫ਼ੀਸਦੀ ਘਟ ਕੇ 14,110 ਰਹਿ ਗਈ। ਕੰਪੈਕਟ ਸੇਗਮੈਂਟ ਦੀ ਵਿਕਰੀ 27 ਫ਼ੀਸਦੀ ਵਧ ਕੇ 74,935 ਹੋ ਗਈ।
ਇਹ ਵੀ ਪੜ੍ਹੋ- ਯੂਰਪ ’ਚ ਰਿਫਾਇੰਡ ਪੈਟਰੋਲ ਉਤਪਾਦਾਂ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਭਾਰਤ
ਦੱਸ ਦੇਈਏ ਕਿ ਇਸ ਸੈਗਮੈਂਟ ’ਚ ਮਾਰੂਤੀ ਦੀ ਸਵਿਫਟ, ਸੇਲੇਰੀਓ, ਇਗ੍ਰਿਸ, ਬਲੈਨੋ ਅਤੇ ਡਿਜ਼ਾਇਰ ਵਰਗੀਆਂ ਗੱਡੀਆਂ ਸ਼ਾਮਲ ਹਨ। ਐੱਮ. ਐੱਸ. ਆਈ. ਨੇ ਕਿਹਾ ਕਿ ਬ੍ਰੇਜਾ, ਗ੍ਰੈਂਡ ਵਿਟਾਰਾ ਅਤੇ ਆਰਟਿਗਾ ਵਰਗੇ ਯੂਟੀਲਿਟੀ ਵਾਹਨਾਂ ਦੀ ਵਿਕਰੀ 8 ਫ਼ੀਸਦੀ ਵਧ ਕੇ 36,754 ਹੋ ਗਈ। ਹਾਲਾਂਕਿ ਐਕਸਪੋਰਟ ਪਿਛਲੇ ਸਾਲ ਅਪ੍ਰੈਲ ’ਚ 18,413 ਯੂਨਿਟਸ ਦੀ ਤੁਲਣਾ ’ਚ 8 ਫ਼ੀਸਦੀ ਘਟ ਕੇ 16,971 ਯੂਨਿਟ ਰਹਿ ਗਈ। ਉਧਰ ਟਾਟਾ ਮੋਟਰਜ਼ ਨੇ ਦੱਸਿਆ ਕਿ ਅਪ੍ਰੈਲ 2023 ’ਚ ਉਸ ਦੀ ਕੁੱਲ ਥੋਕ ਵਿਕਰੀ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ 4 ਫ਼ੀਸਦੀ ਘਟ ਕੇ 69,599 ਯੂਨਿਟ ਰਹਿ ਗਈ। ਕੰਪਨੀ ਨੇ ਅਪ੍ਰੈਲ 2022 ’ਚ 72,468 ਗੱਡੀਆਂ ਵੇਚੀਆਂ ਸਨ।
ਕਾਰ ਬਣਾਉਣ ਵਾਲੀ ਦੇਸ਼ ਦੀ ਦਿੱਗਜ਼ ਕੰਪਨੀ ਨੇ ਦੱਸਿਆ ਕਿ ਪਿਛਲੇ ਮਹੀਨੇ ਦੇਸ਼ ਦੇ ਅੰਦਰ ਕੰਪਨੀ ਦੀ ਕੁੱਲ ਵਿਕਰੀ 4 ਫ਼ੀਸਦੀ ਘਟ ਕੇ 68,514 ਯੂਨਿਟ ਰਹਿ ਗਈ, ਜਦਕਿ ਅਪ੍ਰੈਲ 2022 ’ਚ ਕੰਪਨੀ ਨੇ 71,467 ਗੱਡੀਆਂ ਵੇਚੀਆਂ ਸਨ। ਕੰਪਨੀ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਮਹੀਨੇ ’ਚ ਯਾਤਰੀ ਵ੍ਹੀਕਲ ਦੀ ਵਿਕਰੀ 13 ਫ਼ੀਸਦੀ ਵਧ ਕੇ 47,107 ਰਹੀ, ਜਦਕਿ ਅਪ੍ਰੈਲ 2022 ’ਚ ਕੰਪਨੀ ਨੇ 41,630 ਯਾਤਰੀ ਗੱਡੀਆਂ ਵੇਚੀਆਂ ਸਨ। ਕੰਪਨੀ ਦੇ ਕਮਰਸ਼ੀਅਲ ਵ੍ਹੀਕਲ ਦੀ ਵਿਕਰੀ ਅਪ੍ਰੈਲ 2023 ’ਚ 27 ਫ਼ੀਸਦੀ ਘਟ ਕੇ 22,492 ਰਹੀ।
ਇਹ ਵੀ ਪੜ੍ਹੋ- ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਲਈ ਸ਼ੁਰੂ ਕੀਤੀਆਂ ਪੈਨਸ਼ਨ ਯੋਜਨਾਵਾਂ ਪਈਆਂ ਸੁਸਤ, ਰਜਿਸਟਰਡ ਲੋਕਾਂ ਦੀ ਗਿਣਤੀ ਘਟੀ
ਹੁੰਡਈ ਮੋਟਰ ਇੰਡੀਆ ਨੇ ਦੱਸਿਆ ਕਿ ਅਪ੍ਰੈਲ 2023 ’ਚ ਉਸ ਦੀ ਕੁੱਲ ਵਿਕਰੀ 3.5 ਫ਼ੀਸਦੀ ਵਧ ਕੇ 58,201 ਰਹੀ, ਜਦ ਕਿ ਅਪ੍ਰੈਲ 2022 ’ਚ ਕੰਪਨੀ ਨੇ 56,201 ਗੱਡੀਆਂ ਡਿਸਪੈਚ ਕੀਤੀਆਂ। ਹੁੰਡਈ ਨੇ ਅਪ੍ਰੈਲ 2022 ’ਚ12,200 ਗੱਡੀਆਂ ਦਾ ਐਕਸਪੋਰਟ ਕੀਤਾ ਸੀ, ਜਦਕਿ ਇਸ ਸਾਲ ਅਪ੍ਰੈਲ ’ਚ ਘਟ ਕੇ 8,500 ਯੂਨਿਟ ਰਹਿ ਗਈ। ਕੀਆ ਇੰਡੀਆ ਨੇ ਦੱਸਿਆ ਕਿ ਅਪ੍ਰੈਲ ’ਚ ਉਸ ਦੀ ਥੋਕ ਵਿਕਰੀ 22 ਫ਼ੀਸਦੀ ਵਧ ਕੇ 23,216 ਹੋ ਗਈ। ਕੀਆ ਨੇ ਕਿਹਾ ਕਿ ਪਿਛਲੇ ਮਹੀਨੇ ਸੋਨੇਟ ਨੇ 9,744 ਯੂਨਿਟ ਨਾਲ ਕੁੱਲ ਵਿਕਰੀ ’ਚ ਸਭ ਤੋਂ ਵੱਧ ਯੋਗਦਾਨ ਦਿੱਤਾ। ਕੰਪਨੀ ਨੇ ਕਿਹਾ ਕਿ ਦੇਸ਼ ਦੇ ਅੰਦਰ ਸੇਲਟੋਸ ਅਤੇ ਕੈਰਨਸ ਨੇ ਕ੍ਰਮਵਾਰ : 7,213 ਯੂਨਿਟ ਅਤੇ 6,107 ਯੂਨਿਟ ਦੀ ਵਿਕਰੀ ਦਰਜ ਕੀਤੀ।
ਐੱਮ. ਜੀ. ਮੋਟਰ ਨੇ ਅਪ੍ਰੈਲ 2022 ਦੀ ਤੁਲਣਾ ’ਚ ਵਿਕਰੀ ਦੇ ਮਾਮਲੇ ’ਚ ਅਪ੍ਰੈਲ 2023 ’ਚ ਦੋ ਗੁਣਾ ਬੜ੍ਹਤ ਹਾਸਲ ਕੀਤੀ। ਕੰਪਨੀ ਨੇ ਬੀਤੇ ਮਹੀਨੇ 4,551 ਗੱਡੀਆਂ ਵੇਚੀਆਂ। ਐੱਮ. ਜੀ. ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਗੱਡੀਆਂ ’ਚ ਹੈਕਟਰ ਅਤੇ ਐੱਸ. ਯੂ. ਵੀ. ਦੀ ਹਿੱਸੇਦਾਰੀ ਕਰੀਬ 70 ਫ਼ੀਸਦੀ ਰਹੀ। ਅਪ੍ਰੈਲ 2023 ਦੇ ਅੰਕੜੇ ਮਾਰਚ 2023 ਵਿਚ ਵੇਚੀਆਂ ਗਈਆਂ 6,051 ਇਕਾਈਆਂ ਦੀ ਤੁਲਣਾ ’ਚ ਘੱਟ ਹਨ। ਇਸ ਤੋਂ ਇਲਾਵਾ ਟੋਯੋਟਾ ਕਿਰਲੋਸਕਰ ਮੋਟਰ ਨੇ ਦੱਸਿਆ ਕਿ ਅਪ੍ਰੈਲ 2023 ’ਚ ਉਸ ਦੀ ਥੋਕ ਵਿਕਰੀ 6 ਫ਼ੀਸਦੀ ਘਟ ਕੇ 14,162 ਇਕਾਈ ਰਹਿ ਗਈ। ਟੋਯੋਟਾ ਨੇ ਇਸ ਸਾਲ ਅਪ੍ਰੈਲ ਮਹੀਨੇ ’ਚ ਅਰਬਨ ਕਰੂਜ਼ਰ ਹਾਈਰਾਈਡਰ ਦੀਆਂ 1,348 ਇਕਾਈਆਂ ਦਾ ਐਕਸਪੋਰਟ ਵੀ ਕੀਤਾ।
ਇਹ ਵੀ ਪੜ੍ਹੋ- GST ਕੁਲਕੈਸ਼ਨ ਅਪ੍ਰੈਲ ’ਚ 1.87 ਲੱਖ ਕਰੋੜ ਰੁਪਏ ਦੇ ਰਿਕਾਰਡ ’ਤੇ ਪੁੱਜਾ
ਅਪ੍ਰੈਲ 2023 ’ਚ ਨਿਸਾਨ ਮੋਟਰ ਇੰਡੀਆ ਦੀ ਥੋਕ ਵਿਕਰੀ 24 ਫ਼ੀਸਦੀ ਵਧ ਕੇ 2,617 ਰਹੀ, ਜਦਕਿ ਪਿਛਲੇ ਸਾਲ ਇਸੇ ਸਮੇਂ ਕੰਪਨੀ ਨੇ 2,110 ਗੱਡੀਆਂ ਡਿਸਪੈਚ ਕੀਤੀਆਂ ਸਨ। ਨਿਸਾਨ ਨੇ ਪਿਛਲੇ ਮਹੀਨੇ 632 ਗੱਡੀਆਂ ਦਾ ਐਕਸਪੋਰਟ ਵੀ ਕੀਤਾ।
ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।
ਨਵੇਂ ਆਰਡਰ ਅਤੇ ਉਤਪਾਦਨ ’ਚ ਵਾਧੇ ਨਾਲ ਨਿਰਮਾਣ ਖੇਤਰ 4 ਮਹੀਨਿਆਂ ਦੇ ਉੱਚ ਪੱਧਰ ’ਤੇ
NEXT STORY