ਨਵੀਂ ਦਿੱਲੀ - ਯੂ. ਐੱਸ. ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਪੂਰੀ ਦੁਨੀਆ ਦੇ ਬਾਜ਼ਾਰਾਂ ਦਾ ਹਾਲ ਬੇਹਾਲ ਹੈ। ਪੈਟਰੋਲ-ਡੀਜ਼ਲ ਅਤੇ ਕਰੂਡ ਆਇਲ ਦੀ ਕਮੀ ਅਤੇ ਕੀਮਤਾਂ ’ਚ ਵਾਧੇ ਨਾਲ ਜਨਤਾ ਪ੍ਰੇਸ਼ਾਨ ਹੈ ਤੇ ਉੱਥੇ ਹੀ ਹੁਣ ਚੌਲਾਂ ਦੀ ਬਰਾਮਦ ਵੀ ਪ੍ਰਭਾਵਿਤ ਹੋ ਰਹੀ ਹੈ। ਵਣਜ ਮੰਤਰਾਲਾ ਮੁਤਾਬਕ ਮੱਧ-ਪੂਰਬੀ ਦੇਸ਼ਾਂ ਸਮੇਤ ਕਈ ਰਸਤਿਆਂ ’ਤੇ ਸ਼ਿਪਮੈਂਟ ’ਚ ਕਮੀ ਦੇਖਣ ਨੂੰ ਮਿਲੀ ਹੈ, ਜਿਸ ਦੀ ਵਜ੍ਹਾ ਨਾਲ ਬਰਾਮਦ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ।
ਭਾਰਤ ਗਲੋਬਲ ਪੱਧਰ ’ਤੇ ਚੌਲਾਂ ਦਾ ਵੱਡਾ ਉਤਪਾਦਕ ਹੈ ਪਰ ਮੌਜੂਦਾ ਹਾਲਾਤਾਂ ਨੂੰ ਵੇਖ ਕੇ ਇਹ ਬਾਜ਼ਾਰ ਠੱਪ ਜਿਹਾ ਨਜ਼ਰ ਆ ਰਿਹਾ ਹੈ। ਹਾਲ ਹੀ ’ਚ ਆਈ ਵਣਜ ਮੰਤਰਾਲਾ ਦੀ ਰਿਪੋਰਟ ਮੁਤਾਬਕ ਚੌਲਾਂ ਦੀ ਬਰਾਮਦ ਮਾਲੀ ਸਾਲ 2025-26 ’ਚ 7.5 ਫੀਸਦੀ ਘਟ ਕੇ 11.53 ਅਰਬ ਡਾਲਰ ਹੀ ਬਚੀ ਹੈ। ਉੱਥੇ ਹੀ, ਜੇ ਗੱਲ ਕਰੀਏ ਮਾਰਚ ਦੀ, ਤਾਂ ਇਸ ਮਹੀਨੇ ’ਚ 15.36 ਫੀਸਦੀ ਦੀ ਗਿਰਾਵਟ ਨਾਲ ਬਰਾਮਦ 99.75 ਕਰੋੜ ਡਾਲਰ ’ਤੇ ਪਹੁੰਚ ਗਈ ਹੈ।
ਇਨ੍ਹਾਂ ਦੇਸ਼ਾਂ ਦੀ ਸ਼ਿਪਮੈਂਟ ਹੋ ਰਹੀ ਹੈ ਪ੍ਰਭਾਵਿਤ
ਈਰਾਨ ਸਭ ਤੋਂ ਵੱਧ ਮਾਤਰਾ ’ਚ ਭਾਰਤ ਤੋਂ ਬਾਸਮਤੀ ਚੌਲ ਖਰੀਦਦਾ ਹੈ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਰਡਰ ਦਾ ਫਲੋਅ, ਪੇਮੈਂਟ ਫਲੋਅ ਅਤੇ ਸ਼ਿਪਮੈਂਟ ਸ਼ੈਡਿਊਲ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਈਰਾਨ, ਯੂ. ਏ. ਈ., ਸਾਊਦੀ ਅਰਬ ਅਤੇ ਓਮਾਨ ਸਮੇਤ ਮੱਧ -ਪੂਰਬ ਖੇਤਰ ਦੇ ਦੇਸ਼ਾਂ ਨੂੰ ਹੋਣ ਵਾਲੀ ਸ਼ਿਪਮੈਂਟ ਵੀ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ।
ਰਿਪੋਰਟਾਂ ’ਚ ਇਹ ਵੀ ਦੱਸਿਆ ਗਿਆ ਹੈ ਕਿ ਚੌਲ ਦਰਾਮਦ ਕਰਨ ਵਾਲੇ ਦੇਸ਼ਾਂ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਭੁਗਤਾਨ ਕਰਨ ’ਚ ਵੀ ਅਸਮਰੱਥਾ ਪ੍ਰਗਟਾਈ ਹੈ, ਜਿਸ ਨਾਲ ਬਰਾਮਦਕਾਰਾਂ ਵਿਚਾਲੇ ਤਣਾਅ ਦਾ ਮਾਹੌਲ ਹੈ।
ਦੱਸ ਦੇਈਏ ਕਿ ਮਾਲੀ ਸਾਲ 2024-25 ’ਚ ਭਾਰਤ ਨੇ 12.5 ਅਰਬ ਅਮਰੀਕੀ ਡਾਲਰ ਦੀ ਕੀਮਤ ਦਾ 20.1 ਮਿਲੀਅਨ ਟਨ ਚੌਲ ਬਰਾਮਦ ਕੀਤਾ, ਜੋ 172 ਤੋਂ ਜ਼ਿਆਦਾ ਦੇਸ਼ਾਂ ਤੱਕ ਪਹੁੰਚਿਆ। ਭਾਰਤ ਚੌਲ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਮੰਨਿਆ ਜਾਂਦਾ ਹੈ। ਇਸ ਨੇ 2024-25 ’ਚ ਲੱਗਭਗ 47 ਮਿਲੀਅਨ ਹੈਕਟੇਅਰ ਜ਼ਮੀਨ ਤੋਂ ਲੱਗਭਗ 150 ਮਿਲੀਅਨ ਟਨ ਚੌਲਾਂ ਦਾ ਉਤਪਾਦਨ ਕੀਤਾ, ਜੋ ਗਲੋਬਲ ਉਤਪਾਦਨ ਦਾ ਲੱਗਭਗ 28 ਫੀਸਦੀ ਹੈ।
ਘਰ ਰੱਖਿਆ ਕੈਸ਼ ਬੈਂਕ 'ਚ ਜਮ੍ਹਾਂ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ, ITAT ਦਾ ਵੱਡਾ ਫੈਸਲਾ
NEXT STORY