ਦਾਵੋਸ (ਭਾਸ਼ਾ) - ਜਨਤਕ ਖੇਤਰ ਦੀ ਪ੍ਰਮੁੱਖ ਕੰਪਨੀ ਗੇਲ ਇੰਡੀਆ ਦੇ ਚੇਅਰਮੈਨ ਸੰਦੀਪ ਕੁਮਾਰ ਗੁਪਤਾ ਨੇ ਕਿਹਾ ਹੈ ਕਿ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਨਰਮੀ ਆਉਣ ’ਚ ਅਜੇ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਨੂੰ ਊਰਜਾ ਖੇਤਰ ਲਈ ਕੁੱਲ ਮਿਲਾ ਕੇ ਚੰਗਾ ਰਹਿਣ ਦੀ ਉਮੀਦ ਪ੍ਰਗਟਾਈ।
ਗੁਪਤਾ ਨੇ ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੱਫ.) ਦੀ ਸਾਲਾਨਾ ਬੈਠਕ ਦੌਰਾਨ ਇਥੇ ਕਿਹਾ ਕਿ ਗੇਲ ਅਗਲੇ 3 ਤੋਂ 5 ਸਾਲਾਂ ’ਚ ਆਪਣੇ ਪੂੰਜੀਗਤ ਖ਼ਰਚੇ ਨੂੰ ਵਧਾ ਕੇ 10,000-12,000 ਕਰੋੜ ਰੁਪਏ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਗੈਸ ਪਾਈਪਲਾਈਨਾਂ ਅਤੇ ਹੋਰ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਆਮ ਬਜਟ ’ਚ ਸੀ. ਐੱਨ. ਜੀ. ’ਤੇ ਕੰਪਰੈਸ਼ਨ ਫੀਸ ’ਚ ਰਾਹਤ ਦਿੱਤੀ ਜਾਵੇਗੀ ਅਤੇ ਕੁਦਰਤੀ ਗੈਸ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਉਣ ਲਈ ਕੁਝ ਕਦਮ ਚੁੱਕੇ ਜਾਣਗੇ।
ਟਰੰਪ ਦੇ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਪ੍ਰਭਾਵ ਬਾਰੇ ਪੁੱਛਣ ’ਤੇ ਗੁਪਤਾ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਅਮਰੀਕਾ ਲਈ ਜ਼ਿਆਦਾ ਊਰਜਾ ਲਈ ਵਚਨਬੱਧ ਹਨ। ਉਨ੍ਹਾਂ ਪਹਿਲਾਂ ਹੀ ਊਰਜਾ ਐਮਰਜੈਂਸੀ ਐਲਾਨ ਦਿੱਤੀ ਹੈ, ਜਿਸ ਦੇ ਤਹਿਤ ਉਹ ਚਾਹੁੰਦੇ ਹਨ ਕਿ ਜ਼ਿਆਦਾ ਤੇਲ ਅਤੇ ਗੈਸ ਦੀ ਖੋਜ ਕੀਤੀ ਜਾਵੇ, ਤਾਂ ਜੋ ਅਮਰੀਕਾ ’ਚ ਊਰਜਾ ਯੋਗਤਾ ਹੋਵੇ।’’ ਉਨ੍ਹਾਂ ਕਿਹਾ ਕਿ ਇਹ ਤੇਲ ਅਤੇ ਗੈਸ ਖੇਤਰ ਲਈ ਅੱਛਾ ਸੰਕੇਤ ਹੈ, ਕਿਉਂਕਿ ਤੇਲ ਅਤੇ ਗੈਸ ਦੀ ਉਪਲੱਬਧਤਾ ਵਧ ਗਈ ਹੈ, ਜਿਸ ਨਾਲ ਕੀਮਤਾਂ ’ਤੇ ਦਬਾਅ ਘੱਟ ਹੋਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਕੀਮਤਾਂ ’ਚ ਨਰਮੀ ਆਉਣ ’ਚ ਕੁਝ ਸਮਾਂ ਲੱਗੇਗਾ ਅਤੇ ਫਿਲਹਾਲ ਉੱਚੀਆਂ ਕੀਮਤਾਂ ਬਣੀਆਂ ਰਹਿਣਗੀਆਂ।
ਆਪਣੀ ਕੰਪਨੀ ਬਾਰੇ ਗੁਪਤਾ ਨੇ ਕਿਹਾ, ‘‘ਅਸੀਂ ਦੇਸ਼ ਦੀ ਸਭ ਤੋਂ ਵੱਡੀ ਕੁਦਰਤੀ ਗੈਸ ਪਾਈਪਲਾਈਨ ਹਾਂ ਅਤੇ ਅਸੀਂ ਦੇਸ਼ ਦੀ ਮੌਜੂਦਾ ਕੁਦਰਤੀ ਗੈਸ ਪਾਈਪਲਾਈਨ ਦਾ ਵੱਡਾ ਹਿੱਸਾ ਪਹਿਲਾਂ ਹੀ ਵਿਛਾ ਦਿੱਤਾ ਹੈ। ਚਾਲੂ ਸਾਲ ’ਚ ਵੀ ਅਸੀਂ ਕਈ ਪਾਈਪਲਾਈਨਾਂ ਪੂਰੀਆਂ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਮੌਜੂਦਾ ਪੂੰਜੀਗਤ ਖ਼ਰਚਾ, ਜੋ ਲੱਗਭਗ 8,000-10,000 ਕਰੋਡ਼ ਰੁਪਏ ਪ੍ਰਤੀ ਸਾਲ ਹੈ, ਅਸੀਂ ਇਸ ਨੂੰ ਅਗਲੇ 3 ਤੋਂ 5 ਸਾਲਾਂ ’ਚ ਲੱਗਭਗ 10,000-12,000 ਕਰੋਡ਼ ਰੁਪਏ ਤੱਕ ਵਧਾ ਦੇਵਾਂਗੇ।’’
ਧੋਖਾਦੇਹੀ ਨਾਲ ਪੈਸਾ ਕੱਢਣ ’ਤੇ ‘ਆਈ4ਸੀ’ ਕੱਸੇਗਾ ਸ਼ਿਕੰਜਾ
NEXT STORY