ਨਵੀਂ ਦਿੱਲੀ - ਖਾਣਾ ਬਣਾਉਣ ਤੋਂ ਬਾਅਦ ਬਚਿਆ ਹੋਇਆ ਬਨਸਪਤੀ ਤੇਲ ਛੇਤੀ ਹੀ ਤੁਹਾਡੀ ਅਗਲੀ ਫਲਾਈਟ ਨੂੰ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਰਾਸ਼ਟਰੀ ਪੱਧਰ ’ਤੇ ਪਹਿਲੀ ਵਾਰ, ਇੰਡੀਅਨ ਆਇਲ ਦੀ ਪਾਨੀਪਤ ਰਿਫਾਇਨਰੀ ਨੂੰ ਵਰਤੇ ਹੋਏ ਖਾਣਾ ਪਕਾਉਣ ਵਾਲੇ ਤੇਲ ਨੂੰ ਜੈੱਟ-ਗ੍ਰੇਡ ਈਂਧਨ ’ਚ ਬਦਲ ਕੇ ਸਸਟੇਨੇਬਲ ਐਵੀਏਸ਼ਨ ਫਿਊਲ (ਐੱਸ. ਏ. ਐੱਫ.) ਤਿਆਰ ਕਰਨ ਲਈ ਸਰਟੀਫਿਕੇਟ ਮਿਲ ਗਿਆ ਹੈ।
ਇਹ ਕਦਮ ਦੇਸ਼ ਦੀ ਹਰੀ ਹਵਾਬਾਜ਼ੀ ਪਹਿਲਕਦਮੀ ’ਚ ਇਕ ਮੀਲ ਦਾ ਪੱਥਰ ਹੈ, ਜੋ ਵਿਸ਼ਵ ਪੱਧਰ ’ਤੇ ਕਾਰਬਨ ਘਟਾਉਣ ਦੇ ਟੀਚਿਆਂ ਨਾਲ ਮੇਲ ਖਾਂਦਾ ਹੈ। ਸਵਿਟਜ਼ਰਲੈਂਡ ਸਥਿਤ ਕੋਟੇਕਨਾ ਇੰਸਪੈਕਸ਼ਨ ਗਰੁੱਪ ਨੇ ਆਪਣੀ ਭਾਰਤੀ ਬ੍ਰਾਂਚ ਕੋਟੇਕਨਾ ਇੰਸਪੈਕਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਰਾਹੀਂ ਪੈਟਰੋਲੀਅਮ ਅਤੇ ਹਵਾਬਾਜ਼ੀ ਮੰਤਰਾਲਿਆਂ ਅਤੇ ਡੀ. ਜੀ. ਸੀ. ਏ. ਵਿਚਾਲੇ ਤਾਲਮੇਲ ਵਾਲੇ ਯਤਨਾਂ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤਾ।
ਇਸ ਵਿਕਾਸ ਤੋਂ ਜਾਣੂ ਇਕ ਅਧਿਕਾਰੀ ਨੇ ਕਿਹਾ, ‘‘ਇਹ ਪਹਿਲੀ ਭਾਰਤੀ ਰਿਫਾਇਨਰੀ ਹੈ ਜੋ ਐੱਸ. ਏ. ਐੱਫ. ਲਈ ਸਹਿ-ਪ੍ਰੋਸੈਸਿੰਗ ਪਲਾਂਟ ਵਜੋਂ ਪ੍ਰਮਾਣਿਤ ਹੋਈ ਹੈ। ਆਉਣ ਵਾਲੇ ਸਾਲਾਂ ’ਚ ਐੱਸ. ਏ. ਐੱਫ. ਦੀ ਅਰਥਪੂਰਨ ਮੌਜੂਦਗੀ ਨੂੰ ਯਕੀਨੀ ਬਣਾਉਣ ਤੇ ਨਿਕਾਸੀ ਟੀਚਿਆਂ ਨੂੰ ਹਾਸਲ ਕਰਨ ਲਈ ਉਤਪਾਦਨ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।’’
ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੰਗਠਨ ਦੇ ਤਹਿਤ ਹਵਾਬਾਜ਼ੀ ਨਾਲ ਸਬੰਧਤ ਨਿਕਾਸੀ ਨੂੰ ਰੋਕਣ ਲਈ ਪਾਨੀਪਤ ਯੂਨਿਟ ਦੀ ਕਾਰਸੀਆ (ਕਾਰਬਨ ਆਫਸੈਟਿੰਗ ਐਂਡ ਰਿਡਕਸ਼ਨ ਸਕੀਮ ਫਾਰ ਇੰਟਰਨੈਸ਼ਨਲ ਐਵੀਏਸ਼ਨ) ਦੇ ਤਾਲਮੇਲ ਵਾਲੀ ਇਹ ਇਕ ਮੁੱਖ ਪਹਿਲਕਦਮੀ ਹੈ। ਭਾਰਤ 2027 ਤੱਕ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ’ਚ 1 ਫੀਸਦੀ ਐੱਸ. ਏ. ਐੱਫ. ਨਾਲ ਸ਼ੁਰੂ ਹੋਣ ਵਾਲੇ ਐੱਸ. ਏ. ਐੱਫ. ਮਿਸ਼ਰਣ ਦੀ ਵਰਤੋਂ ’ਤੇ ਵਿਚਾਰ ਕਰ ਰਿਹਾ ਹੈ, ਜਿਸ ਨੂੰ ਬਾਅਦ ’ਚ 2 ਫੀਸਦੀ ਤੱਕ ਵਧਾਇਆ ਜਾਵੇਗਾ।
ਟੈਸਟ ਉਡਾਣਾਂ ਲਈ ਰਾਹ ਪੱਧਰਾ
ਟੈਸਟ ਉਡਾਣਾਂ ਲਈ ਰਾਹ ਪੱਧਰਾ ਕਰ ਲਿਆ ਗਿਆ ਹੈ। ਅਗਸਤ 2018 ’ਚ ਸਪਾਈਸਜੈੱਟ ਭਾਰਤ ਦੀ ਪਹਿਲੀ ਬਾਇਓ-ਜੈੱਟ-ਫਿਊਲ ਟੈਸਟ ਉਡਾਣ-ਇਕ ਬੰਬਾਰਡੀਅਰ ਕਿਊ-400- ਜੋ ਦੇਹਰਾਦੂਨ ਤੋਂ ਦਿੱਲੀ ਰਵਾਨਾ ਕੀਤੀ ਗਈ ਸੀ, ਜਿਸ ’ਚ ਜੈਟਰੋਫਾ ਤੋਂ ਬਣੇ ਬਾਇਓਫਿਊਲ ਤੇ ਏ. ਟੀ. ਐੱਫ. ਦੇ 75:25 ਮਿਸ਼ਰਣ ਦੀ ਵਰਤੋਂ ਕੀਤੀ ਗਈ। ਇਹ ਈਂਧਨ ਦੇਹਰਾਦੂਨ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ ਵੱਲੋਂ ਤਿਆਰ ਕੀਤਾ ਗਿਆ ਸੀ। ਇੰਡੀਗੋ ਨੇ ਫ਼ਰਵਰੀ 2022 ’ਚ ਇਕ ਫੈਰੀ ਫਲਾਈਟ ’ਚ 10 ਫੀਸਦੀ ਐੱਸ. ਏ. ਐੱਫ. ਮਿਸ਼ਰਣ ਦੀ ਵਰਤੋਂ ਕੀਤੀ, ਜੋ ਟੂਲੂਜ਼ ਤੋਂ ਰਵਾਨਾ ਹੋ ਕੇ ਦਿੱਲੀ ਪਹੁੰਚੀ ਸੀ।
ਏਅਰਲਾਈਨਾਂ ਨੇ ਵਿਖਾਈ ਦਿਲਚਸਪੀ
ਵਿਸ਼ਵ ਪੱਧਰ ’ਤੇ ਅਤੇ ਭਾਰਤ ’ਚ, ਏਅਰਲਾਈਨਾਂ ਨੇ ਦਿਲਚਸਪੀ ਵਿਖਾਈ ਹੈ ਪਰ ਇਸ ਈਂਧਨ ਦੀ ਸਪਲਾਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਪਾਨੀਪਤ ਰਿਫਾਇਨਰੀ ਦੀ ਇਸ ਸਫਲਤਾ ਨਾਲ ਦੇਸ਼ ਵਰਤੇ ਹੋਏ ਖਾਣਾ ਪਕਾਉਣ ਵਾਲੇ ਤੇਲ ਦੀ ਵਰਤੋਂ ਕਰ ਕੇ ਹਵਾਬਾਜ਼ੀ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਦੇ ਨੇੜੇ ਆ ਗਿਆ ਹੈ।
ਸੰਸਕ੍ਰਿਤ ਨੂੰ ਲੋਕਪ੍ਰਿਯ ਬਣਾਉਣ ਲਈ ਅਨੇਕਾਂ ਯਤਨ ਕੀਤੇ ਗਏ : ਮੋਦੀ
NEXT STORY