ਨਵੀਂ ਦਿੱਲੀ— ਸਰਕਾਰ ਨੇ ਦਾਲਾਂ ਤੇ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਲਈ ਨੈਫੇਡ ਨੂੰ ਬਫਰ ਸਟਾਕ 'ਚੋਂ ਇਨ੍ਹਾਂ ਦੋਹਾਂ ਦੀ ਸਪਲਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਸਕੱਤਰ ਅਵਿਨਾਸ਼ ਕੁਮਾਰ ਸ਼੍ਰੀਵਾਸਤਵ ਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਇਕ ਮੀਟਿੰਗ ਹੋਈ ਸੀ, ਜਿਸ 'ਚ ਭਾਰਤੀ ਨੈਸ਼ਨਲ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨੈਫੇਡ) ਨੂੰ ਇਹ ਨਿਰਦੇਸ਼ ਦਿੱਤੇ ਗਏ।
ਖੇਤੀਬਾੜੀ ਮੰਤਰਾਲਾ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਮੱਦੇਨਜ਼ਰ ਮਹਾਰਾਸ਼ਟਰ 'ਚ ਮੰਡੀ ਬੰਦ ਰਹੀ ਸੀ, ਜਿਸ ਕਾਰਨ ਪਿਆਜ਼ ਦੀ ਸਪਲਾਈ ਦੋ-ਤਿੰਨ ਦਿਨਾਂ ਤਕ ਪ੍ਰਭਾਵਿਤ ਰਹੀ। ਹਾਲਾਂਕਿ, ਦਿੱਲੀ ਦੇ ਬਾਜ਼ਾਰ 'ਚ ਪਿਆਜ਼ ਦੀ ਸਪਲਾਈ ਮੁੜ ਤੋਂ ਸ਼ੁਰੂ ਹੋ ਗਈ ਹੈ ਤੇ ਕੀਮਤਾਂ 'ਚ ਜਲਦ ਹੋਰ ਗਿਰਾਵਟ ਆਉਣ ਦੀ ਉਮੀਦ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਬੀਤੇ ਦਿਨ ਪਿਆਜ਼ ਦੀ ਕੀਮਤ 20 ਤੋਂ 42.50 ਰੁਪਏ ਪ੍ਰਤੀ ਕਿਲੋ ਸੀ ਤੇ ਇਸ ਦੀ ਸਪਲਾਈ 814.5 ਟਨ ਸੀ। ਸਰਕਾਰ ਨੇ ਨੈਫੇਡ ਨੂੰ ਦਿੱਲੀ ਤੋਂ ਇਲਾਵਾ ਹੋਰ ਰਾਜਾਂ ਨੂੰ ਵੀ ਪਿਆਜ਼ ਦੀ ਸਪਲਾਈ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਨੈਫੇਡ ਨੂੰ ਦਾਲਾਂ ਦੀ ਸਪਲਾਈ ਵਧਾਉਣ ਦੇ ਵੀ ਹੁਕਮ ਦਿੱਤੇ ਗਏ ਹਨ।
ਉੱਥੇ ਹੀ, ਰਾਸ਼ਟਰੀ ਬਾਗਬਾਨੀ ਰਿਸਰਚ ਤੇ ਵਿਕਾਸ ਫਾਊਂਡੇਸ਼ਨ 'ਤੇ ਮੌਜੂਦ ਕੀਮਤਾਂ ਮੁਤਾਬਕ, ਵੀਰਵਾਰ ਨੂੰ ਚੰਡੀਗੜ੍ਹ 'ਚ ਪਿਆਜ਼ ਦੀ ਘੱਟੋ-ਘੱਟ ਕੀਮਤ 20 ਰੁਪਏ, ਔਸਤ 27.50 ਰੁਪਏ ਪ੍ਰਤੀ ਕਿਲੋ ਤੇ ਵੱਧ ਤੋਂ ਵੱਧ 35 ਰੁਪਏ ਪ੍ਰਤੀ ਕਿਲੋ ਰਹੀ। ਜ਼ਿਕਰਯੋਗ ਹੈ ਕਿ ਪਿਆਜ਼ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਸਤੰਬਰ ਤੋਂ ਬਰਾਮਦ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਨਵੰਬਰ ਦੇ ਅੱਧ 'ਚ ਮਹਾਰਾਸ਼ਟਰ ਦਾ ਨਵਾਂ ਪਿਆਜ਼ ਬਾਜ਼ਾਰ 'ਚ ਆਉਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਬਾਜ਼ਾਰ 'ਚ ਸਪਲਾਈ ਵਧਣ 'ਤੇ ਕੀਮਤਾਂ 'ਚ ਕਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਾਵਧਾਨ! ਲੱਖਾਂ ਭਾਰਤੀ ਬੈਂਕ ਗਾਹਕਾਂ ਦਾ ਡਾਟਾ ਲੀਕ, ਹੈਕਰ ਵੇਚ ਰਹੇ ਆਨਲਾਈਨ ਖਾਤੇ
NEXT STORY