ਨਵੀਂ ਦਿੱਲੀ— ਹਰ ਦੂਜੇ ਦਿਨ ਨਵਾਂ ਰਿਕਾਰਡ ਬਣਾ ਰਹੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਰ ਉਛਾਲ ਆ ਸਕਦਾ ਹੈ।ਇਸ ਦੀ ਵਜ੍ਹਾ ਇਹ ਹੈ ਕਿ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਨੇ ਉਤਪਾਦਨ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਦੇ ਇਸ ਫੈਸਲੇ ਨਾਲ ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਤੋਂ ਉਪਰ ਚਲਾ ਗਿਆ।ਗਲੋਬਲ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕੀ ਪਾਬੰਦੀਆਂ ਕਾਰਨ ਈਰਾਨ ਤੋਂ ਸਪਲਾਈ ਘਟਣ ਮਗਰੋਂ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ।ਬੀਤੇ ਦਿਨ ਮੰਗਲਵਾਰ ਨੂੰ ਮੁੰਬਈ 'ਚ ਪੈਟਰੋਲ ਦੀ ਕੀਮਤ ਵਧ ਕੇ 90.22 ਰੁਪਏ ਪ੍ਰਤੀ ਲਿਟਰ ਹੋ ਗਈ, ਜਦੋਂ ਕਿ ਡੀਜ਼ਲ ਵਧ ਕੇ 78.69 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ।ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਕ੍ਰਮਵਾਰ 82.86 ਅਤੇ 74.12 ਰੁਪਏ ਪ੍ਰਤੀ ਲਿਟਰ ਹੋ ਗਈਆਂ ਸਨ।ਸਰਕਾਰ ਪਹਿਲਾਂ ਹੀ ਖਜ਼ਾਨੇ ਦੀ ਹਾਲਤ ਦਾ ਹਵਾਲਾ ਦੇ ਕੇ ਐਕਸਾਈਜ਼ ਡਿਊਟੀ ਘਟਾਉਣ ਤੋਂ ਮਨ੍ਹਾ ਕਰ ਚੁੱਕੀ ਹੈ।
ਰੂਸ ਦੀ ਅਗਵਾਈ 'ਚ ਤੇਲ ਉਤਪਾਦਕ ਅਤੇ ਬਰਾਮਦਕਾਰ ਦੇਸ਼ਾਂ (ਓਪੇਕ) ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਹਫਤੇ ਫੈਸਲਾ ਕੀਤਾ ਕਿ ਉਹ ਈਰਾਨ ਵੱਲੋਂ ਸਪਲਾਈ 'ਚ ਹੋਣ ਵਾਲੀ ਕਿਸੇ ਵੀ ਕਮੀ ਨੂੰ ਪੂਰਾ ਕਰਨ ਲਈ ਉਤਪਾਦਨ ਨਹੀਂ ਵਧਾਉਣਗੇ।ਇਸ ਤੋਂ ਬਾਅਦ ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ 2 ਡਾਲਰ ਪ੍ਰਤੀ ਬੈਰਲ ਚੜ੍ਹ ਕੇ 81 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਈ।ਸਾਊਦੀ ਅਰਬ ਨੇ ਦਲੀਲ ਦਿੱਤੀ ਹੈ ਕਿ ਸਪਲਾਈ ਨੂੰ ਲੈ ਕੇ ਅਜਿਹੀ ਕੋਈ ਸਮੱਸਿਆ ਨਹੀਂ ਹੈ, ਜਿਸ ਦੀ ਵਜ੍ਹਾ ਨਾਲ ਉਤਪਾਦਨ 'ਚ ਜ਼ਿਆਦਾ ਵਾਧਾ ਕਰਨਾ ਪਵੇ ਅਤੇ ਸਾਰੇ ਦੇਸ਼ਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਕੱਚਾ ਤੇਲ ਮਿਲ ਰਿਹਾ ਹੈ।ਓਪੇਕ ਦੇ ਫੈਸਲੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਝਟਕੇ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ, ਜੋ ਤੇਲ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਤੁਰੰਤ ਸਪਲਾਈ ਵਧਾਉਣ ਦੀ ਮੰਗ ਕਰ ਰਹੇ ਸਨ।ਅਮਰੀਕੀ ਪਾਬੰਦੀਆਂ ਕਾਰਨ ਈਰਾਨ ਤੋਂ ਤੇਲ ਸਪਲਾਈ ਤੇਜ਼ੀ ਨਾਲ ਘੱਟ ਰਹੀ ਹੈ। ਈਰਾਨ 'ਤੇ ਅਮਰੀਕੀ ਪਾਬੰਦੀਆਂ 4 ਨਵੰਬਰ ਤੋਂ ਲਾਗੂ ਹੋਣਗੀਆਂ।
ਕ੍ਰਿਸਮਸ ਤੱਕ 90 ਡਾਲਰ ਹੋ ਸਕਦੈ ਕੱਚਾ ਤੇਲ :
ਬਲੂਮਬਰਗ ਦੀ ਰਿਪੋਰਟ ਅਨੁਸਾਰ ਟਰੇਫਿਗੁਰਾ ਦੇ ਕੋ-ਹੈੱਡ (ਆਇਲ ਟਰੇਡਿੰਗ) ਬੇਨ ਲੁਕਾਕ ਨੇ ਇਕ ਕਾਨਫਰੰਸ 'ਚ ਕਿਹਾ ਹੈ ਕਿ ਕ੍ਰਿਸਮਸ ਤੱਕ ਕੱਚਾ ਤੇਲ 90 ਡਾਲਰ ਪ੍ਰਤੀ ਬੈਰਲ ਅਤੇ 2019 ਦੀ ਸ਼ੁਰੂਆਤ 'ਚ 100 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਭਾਰਤ ਆਪਣੀ ਜ਼ਰੂਰਤ ਦਾ ਕਰੀਬ 83 ਫ਼ੀਸਦੀ ਕਰੂਡ ਆਇਲ ਇੰਪੋਰਟ ਕਰਦਾ ਹੈ। ਇਸ ਦੀਆਂ ਮੁਸ਼ਕਲਾਂ ਡਾਲਰ ਦੇ ਮੁਕਾਬਲੇ ਲਗਾਤਾਰ ਕਮਜ਼ੋਰ ਹੋ ਰਹੇ ਰੁਪਏ ਦੀ ਵਜ੍ਹਾ ਨਾਲ ਵੀ ਵੱਧ ਰਹੀਆਂ ਹਨ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਇਆ ਡਿੱਗ ਕੇ 72.50 ਦੇ ਪੱਧਰ 'ਤੇ ਆ ਗਿਆ ਸੀ।
ਅਮਰੀਕਾ ਤੇ ਕੈਨੇਡਾ ਲਈ ਚੰਡੀਗਡ਼੍ਹ ਤੋਂ ਸ਼ੁਰੂ ਹੋਵੇਗੀ ਸਿੱਧੀ ਉਡਾਣ
NEXT STORY