ਚੰਡੀਗੜ੍ਹ— ਬੇਮੌਸਮੀ ਪਈ ਬਾਰਸ਼ ਨੇ ਪੰਜਾਬ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਝੋਨੇ ਦੇ ਝਾੜ 'ਚ ਕਮੀ ਕਾਰਨ ਕਿਸਾਨਾਂ ਨੂੰ ਹੁਣ ਇਹ ਸਮਝ ਨਹੀਂ ਆ ਰਹੀ ਕਿ ਉਹ ਕਰਜ਼ੇ ਕਿਵੇਂ ਵਾਪਸ ਮੋੜਨਗੇ। ਬੇਮੌਸਮੀ ਬਾਰਸ਼ ਕਾਰਨ ਝੋਨੇ ਦੇ ਉਤਪਾਦਨ 'ਚ 10 ਤੋਂ 15 ਫੀਸਦੀ ਦੀ ਗਿਰਾਵਟ ਆਈ ਹੈ। ਓਧਰ ਮੰਡੀਆਂ 'ਚ ਵੀ ਨਮੀ ਵਾਲੇ ਝੋਨੇ ਨੂੰ ਚੁੱਕਿਆ ਨਹੀਂ ਜਾ ਰਿਹਾ, ਜਿਸ ਕਾਰਨ ਛੋਟੇ ਅਤੇ ਦਰਮਿਆਨੇ ਕਿਸਾਨ ਦੁਖੀ ਘੁੰਮ ਰਹੇ ਹਨ। 5 ਏਕੜ ਤੋਂ ਘੱਟ ਜ਼ਮੀਨ ਵਾਲੇ ਮਾਲਕ ਅਤੇ ਠੇਕੇ 'ਤੇ ਜ਼ਮੀਨ ਦੀ ਖੇਤੀ ਕਰਨ ਵਾਲੇ ਕਿਸਾਨ ਆਪਣੇ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਬਕਾਇਆ ਕਰਜ਼ਿਆਂ ਦੀ ਅਦਾਇਗੀ ਕਰਨ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋਈ ਹੈ। ਇਨ੍ਹਾਂ ਜ਼ਮੀਨਾਂ ਦੇ ਠੇਕਾ ਰੇਟ ਵਧ ਗਏ ਹਨ, ਜਦੋਂ ਕਿ ਫਸਲ 'ਚ ਓਨੀ ਕਮਾਈ ਨਹੀਂ ਹੋ ਰਹੀ।
ਮਾਨਸਾ ਦੇ ਪਿੰਡ ਖੋਖਰ ਕਲਾਂ ਦੇ ਕਿਸਾਨ ਗੁਰਚਰਨ ਸਿੰਘ ਕੋਲ ਆਪਣੀ 2 ਏਕੜ ਜ਼ਮੀਨ ਹੈ, ਜਦੋਂ ਕਿ 50,000 ਰੁਪਏ ਪ੍ਰਤੀ ਏਕੜ ਦੇ ਮਾਮਲੇ 'ਤੇ ਉਹ 2 ਏਕੜ ਜ਼ਮੀਨ ਹੋਰ ਵਾਹ ਰਹੇ ਹਨ। ਹਾਲਾਂਕਿ ਉਪਜ 'ਚ ਗਿਰਾਵਟ ਨੇ ਉਨ੍ਹਾਂ ਨੂੰ ਗੰਭੀਰ ਮੁਸ਼ਕਿਲਾਂ 'ਚ ਫਸਾ ਦਿੱਤਾ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਘੱਟੋ-ਘੱਟ 3 ਲੱਖ ਰੁਪਏ ਦਾ ਕਰਜ਼ਾ ਲਾਹ ਦੇਣਗੇ ਪਰ ਹੁਣ ਉਹ ਵਿਆਜ ਦਾ ਭੁਗਤਾਨ ਕਰਨ ਬਾਰੇ ਵੀ ਨਹੀਂ ਸੋਚ ਸਕਦੇ। ਇਸੇ ਤਰ੍ਹਾਂ ਗੁਲਾਬ ਸਿੰਘ ਕੋਲ ਵੀ ਆਪਣੀ 2 ਏਕੜ ਜ਼ਮੀਨ ਹੈ ਅਤੇ 3 ਏਕੜ ਜ਼ਮੀਨ ਉਨ੍ਹਾਂ ਨੇ 55,000 ਰੁਪਏ ਪ੍ਰਤੀ ਏਕੜ ਦੇ ਮਾਮਲੇ 'ਤੇ ਲਈ ਹੋਈ ਹੈ। ਉਨ੍ਹਾਂ 'ਤੇ ਬੈਂਕ ਦਾ 4 ਲੱਖ ਰੁਪਏ ਬਕਾਇਆ ਹੈ ਅਤੇ ਪਹਿਲਾਂ ਹੀ ਨੋਟਿਸ ਮਿਲਿਆ ਹੋਇਆ ਹੈ। ਉੱਥੇ ਹੀ ਰਾਮਾਨੰਦ ਪਿੰਡ ਦੇ ਜਗਰੂਪ ਸਿੰਘ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਵੀ ਜ਼ਿਆਦਾ ਨਮੀ ਵਾਲਾ ਝੋਨਾ ਚੁੱਕਣਾ ਬੰਦ ਕਰ ਦਿੱਤਾ ਹੈ, ਜਿਸ ਨਾਲ ਮੇਰੀ ਕਮਾਈ ਹੋਰ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਆਪਣੀਆਂ ਜ਼ਰੂਰਤਾਂ ਨੂੰ ਕਿਸ ਤਰ੍ਹਾਂ ਪੂਰਾ ਕਰਾਂਗਾ।
ਪੰਜਾਬ 'ਚ ਕਿਸਾਨੀਂ ਦਾ ਹਾਲ ਇਹ ਹੈ ਕਿ ਕਰਜ਼ੇ 'ਚ ਡੁੱਬੇ ਕਿਸਾਨ ਲਗਾਤਾਰ ਮੌਤ ਨੂੰ ਗਲੇ ਲਗਾ ਰਹੇ ਹਨ। ਚਾਰ ਦਿਨ ਪਹਿਲਾਂ ਮਾਨਸਾ ਦੇ 27 ਸਾਲਾ ਕਿਸਾਨ ਕੁਲਬੀਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਫਸਲ ਘੱਟ ਹੋਈ ਅਤੇ ਕਰਜ਼ਾ ਲਾਹੁਣਾ ਵੱਸੋਂ ਬਾਹਰ ਦੀ ਗੱਲ ਹੋ ਗਈ। ਪੰਜਾਬ ਦੇ ਬਹੁਤੇ ਕਿਸਾਨ ਸਰਕਾਰ ਤੋਂ ਨਿਰਾਸ਼ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਹੁਣ ਤਕ ਕੋਈ ਵੱਡੀ ਰਾਹਤ ਨਹੀਂ ਦਿੱਤੀ ਹੈ।
ਟੋਇਟਾ ਅਗਲੇ ਮਹੀਨੇ ਪੇਸ਼ ਕਰੇਗੀ Corolla ਸਿਡਾਨ ਦਾ ਨਵਾਂ ਮਾਡਲ
NEXT STORY