ਜਲੰਧਰ (ਚੋਪੜਾ)– ਜਲੰਧਰ ਜ਼ਿਲ੍ਹੇ ਵਿਚ 14 ਦਸੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਸਵੇਰ ਤੋਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਉਥੇ ਹੀ ਚੱਲ ਰਹੀ ਗਿਣਤੀ ਵਿਚਾਲੇ ਬਲਾਕ ਸੰਮਤੀ ਭੋਗਪੁਰ ਜ਼ੋਨ ਨੰਬਰ ਇਕ ਤੋਂ ਮਹਿਲਾ ਕਾਂਗਰਸੀ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ। ਬਲਾਕ ਸੰਮਤੀ ਚੋਣਾਂ ਵਿਚ ਬਲਾਕ ਭੋਗਪੁਰ ਦੇ ਜ਼ੋਨ ਨੰਬਰ ਇਕ ਤੋਂ ਕਾਂਗਰਸੀ ਉਮੀਦਵਾਰ ਬੀਬੀ ਪ੍ਰਭਾ ਮੰਡੇਰ ਜੇਤੂ ਕਰਾਰ ਦਿੱਤੇ ਗਏ ਹਨ। ਹੋਰ ਬਲਾਕ ਸੰਮਤੀ ਜ਼ੋਨਾਂ ਤੋਂ ਵੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ।
ਇਹ ਵੀ ਪੜ੍ਹੋ: ਕੈਪਟਨ ਦੇ ਕਾਂਗਰਸ 'ਚ ਵਾਪਸੀ ਦੀ ਚਰਚਾ ਦਰਮਿਆਨ ਪ੍ਰਨੀਤ ਕੌਰ ਦਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮੰਗਲਵਾਰ ਜ਼ਿਲ੍ਹੇ ਵਿਚ ਬਣਾਏ ਗਏ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਸੀ। ਮੁਆਇਨੇ ਦੌਰਾਨ ਦੋਵਾਂ ਅਧਿਕਾਰੀਆਂ ਨੇ ਗਿਣਤੀ ਪ੍ਰਕਿਰਿਆ ਨਾਲ ਜੁੜੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੁਆਇਨੇ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਸਟੇਟ ਚੋਣ ਕਮਿਸ਼ਨ ਵੱਲੋਂ ਜਾਰੀ ਸਾਰੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗਿਣਤੀ ਦੀ ਪੂਰੀ ਪ੍ਰਕਿਰਿਆ ਕ੍ਰਮਬੱਧ, ਸਮਾਂਬੱਧ ਅਤੇ ਨਿਯਮਾਂ ਅਨੁਸਾਰ ਪੂਰੀ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਜਾਂ ਵਿਵਾਦ ਦੀ ਗੁੰਜਾਇਸ਼ ਨਾ ਰਹੇ।
ਦੱਸ ਦੇਈਏ ਕਿ ਜ਼ਿਲ੍ਹੇ ਵਿਚ ਕੁੱਲ੍ਹ 11 ਗਿਣਤੀ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ ਬਲਾਕ ਆਦਮਪੁਰ ਲਈ ਸਕੂਲ ਆਫ਼ ਐਮੀਨੈਂਸ, ਬਲਾਕ ਭੋਗਪੁਰ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲੋਹਾਰਾਂ ਚਾਹੜਕੇ ਰੋਡ ਭੋਗਪੁਰ, ਬਲਾਕ ਜਲੰਧਰ ਈਸਟ ਲਈ ਦੋਆਬਾ ਕਾਲਜ ਅਤੇ ਬਲਾਕ ਜਲੰਧਰ ਵੈਸਟ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ, ਕੈਂਟ ਰੋਡ ਸ਼ਾਮਲ ਹਨ। ਇਸ ਤੋਂ ਇਲਾਵਾ ਬਲਾਕ ਲੋਹੀਆਂ ਖਾਸ ਲਈ ਸਰਕਾਰੀ ਆਈ. ਟੀ. ਆਈ. ਲੋਹੀਆਂ ਖਾਸ, ਬਲਾਕ ਮਹਿਤਪੁਰ ਅਤੇ ਬਲਾਕ ਨਕੋਦਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ, ਬਲਾਕ ਨੂਰਮਹਿਲ ਲਈ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ, ਬਲਾਕ ਫਿਲੌਰ ਲਈ ਕਮਿਊਨਿਟੀ ਹਾਲ ਫਿਲੌਰ, ਬਲਾਕ ਰੁੜਕਾ ਕਲਾਂ ਲਈ ਗੁਰੂ ਨਾਨਕ ਖਾਲਸਾ ਕਾਲਜ ਸੰਗਢੇਸੀਆਂ ਅਤੇ ਬਲਾਕ ਸ਼ਾਹਕੋਟ ਲਈ ਸਰਕਾਰੀ ਆਰਟਸ ਐਂਡ ਸਾਇੰਸ ਕਾਲਜ ਸ਼ਾਹਕੋਟ ਨੂੰ ਗਿਣਤੀ ਕੇਂਦਰ ਵਜੋਂ ਨਿਰਧਾਰਿਤ ਕੀਤਾ ਗਿਆ ਹੈ, ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਗਿਣਤੀ ਕੇਂਦਰਾਂ ’ਤੇ ਤਾਇਨਾਤ ਸਟਾਫ, ਉਮੀਦਵਾਰਾਂ, ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਦੇ ਅੰਦਰ ਦਾਖ਼ਲ ਹੋਣ ਅਤੇ ਬਾਹਰ ਜਾਣ ਲਈ ਤੈਅ ਕੀਤੀ ਗਈ ਪ੍ਰਕਿਰਿਆ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨਵੇਂ ਹੁਕਮ ਕੀਤੇ ਜਾਰੀ, 20 ਦਸੰਬਰ ਨੂੰ ਹੋਵੇਗਾ...
ਡਾ. ਅਗਰਵਾਲ ਨੇ ਡਿਊਟੀ ’ਤੇ ਤਾਇਨਾਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਲਗਨ, ਮਿਹਨਤ, ਨਿਰਪੱਖਤਾ ਅਤੇ ਈਮਾਨਦਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਲੋਕਤੰਤਰ ਦੀ ਰੀੜ੍ਹ ਹੁੰਦੀ ਹੈ ਅਤੇ ਇਸ ਦੀ ਭਰੋਸੇਯੋਗਤਾ ਗਿਣਤੀ ਪ੍ਰਕਿਰਿਆ ਦੀ ਪਾਰਦਰਸ਼ਿਤਾ ’ਤੇ ਨਿਰਭਰ ਕਰਦੀ ਹੈ।
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਬਣਾਏ ਗਏ 11 ਸਟ੍ਰਾਂਗ ਰੂਮਾਂ ਵਿਚ ਬੈਲੇਟ ਪੇਪਰਾਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਿਣਤੀ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਮੁਕੰਮਲ ਕਰਵਾਉਣ ਲਈ ਸਾਰੇ ਸਟ੍ਰਾਂਗ ਰੂਮਾਂ ਨੂੰ ਹਾਈ ਲੈਵਲ ਸੁਰੱਖਿਆ ਘੇਰੇ ਵਿਚ ਰੱਖਿਆ ਗਿਆ ਹੈ। ਸਟ੍ਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਢੁੱਕਵੀਂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ। ਸੀ. ਸੀ. ਟੀ. ਵੀ. ਨਿਗਰਾਨੀ, ਦਾਖਲਾ ਪਾਸ ਪ੍ਰਣਾਲੀ ਅਤੇ ਨਿਯਮਿਤ ਗਸ਼ਤ ਜ਼ਰੀਏ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਪ੍ਰਗਟਾਇਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪਈਆਂ ਵੋਟਾਂ ਦੀ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਵੇਗੀ ਅਤੇ ਵੋਟਰਾਂ ਅਤੇ ਉਮੀਦਵਾਰਾਂ ਦਾ ਭਰੋਸਾ ਲੋਕਤੰਤਰਿਕ ਪ੍ਰਕਿਰਿਆ ’ਤੇ ਹੋਰ ਮਜ਼ਬੂਤ ਹੋਵੇਗਾ। ਇਸ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈੱਲਪਮੈਂਟ) ਜਸਬੀਰ ਸਿਘ, ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ) ਨਵਦੀਪ ਕੌਰ, ਐੱਸ. ਡੀ. ਐੱਮ.-1 ਰਣਦੀਪ ਸਿੰਘ ਹੀਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਜਲੰਧਰ ਦੇ ਸਕੂਲਾਂ ਨੂੰ ਧਮਕੀ ਮਿਲਣ ਤੋਂ ਬਾਅਦ DC ਹਿਮਾਂਸ਼ੂ ਦਾ ਵੱਡਾ ਬਿਆਨ, ਸਕੂਲਾਂ 'ਚ ਕਰ 'ਤੀ ਛੁੱਟੀ
ਬਰਨਾਲਾ ਚੋਣ ਨਤੀਜੇ: ਵੋਟਾਂ ਦੀ ਗਿਣਤੀ ਦਾ ਪਹਿਲਾ ਗੇੜ ਮੁਕੰਮਲ
NEXT STORY