ਮੁੰਬਈ-ਪੈਟਰੋਲ-ਡੀਜ਼ਲ ਦੀਅਾਂ ਵਧਦੀਅਾਂ ਕੀਮਤਾਂ ਅਤੇ ਬੈਂਕਾਂ ਵੱਲੋਂ ਵਿਆਜ ਦਰਾਂ ’ਚ ਵਾਧੇ ਨਾਲ ਘਰੇਲੂ ਬਾਜ਼ਾਰ ’ਚ ਹੁਣ ਯਾਤਰੀ ਵਾਹਨਾਂ ਦੀ ਵਿਕਰੀ ਸੁਸਤ ਪੈਣ ਲੱਗੀ ਹੈ ਅਤੇ ਤਿਉਹਾਰੀ ਸੀਜ਼ਨ ਦੇ ਬਾਵਜੂਦ ਇਸ ’ਚ ਤੇਜ਼ੀ ਨਹੀਂ ਆ ਸਕੀ। ਸਾਖ ਨਿਰਧਾਰਕ ਅਤੇ ਬਾਜ਼ਾਰ ਅਧਿਐਨ ਏਜੰਸੀ ਕ੍ਰਿਸਿਲ ਨੇ ਅੱਜ ਜਾਰੀ ਇਕ ਰਿਪੋਰਟ ’ਚ ਕਿਹਾ ਕਿ ਸਤੰਬਰ ਤੇ ਅਕਤੂਬਰ ’ਚ ਤਿਉਹਾਰੀ ਸੀਜ਼ਨ ਦੇ ਬਾਵਜੂਦ ਯਾਤਰੀ ਵਾਹਨਾਂ ਦੀ ਵਿਕਰੀ ’ਚ ਕਰੀਬ 2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਅਾਂ ’ਚ ਅਪ੍ਰੈਲ ਤੋਂ ਅਕਤੂਬਰ ਤੱਕ ਦੇਸ਼ ’ਚ ਇਸ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ ਸਿਰਫ 6 ਫੀਸਦੀ ਵਧੀ ਹੈ ਅਤੇ ਇਸ ਦੇ ਮੱਦੇਨਜ਼ਰ ਏਜੰਸੀ ਨੇ ਸਾਲ ਲਈ ਵਾਧਾ ਦਰ ਦਾ ਅੰਦਾਜ਼ਾ ਪਹਿਲਾਂ ਦੇ 9 ਤੋਂ 11 ਫੀਸਦੀ ਤੋਂ ਘਟਾ ਕੇ 7 ਤੋਂ 9 ਫੀਸਦੀ ਕਰ ਦਿੱਤਾ ਹੈ। ਕ੍ਰਿਸਿਲ ਦਾ ਕਹਿਣਾ ਹੈ ਕਿ ਯਾਤਰੀ ਵਾਹਨਾਂ ਦੀ ਵਿਕਰੀ ’ਚ ਗਿਰਾਵਟ ਦੇ 4 ਪ੍ਰਮੁੱਖ ਕਾਰਨ ਰਹੇ ਹਨ। ਇਹ ਹਨ-ਈਂਧਣ ਦੀਆਂ ਕੀਮਤਾਂ ’ਚ ਤੇਜ਼ ਵਾਧਾ, ਵਿਆਜ ਦਰ ਦਾ ਵਧਣਾ, ਬੀਮਾ ਪ੍ਰੀਮੀਅਮ ਦਾ ਵਧਣਾ ਅਤੇ ਕੰਪਨੀਆਂ ਦਾ ਨਵੇਂ ਮਾਡਲ ਲਾਂਚ ਨਾ ਕਰਨਾ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦਾ ਘਰੇਲੂ ਗਾਹਕਾਂ ਨੂੰ ਨਹੀਂ ਮਿਲਿਆ ਫਾਇਦਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਕੁੱਝ ਮਹੀਨਿਅਾਂ ’ਚ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਤੇਜ਼ੀ ਨਾਲ ਵਧੀ ਅਤੇ ਇਹ ਕ੍ਰਮ ਅਕਤੂਬਰ ਦੇ ਵਿਚਕਾਰ ਤੱਕ ਜਾਰੀ ਰਿਹਾ। ਇਸ ਦੌਰਾਨ ਤੇਲ ਵੰਡ ਕੰਪਨੀਆਂ ਨੇ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕਾਫੀ ਵਾਧਾ ਕੀਤਾ। ਹਾਲਾਂਕਿ ਇਸ ਤੋਂ ਬਾਅਦ 14 ਨਵੰਬਰ ਤੱਕ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ 28 ਫੀਸਦੀ ਦੀ ਗਿਰਾਵਟ ਆਈ ਹੈ ਪਰ ਇਸ ਦਾ ਪੂਰਾ ਫਾਇਦਾ ਘਰੇਲੂ ਗਾਹਕਾਂ ਨੂੰ ਨਹੀਂ ਮਿਲਿਆ ਹੈ ਅਤੇ ਪੈਟਰੋਲ ਸਿਰਫ 10 ਫੀਸਦੀ ਸਸਤਾ ਹੋਇਆ ਹੈ। ਈਂਧਣ ਦੀਅਾਂ ਵਧਦੀਅਾਂ ਕੀਮਤਾਂ ਕਾਰਨ ਵਾਹਨ ਮਾਲਕਾਂ ਲਈ ਵਾਹਨ ਰੱਖਣਾ ਮਹਿੰਗਾ ਹੋ ਗਿਆ ਹੈ।
ਵਿਆਜ ਦਰਾਂ ’ਚ ਵਾਧਾ ਵੀ ਮੁੱਖ ਕਾਰਨ
ਇਸ ’ਚ ਵਿਆਜ ਦਰਾਂ ’ਚ ਵਾਧੇ ਨੂੰ ਵੀ ਇਕ ਕਾਰਨ ਦੱਸਿਆ ਗਿਆ ਹੈ। ਇਕ ਪਾਸੇ ਵਾਹਨ ਨਿਰਮਾਤਾ ਕੰਪਨੀਆਂ ਵੱਲੋਂ ਵਾਹਨਾਂ ਦੀ ਕੀਮਤ ਵਧਾਉਣ ਅਤੇ ਦੂਜੇ ਪਾਸੇ ਵਿਆਜ ਦਰਾਂ ’ਚ 0.25 ਫੀਸਦੀ ਤੱਕ ਦੇ ਵਾਧੇ ਨਾਲ ਫਾਈਨਾਂਸ ’ਤੇ ਵਾਹਨ ਲੈਣ ਵਾਲਿਆਂ ’ਤੇ ਮਹੀਨਾਵਾਰ ਕਿਸ਼ਤ ਦਾ ਬੋਝ ਵਧ ਗਿਆ ਹੈ। ਰਿਪੋਰਟ ਅਨੁਸਾਰ ਨਵੇਂ ਮਾਡਲਾਂ ਦੀ ਕਮੀ ਨਾਲ ਬਾਜ਼ਾਰ ’ਚ ਗਾਹਕ ਧਾਰਨਾ ਕਮਜ਼ੋਰ ਹੈ। ਵਿੱਤੀ ਸਾਲ 2016-2017 ’ਚ ਜਿੱਥੇ 4 ਵੱਡੇ ਨਵੇਂ ਮਾਡਲ ਲਾਂਚ ਕੀਤੇ ਗਏ, ਉਥੇ ਹੀ 2017-2018 ਅਤੇ 2018-19 ’ਚ ਸਿਰਫ ਇਕ-ਇਕ ਵੱਡਾ ਮਾਡਲ ਲਾਂਚ ਹੋਇਆ। ਨਵੇਂ ਮਾਡਲਾਂ ਦੀ ਬਜਾਏ ਪਿਛਲੇ ਇਕ ਸਾਲ ’ਚ ਬਾਜ਼ਾਰ ’ਚ ਪੁਰਾਣੇ ਮਾਡਲਾਂ ਦੇ ਨਵੇਂ ਅਵਤਾਰਾਂ ਦੀ ਭਰਮਾਰ ਰਹੀ ਹੈ।
‘ਦੇਸ਼ ’ਚ 267 ਮੋਬਾਇਲ ਹੈਂਡਸੈੱਟ ਤੇ ਕਲਪੁਰਜ਼ੇ ਵਿਨਿਰਮਾਣ ਪਲਾਂਟ’
NEXT STORY