ਨਵੀਂ ਦਿੱਲੀ— ਪੈਟਰੋਲ ਦੀ ਕੀਮਤ ਦਿੱਲੀ ’ਚ ਨਵੰਬਰ ਦੇ ਪਹਿਲੇ ਹਫ਼ਤੇ ਤੱਕ 100 ਰੁਪਏ ਦੇ ਪੱਧਰ ਨੂੰ ਛੂਹ ਸਕਦੀ ਹੈ। ਉਥੇ ਹੀ ਮੁੰਬਈ ’ਚ ਅਕਤੂਬਰ ਦੇ ਅਖੀਰ ਤੱਕ ਪੈਟਰੋਲ ਦੇ ਮੁੱਲ 100 ਰੁਪਏ ਦੇ ਪੱਧਰ ’ਤੇ ਪਹੁੰਚ ਸਕਦੇ ਹਨ। ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਲ ’ਚ ਹੋਣ ਵਾਲੀ ਗਿਰਾਵਟ, ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਅਤੇ ਅਮਰੀਕਾ ਵੱਲੋਂ ਈਰਾਨ ’ਤੇ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਦੇ ਨਤੀਜਿਆਂ ਨੂੰ ਵੇਖਦਿਆਂ ਮਾਹਿਰਾਂ ਨੇ ਇਹ ਅੰਦਾਜ਼ੇ ਲਾਏ ਹਨ।
4 ਨਵੰਬਰ ਤੋਂ ਈਰਾਨ ’ਤੇ ਅਮਰੀਕੀ ਪਾਬੰਦੀਆਂ ਲਾਗੂ ਹੋ ਜਾਣਗੀਆਂ। ਉਦੋਂ ਭਾਰਤ ਨੂੰ ਈਰਾਨ ਤੋਂ ਕਰੂਡ (ਕੱਚਾ ਤੇਲ) ਲੈਣ ’ਚ ਮੁਸ਼ਕਿਲ ਹੋ ਸਕਦੀ ਹੈ। ਹਾਲਾਂਕਿ ਭਾਰਤ ਇਸ ਕੋਸ਼ਿਸ਼ ’ਚ ਹੈ ਕਿ ਪਾਬੰਦੀਆਂ ਦੇ ਦੌਰਾਨ ਵੀ ਈਰਾਨ ਤੋਂ ਤੇਲ ਦੀ ਖਰੀਦਦਾਰੀ ਜਾਰੀ ਰਹੇ। ਇਸ ਸਬੰਧ ’ਚ ਭਾਰਤ ਅਮਰੀਕਾ ਨਾਲ ਵੀ ਗੱਲ ਕਰ ਰਿਹਾ ਹੈ। ਮਾਹਿਰਾਂ ਮੁਤਾਬਕ ਜੇਕਰ ਈਰਾਨ ਨਵੰਬਰ ਤੋਂ ਕੌਮਾਂਤਰੀ ਬਾਜ਼ਾਰ ’ਚ ਬਿਲਕੁਲ ਵੀ ਤੇਲ ਨਹੀਂ ਵੇਚਦਾ ਹੈ ਤਾਂ ਇਸ ਨਾਲ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ’ਚ 3.5 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋ ਸਕਦਾ ਹੈ। ਈਰਾਨ ਹਰ ਰੋਜ਼ 21 ਲੱਖ ਬੈਰਲ ਕਰੂਡ ਦੀ ਬਰਾਮਦ ਕਰਦਾ ਹੈ।
ਉੱਥੇ ਹੀ, ਉਦਯੋਗ ਮੰਡਲ ਐਸੋਚੈਮ ਦਾ ਕਹਿਣਾ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਲਈ ਕੌਮਾਂਤਰੀ ਕਾਰਕ ਜ਼ਿੰਮੇਵਾਰ ਹਨ। ਉਸ ਨੇ ਉਮੀਦ ਜਤਾਈ ਹੈ ਕਿ ਈਂਧਨ 'ਤੇ ਟੈਕਸਾਂ ਦੇ ਬੋਝ ਨੂੰ ਘਟਾਇਆ ਜਾ ਸਕਦਾ ਹੈ।ਐਸੋਚੈਮ ਦੇ ਜਨਰਲ ਸਕੱਤਰ ਉਦੇ ਕੁਮਾਰ ਵਰਮਾ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਪੈਟਰੋਲ-ਡੀਜ਼ਲ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਘੇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ।ਹਾਲਾਂਕਿ, ਇਸ ਸਮੇਂ ਇਹ ਸੰਭਵ ਨਹੀਂ ਹੈ।'' ਉਨ੍ਹਾਂ ਕਿਹਾ ਕਿ ਇਸ ਸਮੇਂ ਈਂਧਨ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਦੀ ਵਜ੍ਹਾ ਕੌਮਾਂਤਰੀ ਕਾਰਕ ਹਨ।ਇਹ ਉਭਰਦੇ ਹੋਏ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਭਾਰਤ ਵੀ ਇਸ ਤੋਂ ਬਚਿਆ ਨਹੀਂ ਹੈ।ਵਰਮਾ ਨੇ ਕਿਹਾ ਕਿ ਹੋਰ ਪ੍ਰਮੁੱਖ ਵਿਦੇਸ਼ੀ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਮਜ਼ਬੂਤੀ ਨਾਲ ਰੁਪਏ 'ਤੇ ਦਬਾਅ ਪੈ ਰਿਹਾ ਹੈ। ਭਾਰਤ ਕੱਚੇ ਤੇਲ ਦੇ ਸਭ ਤੋਂ ਵੱਡੇ ਦਰਾਮਦਕਾਰਾਂ 'ਚੋਂ ਇਕ ਹੈ। ਜਿਸ ਦੇ ਨਾਤੇ ਰੁਪਏ ਦੀ ਵਟਾਂਦਰਾ ਦਰ 'ਚ ਗਿਰਾਵਟ ਦਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ, ਮਜ਼ਬੂਤ ਕੌਮਾਂਤਰੀ ਰੁਖ਼ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 'ਚ ਵੀ ਤੇਜ਼ੀ ਆਈ ਹੈ।ਉਨ੍ਹਾਂ ਕਿਹਾ, ''ਸਾਨੂੰ ਭਰੋਸਾ ਹੈ ਕਿ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਮਾਮਲੇ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਟੈਕਸ ਬੋਝ ਨੂੰ ਘੱਟ ਕਰਨ ਸਮੇਤ ਹੋਰ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।''
ਚੰਦਾ ਕੋਚਰ ਦੇ ਖਿਲਾਫ CBI ਦੀ ਮੁਢਲੀ ਜਾਂਚ ਹੋ ਸਕਦੀ ਹੈ FIR ’ਚ ਤਬਦੀਲ
NEXT STORY