ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਹੋਏ 11,400 ਕਰੋੜ ਰੁਪਏ ਦੇ ਘੋਟਾਲੇ ਦੇ ਬਾਅਦ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਸਾਰੇ ਸਰਕਾਰੀ ਬੈਂਕਾਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਹਨ। ਸੀ. ਵੀ. ਸੀ. ਨੇ ਸਾਰੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ 3 ਸਾਲਾਂ ਤੋਂ ਵਧ ਇਕ ਹੀ ਜਗ੍ਹਾ 'ਤੇ ਬੈਠੇ ਸਾਰੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਜਾਵੇ। ਸੀ. ਵੀ. ਸੀ. ਨੇ ਕਿਹਾ ਕਿ ਜਿਹੜੇ ਅਧਿਕਾਰੀ 31 ਦਸੰਬਰ 2017 ਤਕ ਤਿੰਨ ਸਾਲ ਪੂਰੇ ਕਰ ਚੁੱਕੇ ਹਨ ਉਨ੍ਹਾਂ ਦਾ ਟਰਾਂਸਫਰ ਹੋਰ ਜਗ੍ਹਾ ਕਰ ਦਿੱਤਾ ਜਾਵੇ। ਇੰਨਾ ਹੀ ਨਹੀਂ ਸੀ. ਵੀ. ਸੀ. ਨੇ ਇਹ ਵੀ ਕਿਹਾ ਹੈ ਕਿ 31 ਦਸੰਬਰ 2017 ਤੱਕ ਪੰਜ ਸਾਲ ਪੂਰੇ ਕਰਨ ਵਾਲੇ ਸਾਰੇ ਕਲਰਕ ਸਟਾਫ ਦੇ ਤਬਾਦਲੇ ਵੀ ਤੁਰੰਤ ਕੀਤੇ ਜਾਣੇ ਚਾਹੀਦੇ ਹਨ। ਸੀ. ਵੀ. ਸੀ. ਦੇ ਕਹਿਣ 'ਤੇ ਬੈਂਕ ਆਫ਼ ਬੜੋਦਾ (ਬੀ. ਓ. ਆਈ.) ਨੇ ਪ੍ਰਕਿਰਿਆ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।
ਸੈਂਟਰਲ ਵਿਜੀਲੈਂਸ ਬਿਊਰੋ ਦੀਆਂ ਹਦਾਇਤਾਂ ਮੁਤਾਬਕ, ਸਾਰੇ ਅਫਸਰਾਂ ਦਾ ਹਰ 3 ਸਾਲ ਬਾਅਦ ਤਬਾਦਲਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਅਫਸਰਾਂ ਲਈ ਬੈਂਕ ਦੀ ਤਬਾਦਲਾ ਨੀਤੀ ਅਨੁਸਾਰ, ਕਿਸੇ ਵੀ ਅਧਿਕਾਰੀ ਨੂੰ ਉਸੇ ਅਹੁਦੇ 'ਤੇ 3 ਸਾਲ ਤੋਂ ਵੱਧ ਦੀ ਮਿਆਦ ਲਈ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਨਾ ਹੀ ਇਕ ਇਲਾਕੇ 'ਚ 5 ਸਾਲ ਤੋਂ ਵਧ ਸਮੇਂ ਤਕ ਉਸ ਦੀ ਪੋਸਟਿੰਗ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਜਿਹੜੇ ਵੀ ਸਰਕਾਰੀ ਬੈਂਕ 'ਚ ਪਿਛਲੇ ਕਈ ਸਾਲਾਂ ਤੋਂ ਅਧਿਕਾਰੀ ਜਾਂ ਕਲਰਕ ਇਕ ਹੀ ਜਗ੍ਹਾ 'ਤੇ ਨੌਕਰੀ ਕਰ ਰਹੇ ਹਨ, ਹੁਣ ਉਨ੍ਹਾਂ ਦਾ ਤੁਰੰਤ ਟਰਾਂਸਫਰ ਹੋ ਜਾਵੇਗਾ ਅਤੇ ਬੈਂਕ ਨੂੰ ਇਸ ਦੀ ਜਾਣਕਾਰੀ ਸੀ. ਵੀ. ਸੀ. ਨੂੰ ਦੇਣੀ ਹੋਵੇਗੀ।
ਕਿਉਂ ਦਿੱਤੇ ਗਏ ਬੈਂਕਾਂ ਨੂੰ ਟਰਾਂਸਫਰ ਦੇ ਹੁਕਮ
ਪੀ. ਐੱਨ. ਬੀ. 'ਚ ਹੋਏ ਘੋਟਾਲੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਨਾਲ ਜੁੜੇ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਗੋਕੁਲਨਾਥ ਸ਼ੈਟੀ ਅਤੇ ਸਿੰਗਲ ਵਿੰਡੋ ਆਪਰੇਟਰ ਮਨੋਜ ਕਰਾਤ ਪਿਛਲੇ ਤਕਰੀਬਨ 7 ਸਾਲਾਂ ਤੋਂ ਇਕ ਹੀ ਜਗ੍ਹਾ 'ਤੇ ਤਾਇਨਾਤ ਸਨ। ਇਸ ਦੇ ਮੱਦੇਨਜ਼ਰ ਇਹ ਘੋਟਾਲਾ ਚਲਦਾ ਰਿਹਾ। ਇਸ ਤੋਂ ਪਹਿਲਾਂ ਵੀ ਬੈਂਕਾਂ 'ਚ ਅਜਿਹੇ ਕਈ ਮਾਮਲੇ ਆਏ ਸਨ, ਜਦੋਂ ਇਕ ਹੀ ਪੋਸਟ 'ਤੇ ਤਾਇਨਾਤ ਅਫਸਰਾਂ ਦੇ ਚੱਲਦੇ ਘੋਟਾਲੇ ਹੋਏ ਸਨ। ਇਸੇ ਦੇ ਮੱਦੇਨਜ਼ਰ ਕੁਝ ਸਾਲ ਪਹਿਲਾਂ ਸੀ. ਵੀ. ਸੀ. ਨੇ ਹੁਕਮ ਜਾਰੀ ਕੀਤਾ ਸੀ ਕਿ ਕੋਈ ਵੀ ਬੈਂਕ ਅਫਸਰ ਇਕ ਜਗ੍ਹਾ 'ਤੇ 3 ਸਾਲ ਤੋਂ ਜ਼ਿਆਦਾ ਤਕ ਨਾ ਰੱਖਿਆ ਜਾਵੇ। ਪੀ. ਐੱਨ. ਬੀ. ਘੋਟਾਲੇ ਕਾਰਨ ਇਹ ਸਾਫ ਹੋਇਆ ਹੈ ਕਿ ਸੀ. ਵੀ. ਸੀ. ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸੀ. ਵੀ. ਸੀ. ਨੇ ਦੁਬਾਰਾ ਇਹ ਹੁਕਮ ਜਾਰੀ ਕੀਤੇ ਹਨ। ਇਸ ਵਾਰ ਸੀ. ਵੀ. ਸੀ. ਨੇ ਕਿਹਾ ਹੈ ਕਿ ਬੈਂਕ ਜਲਦ ਤੋਂ ਜਲਦ ਇਹ ਤਬਾਦਲੇ ਕਰਕੇ ਉਸ ਨੂੰ ਵੀ ਸੂਚਤ ਕਰਨ।
PNB ਘੋਟਾਲਾ: ਜਾਂਚ ਦੇ ਘੇਰੇ 'ਚ ਦੂਸਰੇ ਬੈਂਕਾਂ ਦੇ ਅਧਿਕਾਰੀ ਵੀ
NEXT STORY