ਨਵੀਂ ਦਿੱਲੀ–ਦਿੱਲੀ ’ਚ ਪੰਜ ਸਿਤਾਰਾ ਅਤੇ ਚਾਰ ਸਿਤਾਰਾ ਹੋਟਲਾਂ ’ਚ ਮੌਜੂਦ ਸਾਰੇ ਰੈਸਟੋਰੈਂਟਸ ਨੂੰ ਹੁਣ 24 ਘੰਟੇ ਖੋਲ੍ਹਣ ਦੀ ਇਜਾਜ਼ਤ ਮਿਲਣ ਵਾਲੀ ਹੈ। ਇਸ ਲਈ ਲਾਈਸੈਂਸ ਮਾਪਦੰਡਾਂ ’ਚ ਢਿੱਲ ਦਿੱਤੀ ਜਾਵੇਗੀ, ਜਿਸ ਦਾ ਮਕਸਦ ਰਾਸ਼ਟਰੀ ਰਾਜਧਾਨੀ ’ਚ ਰਾਤ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਹੈ। ਦਿੱਲੀ ਦੇ ਉਪ-ਰਾਜਪਾਲ ਵੀ. ਕੇ. ਸਕਸੇਨਾ ਨੇ ਨਵੰਬਰ ’ਚ ਰੈਸਟੋਰੈਂਟਸ ਅਤੇ ਢਾਬਿਆਂ ਲਈ ਲਾਈਸੈਂਸ ਸਬੰਧੀ ਲੋੜਾਂ ਨੂੰ ਸੌਖਾਲਾ ਬਣਾਉਣ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੂੰ ਮੌਜੂਦਾ ਨਿਯਮਾਂ ਦੀ ਜਾਂਚ ਕਰਨ ਅਤੇ ਲਾਈਸੈਂਸ ਪ੍ਰਕਿਰਿਆਵਾਂ ’ਚ ਤੇਜ਼ੀ ਲਿਆਉਣ ਲਈ ਸੁਝਾਅ ਦੇਣ ਨੂੰ ਕਿਹਾ ਗਿਆ ਸੀ।
ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਨੂੰ ਨਰਮ ਬਣਾਉਣ ਲਈ ਕਈ ਦੌਰ ਦੀਆਂ ਬੈਠਕਾਂ ਹੋਈਆਂ। ਨਵੀਆਂ ਅਰਜ਼ੀਆਂ ’ਚ ਜ਼ਰੂਰੀ ਬਦਲਾਅ ਲਿਆਉਣ ਲਈ ਹੁਣ ਇਨ੍ਹਾਂ ਨੂੰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨ. ਆਈ. ਸੀ.) ਨੂੰ ਭੇਜਿਆ ਜਾਵੇਗਾ ਅਤੇ ਫਿਰ ਗ੍ਰਹਿ ਮੰਤਰਾਲਾ ਦੇ ਲਾਈਸੈਂਸ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ। ਇਕ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਕਿਰਿਆ ਦੇ ਅਗਲੇ ਤਿੰਨ ਹਫਤਿਆਂ ’ਚ ਪੂਰਾ ਹੋ ਜਾਣ ਦੀ ਉਮੀਦ ਹੈ ਅਤੇ 26 ਜਨਵਰੀ ਤੋਂ ਉੱਦਮੀ ਰਾਸ਼ਟਰੀ ਰਾਜਧਾਨੀ ’ਚ ਨਰਮ ਲਾਈਸੈਂਸ ਵਿਵਸਥਾ ਦਾ ਲਾਭ ਉਠਾ ਸਕਣਗੇ।
ਨਵੇਂ ਮਾਪਦੰਡਾਂ ਦੇ ਤਹਿਤ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਆਈ. ਐੱਸ. ਬੀ. ਟੀ. ਕੰਪਲੈਕਸ ਦੇ ਅੰਦਰ ਪੰਜ ਸਿਤਾਰਾ ਅਤੇ ਚਾਰ ਸਿਤਾਰਾ ਹੋਟਲਾਂ ਦੇ ਸਾਰੇ ਰੈਸਟੋਰੈਂਟ ਜ਼ਰੂਰੀ ਟੈਕਸ ਦੇ ਭੁਗਤਾਨ ਤੋਂ ਬਾਅਦ 24 ਘੰਟੇ ਖੋਲ੍ਹੇ ਜਾ ਸਕਣਗੇ। ਇਸ ਤਰ੍ਹਾਂ ਤਿੰਨ ਸਿਤਾਰਾ ਹੋਟਲਾਂ ’ਚ ਮੌਜੂਦ ਰੈਸਟੋਰੈਂਟਸ ਨੂੰ ਰਾਤ 2 ਵਜੇ ਤੱਕ ਖੋਲ੍ਹਿਆ ਜਾ ਸਕੇਗਾ ਜਦ ਕਿ ਹੋਰ ਬਾਕੀ ਸ਼੍ਰੇਣੀਆਂ ’ਚ ਇਹ ਸਮਾਂ ਹੱਦ ਰਾਤ ਇਕ ਵਜੇ ਦਾ ਹੋਵੇਗਾ। ਲਾਈਸੈਂਸ ਲੈਣ ਲਈ ਜ਼ਰੂਰੀ ਦਸਤਾਵੇਜ਼ਾਂ ਦੀ ਗਿਣਤੀ ’ਚ ਵੀ ਕਮੀ ਕੀਤੀ ਗਈ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਨਵੇਂ ਸਾਲ ਦੇ ਪਹਿਲੇ ਦਿਨ ਲੱਗਾ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ LPG ਸਿਲੰਡਰ
NEXT STORY