ਨਵੀਂ ਦਿੱਲੀ (ਭਾਸ਼ਾ) - ਰੇਟਿੰਗ ਏਜੰਸੀ ਐੱਸ. ਐਂਡ ਪੀ. ਨੇ ਚਾਲੂ ਮਾਲੀ ਸਾਲ ਲਈ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ 0.2 ਫ਼ੀਸਦੀ ਘਟਾ ਕੇ 6.3 ਫ਼ੀਸਦੀ ਕਰ ਦਿੱਤਾ। ਇਹ ਕਟੌਤੀ ਅਮਰੀਕੀ ਟੈਰਿਫ ਨੀਤੀ ’ਤੇ ਕਾਇਮ ਬੇ-ਭਰਸੋਗੀ ਅਤੇ ਅਰਥਵਿਵਸਥਾ ’ਤੇ ਇਸ ਦੇ ਨਾਂਹ-ਪੱਖੀ ਅਸਰ ਨੂੰ ਵੇਖਦੇ ਹੋਏ ਕੀਤੀ ਗਈ ਹੈ।
ਐੱਸ. ਐਂਡ ਪੀ. ਗਲੋਬਲ ਰੇਟਿੰਗਸ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚੋਂ ਚੀਨ ਦੀ ਵਾਧਾ ਦਰ 2025 ’ਚ 0.7 ਫ਼ੀਸਦੀ ਘਟ ਕੇ 3.5 ਫ਼ੀਸਦੀ ਅਤੇ 2026 ’ਚ 3 ਫ਼ੀਸਦੀ ’ਤੇ ਆ ਜਾਣ ਦੀ ਸੰਭਾਵਨਾ ਹੈ। ਇਸ ਦਾ ਅੰਦਾਜ਼ਾ ਹੈ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਮਾਲੀ ਸਾਲ 2025-26 ’ਚ 6.3 ਫ਼ੀਸਦੀ ਅਤੇ 2026-27 ’ਚ 6.5 ਫ਼ੀਸਦੀ ਰਹੇਗੀ।
ਰੇਟਿੰਗ ਏਜੰਸੀ ਨੇ ਮਾਰਚ ’ਚ ਲਾਏ ਆਪਣੇ ਪਿਛਲੇ ਅੰਦਾਜ਼ੇ ’ਚ ਵੀ ਭਾਰਤ ਦੀ ਜੀ. ਡੀ. ਪੀ. ਵਾਧੇ ਦੇ ਮਾਲੀ ਸਾਲ 2025-26 ’ਚ 6.7 ਫ਼ੀਸਦੀ ਤੋਂ ਘਟ ਕੇ 6.5 ਫ਼ੀਸਦੀ ਰਹਿਣ ਦੀ ਗੱਲ ਕਹੀ ਸੀ। ਐੱਸ. ਐਂਡ ਪੀ. ਨੇ ਕਿਹਾ, ‘‘ਸਾਡੇ ਬੁਨਿਆਦੀ ਅਗਾਊਂ-ਅੰਦਾਜ਼ਿਆਂ ਲਈ ਜੋਖਮ ਕਾਫ਼ੀ ਨਾਂਹ-ਪੱਖੀ ਬਣੇ ਹੋਏ ਹਨ। ਟੈਰਿਫ ਝਟਕੇ ਨਾਲ ਅਰਥਵਿਵਸਥਾ ’ਤੇ ਉਮੀਦ ਤੋਂ ਕਿਤੇ ਜ਼ਿਆਦਾ ਨਾਂਹ-ਪੱਖੀ ਪ੍ਰਭਾਵ ਪੈ ਸਕਦਾ ਹੈ। ਗਲੋਬਲ ਅਰਥਵਿਵਸਥਾ ਦੇ ਲੰਮੀ ਮਿਆਦ ਦੇ ਢਾਂਚੇ, ਜਿਸ ’ਚ ਅਮਰੀਕਾ ਦੀ ਭੂਮਿਕਾ ਵੀ ਸ਼ਾਮਲ ਹੈ, ਉਹ ਵੀ ਤੈਅ ਨਹੀਂ ਹੈ।
ਅਮਰੀਕੀ ਅਰਥਵਿਵਸਥਾ ’ਚ ਹੋ ਸਕਦਾ ਹੈ 1.5 ਫ਼ੀਸਦੀ ਦਾ ਵਾਧਾ
ਰੇਟਿੰਗ ਏਜੰਸੀ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ ਦੇ ਸਾਲ 2025 ਦੇ ਅੰਤ ’ਚ 88.00 ਰੁਪਏ ਪ੍ਰਤੀ ਡਾਲਰ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ, ਜੋ 2024 ਦੇ ਅੰਤ ’ਚ 86.64 ਰੁਪਏ ਪ੍ਰਤੀ ਡਾਲਰ ਸੀ। ਐੱਸ. ਐਂਡ ਪੀ. ਮੁਤਾਬਕ ਇਸ ਸਾਲ ਅਮਰੀਕੀ ਅਰਥਵਿਵਸਥਾ ’ਚ 1.5 ਫ਼ੀਸਦੀ ਅਤੇ ਅਗਲੇ ਸਾਲ 1.7 ਫ਼ੀਸਦੀ ਦੀ ਵਾਧਾ ਹੋਣ ਦੀ ਉਮੀਦ ਹੈ।
ਗਲੋਬਲ ਰੇਟਿੰਗ ਏਜੰਸੀ ਦਾ ਮੰਨਣਾ ਹੈ ਕਿ ਅਮਰੀਕਾ ਦੀ ਐਕਸਾਈਜ਼ ਡਿਊਟੀ ਨੀਤੀ 3 ਤਰ੍ਹਾਂ ਦੀ ਹੋ ਸਕਦੀ ਹੈ। ਚੀਨ ਨਾਲ ਇਹ ਦੋ-ਪੱਖੀ ਵਪਾਰ ਅਸੰਤੁਲਨ, ਅਣ-ਉਚਿਤ ਮੁਕਾਬਲੇਬਾਜ਼ੀ ਅਤੇ ਭੂ-ਸਿਆਸੀ ਤਣਾਵਾਂ ਕਾਰਨ ਇਕ ਵੱਖਰਾ ਮਾਮਲਾ ਹੋਵੇਗਾ। ਯੂਰਪੀ ਯੂਨੀਅਨ ਨਾਲ ਵਪਾਰ ਸਬੰਧ ਗੁੰਝਲਦਾਰ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਕੈਨੇਡਾ ਅਮਰੀਕਾ ਨਾਲ ਵਪਾਰ ਵਾਰਤਾ ’ਚ ਸਖ਼ਤ ਰੁਖ਼ ਅਪਣਾ ਸਕਦਾ ਹੈ। ਐੱਸ. ਐਂਡ ਪੀ. ਨੂੰ ਉਮੀਦ ਹੈ ਕਿ ਬਾਕੀ ਦੇਸ਼ ਜਵਾਬੀ ਕਦਮ ਚੁੱਕਣ ਦੀ ਬਜਾਏ ਅਮਰੀਕਾ ਨਾਲ ਸਮਝੌਤੇ ਦੀ ਕੋਸ਼ਿਸ਼ ਕਰਨਗੇ।
ਮੈਨੂਫੈਕਚਰਿੰਗ PMI ਅਪ੍ਰੈਲ ’ਚ 10 ਮਹੀਨਿਆਂ ਦੇ ਉੱਚੇ ਪੱਧਰ ’ਤੇ, IIP ’ਚ ਵੀ ਦਿਸੀ ਤੇਜ਼ੀ
NEXT STORY