ਨਵੀਂ ਦਿੱਲੀ - ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀ ਵਾਧਾ ਦਰ ਅਪ੍ਰੈਲ ’ਚ ਵਧ ਕੇ 10 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ। ਆਰਡਰ ਬੁੱਕ ’ਚ ਜ਼ਬਰਦਸਤ ਵਾਧੇ ਕਾਰਨ ਮੈਨੂਫੈਕਚਰਿੰਗ ਨੂੰ ਬੂਸਟ ਮਿਲਿਆ। ਜੂਨ 2024 ਤੋਂ ਬਾਅਦ ਉਤਪਾਦਨ ’ਚ ਇਹ ਸਭ ਤੋਂ ਤੇਜ਼ ਵਾਧਾ ਹੈ। ਸ਼ੁੱਕਰਵਾਰ ਨੂੰ ਇਕ ਮਹੀਨਾਵਾਰੀ ਸਰਵੇਖਣ ’ਚ ਇਹ ਜਾਣਕਾਰੀ ਦਿੱਤੀ ਗਈ।
ਮੌਸਮੀ ਤੌਰ ’ਤੇ ਐਡਜਸਟਿਡ ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪ੍ਰਚੇਜਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਵਧ ਕੇ ਅਪ੍ਰੈਲ ’ਚ 58.2 ’ਤੇ ਪਹੁੰਚ ਗਿਆ। ਇਹ ਮਾਰਚ ’ਚ 58.1 ’ਤੇ ਸੀ। ਇਹ ਪਿਛਲੇ 10 ਮਹੀਨਿਆਂ ’ਚ ਮੈਨੂਫੈਕਚਰਿੰਗ ਸੈਕਟਰ ਦੀ ਸਿਹਤ ’ਚ ਸਭ ਤੋਂ ਮਜ਼ਬੂਤ ਸੁਧਾਰ ਦਰਸਾਉਂਦਾ ਹੈ।
ਪੀ. ਐੱਮ. ਆਈ. ਦੇ ਤਹਿਤ 50 ਤੋਂ ਉੱਪਰ ਦਾ ਸਕੋਰ ਹੋਣ ਦਾ ਮਤਲਬ ਉਤਪਾਦਨ ਸਰਗਰਮੀਆਂ ’ਚ ਵਾਧਾ, ਜਦੋਂ ਕਿ 50 ਤੋਂ ਹੇਠਾਂ ਦਾ ਅੰਕੜਾ ਕਮੀ ਨੂੰ ਦਰਸਾਉਂਦਾ ਹੈ।
ਨਵੇਂ ਆਰਡਰਾਂ ’ਚ ਤੇਜ਼ੀ ਨਾਲ ਵਧਿਆ ਉਤਪਾਦਨ
ਆਊਟਪੁਟ ਗ੍ਰੋਥ (ਉਤਪਾਦਨ) ’ਚ ਹਾਲੀਆ ਸੁਧਾਰ ਦਾ ਇਕ ਪ੍ਰਮੁੱਖ ਕਾਰਨ ਨਵੇਂ ਆਰਡਰਾਂ ’ਚ ਤੇਜ਼ ਵਾਧਾ ਰਿਹਾ। ਮੈਨੂਫੈਕਚਰਿੰਗ ਸੈਕਟਰ ਦੀ ਵਾਧਾ ਦਰ ਨੂੰ ਘਰੇਲੂ ਅਤੇ ਕੌਮਾਂਤਰੀ ਦੋਵਾਂ ਮੰਗਾਂ ਤੋਂ ਸਮਰਥਨ ਮਿਲਿਆ। ਸਰਵੇਖਣ ਅਨੁਸਾਰ ਕੁੱਲ ਵਿਕਰੀ ’ਚ ਵਾਧਾ ਕੌਮਾਂਤਰੀ ਆਰਡਰਾਂ ’ਚ ਤੇਜ਼ ਵਾਧੇ ਦੀ ਵਜ੍ਹਾ ਨਾਲ ਹੋਈ।
ਸਰਵੇਖਣ ’ਚ ਸ਼ਾਮਲ ਪ੍ਰਤੀਭਾਗੀਆਂ ਨੇ ਦੱਸਿਆ ਕਿ ਮਾਲੀ ਸਾਲ 2025-26 ਦੀ ਸ਼ੁਰੂਆਤ ’ਚ ਵਿਦੇਸ਼ਾਂ ਤੋਂ ਮਿਲੇ ਨਵੇਂ ਕਾਰੋਬਾਰ ’ਚ ਪਿਛਲੇ 14 ਸਾਲਾਂ ’ਚ ਸਭ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ। ਇਹ ਮੰਗ ਮੁੱਖ ਤੌਰ ’ਤੇ ਅਫਰੀਕਾ, ਏਸ਼ੀਆ, ਯੂਰਪ, ਮੱਧ ਪੂਰਬ ਅਤੇ ਅਮਰੀਕਾ ਵਰਗੀਆਂ ਥਾਵਾਂ ਤੋਂ ਆਈ।
ਐੱਚ. ਐੱਸ. ਬੀ. ਸੀ. ਦੇ ਮੁੱਖ ਅਰਥਸ਼ਾਸਤਰੀ (ਭਾਰਤ) ਪ੍ਰਾਂਜੁਲ ਭੰਡਾਰੀ ਨੇ ਕਿਹਾ, ‘‘ਅਪ੍ਰੈਲ ’ਚ ਨਵੇਂ ਬਰਾਮਦ ਆਰਡਰ ’ਚ ਰਿਕਾਰਡ ਵਾਧਾ ਭਾਰਤ ’ਚ ਉਤਪਾਦਨ ’ਚ ਸੰਭਾਵੀ ਬਦਲਾਅ ਦਾ ਸੰਕੇਤ ਦੇ ਸਕਦਾ ਹੈ, ਕਿਉਂਕਿ ਕਾਰੋਬਾਰ ਉੱਭਰਦੇ ਵਪਾਰ ਪਰਿਦ੍ਰਿਸ਼ ਅਤੇ ਅਮਰੀਕੀ ਟੈਰਿਫ ਐਲਾਨਾਂ ਮੁਤਾਬਿਕ ਹੋ ਰਹੇ ਹਨ।’’ ਇਸ ਹਾਂ-ਪੱਖੀ ਰੁਝਾਨ ਨਾਲ ਰੋਜ਼ਗਾਰ ਅਤੇ ਖਰੀਦ ਸਰਗਰਮੀ ’ਚ ਰਿਕਾਰਡ ਵਾਧਾ ਹੋਇਆ।
ਕੰਪਨੀਆਂ ਨੂੰ ਮਿਲੀ ਕੀਮਤ ਤੈਅ ਕਰਨ ਦੀ ਤਾਕਤ
ਕੀਮਤਾਂ ਦੇ ਮੋਰਚੇ ’ਤੇ ਭਾਰਤੀ ਵਸਤਾਂ ਦੀ ਮਜ਼ਬੂਤ ਮੰਗ ਨੇ ਕੰਪਨੀਆਂ ਦੀ ਮੁੱਲ ਨਿਰਧਾਰਣ ਸ਼ਕਤੀ ਨੂੰ ਉਤਸ਼ਾਹ ਦਿੱਤਾ, ਜਿਸ ਨਾਲ ਵੇਚ ਟੈਕਸ ਅਕਤੂਬਰ 2013 ਤੋਂ ਬਾਅਦ ਸਭ ਤੋਂ ਜ਼ਿਆਦਾ ਵਧ ਗਿਆ। ਇਹ ਕੱਚੇ ਮਾਲ ਦੀ ਲਾਗਤ ’ਚ ਮਾਮੂਲੀ ਵਾਧੇ ਦੇ ਬਾਵਜੂਦ ਸੀ।
ਅਪ੍ਰੈਲ ਦੇ ਅੰਕੜਿਆਂ ’ਚ ਆਉਣ ਵਾਲੇ ਸਾਲ ’ਚ ਉਤਪਾਦਨ ਦੀਆਂ ਸੰਭਾਵਨਾਵਾਂ ਬਾਰੇ ਮਜ਼ਬੂਤ ਆਸ਼ਾਵਾਦ ਸਪੱਸ਼ਟ ਸੀ, ਜੋ ਮੰਗ ਦੀ ਮਜ਼ਬੂਤੀ ਦੀਆਂ ਉਮੀਦਾਂ ਤੋਂ ਪ੍ਰੇਰਿਤ ਸੀ। ਮਾਰਕੀਟਿੰਗ ਯਤਨਾਂ, ਕੁਸ਼ਲਤਾ ’ਚ ਵਾਧਾ ਅਤੇ ਨਵੇਂ ਗਾਹਕਾਂ ਦੀ ਪੁੱਛਗਿੱਛ ਨੇ ਵੀ ਹਾਂ-ਪੱਖੀ ਅਗਾਊਂ-ਅੰਦਾਜ਼ਿਆਂ ਨੂੰ ਮਜ਼ਬੂਤੀ ਦਿੱਤੀ। ਐੱਚ. ਐੱਸ. ਬੀ. ਸੀ. ਇੰਡੀਆ ਵਿਨਿਰਮਾਣ ਪੀ. ਐੱਮ. ਆਈ. ਨੂੰ ਐੱਸ. ਐਂਡ ਪੀ. ਗਲੋਬਲ ਨੇ ਕਰੀਬ 400 ਨਿਰਮਾਤਾਵਾਂ ਦੇ ਇਕ ਸਮੂਹ ’ਚ ਖਰੀਦ ਪ੍ਰਬੰਧਕਾਂ ਨੂੰ ਭੇਜੇ ਗਏ ਸਵਾਲਾਂ ਦੇ ਜਵਾਬਾਂ ਦੇ ਆਧਾਰ ’ਤੇ ਤਿਆਰ ਕੀਤਾ ਹੈ।
ਪਾਕਿਸਤਾਨ ਨੂੰ ‘ਪਾਈ-ਪਾਈ’ ਲਈ ਤਰਸਾਏਗਾ ਭਾਰਤ
NEXT STORY