ਨਵੀਂ ਦਿੱਲੀ (ਭਾਸ਼ਾ) - ਦਿੱਲੀ-ਐੱਨ. ਸੀ. ਆਰ. ’ਚ ਚਾਲੂ ਸਾਲ ਦੇ ਪਹਿਲੇ 9 ਮਹੀਨੇ ਜਨਵਰੀ-ਸਤੰਬਰ ਦੌਰਾਨ 1.5 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਘਰਾਂ ਦੀ ਵਿਕਰੀ ਦੁੱਗਣੀ ਹੋ ਕੇ 13,630 ਯੂਨਿਟ ਰਹਿ ਗਈ ਹੈ। ਦੱਸ ਦੇਈਏ ਕਿ ਇਹ ਜਾਣਕਾਰੀ ਰੀਅਲ ਅਸਟੇਟ ਸਲਾਹਕਾਰ ਐਨਾਰਾਕ ਦੇ ਅੰਕੜਿਆਂ ਤੋਂ ਮਿਲੀ ਹੈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਦਿੱਲੀ-ਐੱਨ. ਸੀ. ਆਰ. ’ਚ ਲਗਜ਼ਰੀ ਘਰਾਂ ਦੀ ਵਿਕਰੀ 6,210 ਯੂਨਿਟ ਰਹੀ ਸੀ।
ਇਸਦੇ ਨਾਲ ਹੀ ਐਨਾਰਾਕ ਨੇ 7 ਵੱਡੇ ਸ਼ਹਿਰਾਂ ’ਚ ਲਗਜ਼ਰੀ ਘਰਾਂ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਹਨ। ਇਸ ਸਾਲ ਜਨਵਰੀ-ਸਤੰਬਰ ਦੌਰਾਨ 7 ਵੱਡੇ ਸ਼ਹਿਰਾਂ ’ਚ ਲਗਜ਼ਰੀ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਦੁੱਗਣੀ ਤੋਂ ਵੱਧ ਕੇ 84,400 ਇਕਾਈਆਂ ਰਹੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 39,300 ਯੂਨਿਟ ਸੀ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਮੰਗ ਵਧਣ ਨਾਲ ਲਗਜ਼ਰੀ ਰਿਹਾਇਸ਼ੀ ਸੈਕਟਰ ਤੇਜ਼ੀ ਨਾਲ ਵਧ ਰਿਹਾ ਹੈ।
ਇਸ ਸੈਕਟਰ ’ਚ ਸਪਲਾਈ ਵੀ ਹੋਈ ਹੈ ਬਿਹਤਰ
ਅੰਕੜਿਆਂ ਅਨੁਸਾਰ ਹੈਦਰਾਬਾਦ ’ਚ ਇਸ ਸਾਲ ਲਗਜ਼ਰੀ ਘਰਾਂ ਦੀ ਵਿਕਰੀ ਤਿੰਨ ਗੁਣਾ ਹੋ ਕੇ 13,630 ਯੂਨਿਟ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 3,790 ਯੂਨਿਟ ਰਹੀ ਸੀ। ਸਮੀਖਿਆ ਅਧੀਨ ਮਿਆਦ ਦੌਰਾਨ ਬੈਂਗਲੁਰੂ ’ਚ ਲਗਜ਼ਰੀ ਘਰਾਂ ਦੀ ਵਿਕਰੀ 3,810 ਤੋਂ ਵਧ ਕੇ 9,220 ਯੂਨਿਟ ’ਤੇ ਪਹੁੰਚ ਗਈ। ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ’ਚ ਲਗਜ਼ਰੀ ਰਿਹਾਇਸ਼ੀ ਇਕਾਈਆਂ ਦੀ ਵਿਕਰੀ 74 ਫ਼ੀਸਦੀ ਵਧ ਕੇ 20,820 ਤੋਂ 36,130 ਇਕਾਈਆਂ ਹੋ ਗਈ ਹੈ। ਪੁਣੇ ’ਚ ਲਗਜ਼ਰੀ ਘਰਾਂ ਦੀ ਵਿਕਰੀ 2,350 ਯੂਨਿਟਾਂ ਤੋਂ ਲਗਭਗ ਤਿੰਨ ਗੁਣਾ ਵੱਧ ਕੇ 6,850 ਯੂਨਿਟ ’ਤੇ ਪਹੁੰਚ ਗਈ। ਚੇਨਈ ’ਚ ਲਗਜ਼ਰੀ ਘਰਾਂ ਦੀ ਵਿਕਰੀ 1,370 ਯੂਨਿਟਾਂ ਤੋਂ ਵਧ ਕੇ 3,330 ਯੂਨਿਟ ਹੋ ਗਈ।
ਲਗਜ਼ਰੀ ਘਰਾਂ ਦੀ ਹਿੱਸੇਦਾਰੀ
ਇਸ ਸਾਲ ਜਨਵਰੀ-ਸਤੰਬਰ ਦੌਰਾਨ ਕੋਲਕਾਤਾ ’ਚ ਲਗਜ਼ਰੀ ਘਰਾਂ ਦੀ ਵਿਕਰੀ 69 ਫ਼ੀਸਦੀ ਵਧ ਕੇ 1,610 ਇਕਾਈਆਂ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 950 ਇਕਾਈਆਂ ਸੀ। ਸਾਰੇ ਮੁੱਲ ਵਰਗਾਂ ਨੂੰ ਸ਼ਾਮਲ ਕਰਦੇ ਹੋਏ ਐਨਾਰਾਕ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਇਨ੍ਹਾਂ 7 ਸ਼ਹਿਰਾਂ ’ਚ ਕੁੱਲ 3.49 ਲੱਖ ਘਰ ਵੇਚੇ ਗਏ। ਇਸ ’ਚ ਲਗਜ਼ਰੀ ਘਰਾਂ ਦੀ ਹਿੱਸੇਦਾਰੀ 24 ਫ਼ੀਸਦੀ ਸੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਕੁੱਲ ਵਿਕਰੀ ’ਚ ਲਗਜ਼ਰੀ ਘਰਾਂ ਦੀ ਹਿੱਸੇਦਾਰੀ ਸਿਰਫ਼ 14 ਫ਼ੀਸਦੀ ਸੀ।
ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ
NEXT STORY