ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਵਿਭਾਗ ਇਸ ਹਫਤੇ ਦੂਰਸੰਚਾਰ ਕੰਪਨੀਆਂ ਨੂੰ ਹਾਲ ’ਚ ਸੰਪੰਨ ਨਿਲਾਮੀ ’ਚ ਖਰੀਦੇ ਗਏ ਸਪੈਕਟ੍ਰਮ ਦੇ ਭੁਗਤਾਨ ਲਈ ਮੰਗ-ਪੱਤਰ ਜਾਰੀ ਕਰ ਸਕਦਾ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। 7 ਗੇੜਾਂ ’ਚ ਦੋ ਦਿਨ ਤੱਕ ਚੱਲੀ ਇਸ ਨਿਲਾਮੀ ’ਚ 141.4 ਮੈਗਾਹਰਟਜ਼ ਰੇਡੀਓ ਤਰੰਗਾਂ ਦੀ ਵਿਕਰੀ 11,340.78 ਕਰੋੜ ਰੁਪਏ ’ਚ ਹੋਈ ਹੈ। ਇਸ ਵਾਰ 25 ਜੂਨ ਨੂੰ ਸ਼ੁਰੂ ਹੋਈ ਨਿਲਾਮੀ ਦੌਰਾਨ ਕੁਲ 96,238 ਕਰੋੜ ਰੁਪਏ ਮੁੱਲ ਦੀਆਂ 10,500 ਮੈਗਾਹਰਟਜ਼ ਰੇਡੀਓ ਤਰੰਗਾਂ ਦੀ ਬੋਲੀ ਰੱਖੀ ਗਈ ਸੀ।
ਇਸ ਨਿਲਾਮੀ ’ਚ ਵੇਚੇ ਗਏ 11,341 ਕਰੋੜ ਰੁਪਏ ਮੁੱਲ ਦੇ ਸਪੈਕਟ੍ਰਮ ’ਚ ਲੱਗਭਗ 60 ਫੀਸਦੀ ਸੁਨੀਲ ਮਿੱਤਲ ਦੀ ਏਅਰਟੈੱਲ ਨੇ ਹਾਸਲ ਕੀਤੇ। ਉਹ ਰੇਡੀਓ ਤਰੰਗਾਂ ਲਈ ਸਭ ਤੋਂ ਵੱਡੀ ਬੋਲੀਕਾਰ ਵਜੋਂ ਉਭਰੀ। ਏਅਰਟੈੱਲ ਨੇ ਬੋਲੀ ਲਾ ਕੇ 6,856.76 ਕਰੋੜ ਰੁਪਏ ਮੁੱਲ ਦੀਆਂ ਏਅਰਵੇਵ ਹਾਸਲ ਕੀਤੀਆਂ।
ਇਸ ਨਿਲਾਮੀ ’ਚ ਰਿਲਾਇੰਸ ਜੀਓ ਨੇ 973.62 ਕਰੋੜ ਰੁਪਏ ਦਾ ਸਪੈਕਟ੍ਰਮ ਹਾਸਲ ਕੀਤਾ, ਜਦਕਿ ਵੋਡਾਫੋਨ-ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਲੱਗਭਗ 3,510.4 ਕਰੋੜ ਰੁਪਏ ਮੁੱਲ ਦੇ ਸਪੈਕਟ੍ਰਮ ਲਈ ਬੋਲੀ ਲਾਈ। ਇਸ ਸਪੈਕਟ੍ਰਮ ਨਿਲਾਮੀ ਤੋਂ ਸਰਕਾਰ ਨੂੰ ਕੁੱਲ 11,340.78 ਕਰੋੜ ਰੁਪਏ ਮਿਲੇ ਹਨ। ਇਹ ਸਰਕਾਰ ਵੱਲੋਂ ਵਿਕਰੀ ਲਈ ਰੱਖੇ ਗਏ ਸਪੈਕਟ੍ਰਮ ਦੀ ਅਨੁਮਾਨਿਤ ਕੀਮਤ 96,238 ਕਰੋੜ ਰੁਪਏ ਦਾ ਸਿਰਫ 12 ਫੀਸਦੀ ਹੈ।
ਸੂਤਰਾਂ ਨੇ ਦੱਸਿਆ ਕਿ ਮੰਗ-ਪੱਤਰ ’ਚ ਦੋਵਾਂ ਬਦਲਾਂ (ਅਗਾਊਂ ਭੁਗਤਾਨ ਜਾਂ ਕਿਸ਼ਤਾਂ ’ਚ ਭੁਗਤਾਨ) ਦਾ ਜ਼ਿਕਰ ਹੋਵੇਗਾ। ਇਸ ਨੂੰ ਇਸ ਹਫਤੇ ਦੀ ਸ਼ੁਰੂਆਤ ’ਚ ਵੱਖ-ਵੱਖ ਟੈਲੀਕਾਮ ਕੰਪਨੀਆਂ ਨੂੰ ਭੇਜੇ ਜਾਣ ਦੀ ਉਮੀਦ ਹੈ। ਬੋਲੀ ਦਸਤਾਵੇਜ਼ ਦੀਆਂ ਸ਼ਰਤਾਂ ਅਨੁਸਾਰ ਮੰਗ-ਪੱਤਰ ਜਾਰੀ ਹੋਣ ਦੇ 10 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਹੋਵੇਗਾ।
FPI ਦਾ ਯੂ-ਟਰਨ, ਜੂਨ ਮਹੀਨੇ ’ਚ ਖਰੀਦੇ 26,565 ਕਰੋੜ ਦੇ ਸ਼ੇਅਰ
NEXT STORY