ਪਲਵਾਨ (ਇੰਟ.)-ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਮੋਬਾਇਲ ਨਿਰਮਾਤਾ ਕੰਪਨੀ ਜਿਓਨੀ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਨਵਾਂ ਫੋਨ ਖ਼ਰਾਬ ਹੋਣ 'ਤੇ ਖਪਤਕਾਰ ਨੂੰ ਮੁਆਵਜ਼ਾ ਅਤੇ ਕਾਨੂੰਨੀ ਖਰਚਾ ਦੇਣ ਦਾ ਹੁਕਮ ਦਿੱਤਾ। ਕੰਪਨੀ ਨੂੰ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਉਹ ਖਪਤਕਾਰ ਦੇ ਮੋਬਾਇਲ ਦੀ ਵਾਰੰਟੀ ਵਧਾਏ ਅਤੇ ਮੋਬਾਇਲ ਠੀਕ ਕਰ ਕੇ ਦੇਵੇ।
ਕੀ ਹੈ ਮਾਮਲਾ
ਕ੍ਰਿਸ਼ਨਾ ਕਾਲੋਨੀ ਪਲਵਲ ਨਿਵਾਸੀ ਰੋਹਿਤ ਰਾਣਾ ਨੇ ਵੀ. ਵਰਲਡ ਕਮਿਊਨੀਕੇਸ਼ਨ ਤੋਂ 4 ਅਕਤੂਬਰ, 2016 ਨੂੰ ਜਿਓਨੀ ਮੋਬਾਇਲ ਹੈਂਡਸੈੱਟ 18,000 ਰੁਪਏ 'ਚ ਖਰੀਦਿਆ ਸੀ। ਇਸ ਦੀ ਵਾਰੰਟੀ ਇਕ ਸਾਲ ਸੀ। ਸ਼ੁਰੂ ਤੋਂ ਹੀ ਤਕਨੀਕੀ ਕਮੀ ਕਾਰਨ ਮੋਬਾਇਲ ਖ਼ਰਾਬ ਰਹਿਣ ਲੱਗਾ, ਜਿਸ ਦੀ ਸ਼ਿਕਾਇਤ ਉਸ ਨੇ ਮੋਬਾਇਲ ਵਿਕ੍ਰੇਤਾ ਅਤੇ ਕੰਪਨੀ 'ਚ ਕੀਤੀ। ਇਕ ਵਾਰ ਤਾਂ ਫੋਨ ਠੀਕ ਕਰ ਦਿੱਤਾ ਗਿਆ ਪਰ ਬਾਅਦ 'ਚ ਇਹ ਫਿਰ ਖ਼ਰਾਬ ਹੋ ਗਿਆ। 15 ਜੂਨ, 2017 ਨੂੰ ਰਿਪੇਅਰ ਲਈ ਫੋਨ ਕੰਪਨੀ ਨੂੰ ਭੇਜ ਦਿੱਤਾ ਗਿਆ ਪਰ ਕੰਪਨੀ ਨੇ ਉਸ ਨੂੰ ਬਦਲਣ ਜਾਂ ਠੀਕ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਰੋਹਿਤ ਨੇ ਵਿਰੋਧੀ ਧਿਰ ਨੂੰ ਕਾਨੂੰਨੀ ਨੋਟਿਸ ਵੀ ਦਿੱਤੇ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਆਖ਼ਿਰਕਾਰ ਮਾਮਲਾ ਖਪਤਕਾਰ ਫੋਰਮ 'ਚ ਪੁੱਜਾ।
ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਜਗਬੀਰ ਸਿੰਘ ਅਤੇ ਮੈਂਬਰ ਖੁਸ਼ਵਿੰਦਰ ਕੌਰ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਇਸ ਮਾਮਲੇ 'ਚ ਕੰਪਨੀ ਨੇ ਆਪਣੀਆਂ ਸੇਵਾਵਾਂ ਸਹੀ ਢੰਗ ਨਾਲ ਨਹੀਂ ਦਿੱਤੀਆਂ ਹਨ।
ਖਪਤਕਾਰ ਨੂੰ ਪਹੁੰਚੀ ਮਾਨਸਿਕ ਪ੍ਰੇਸ਼ਾਨੀ ਲਈ ਉਸ ਨੂੰ 2000 ਰੁਪਏ ਦਾ ਮੁਆਵਜ਼ਾ ਅਤੇ 2200 ਰੁਪਏ ਦਾ ਕਾਨੂੰਨੀ ਖਰਚਾ ਪ੍ਰਦਾਨ ਕਰੇ। ਕੰਪਨੀ ਨੂੰ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਉਹ ਰੋਹਿਤ ਦੇ ਮੋਬਾਇਲ ਦਾ ਵਾਰੰਟੀ ਸਮਾਂ 4 ਮਹੀਨੇ ਵਧਾਏ। ਫੋਰਮ ਨੇ ਮੋਬਾਇਲ ਫੋਨ ਵਿਕਰੇਤਾ ਨੂੰ ਹੁਕਮ ਦਿੱਤੇ ਹੈ ਕਿ ਉਹ ਰੋਹਿਤ ਦਾ ਮੋਬਾਇਲ ਠੀਕ ਕਰ ਕੇ ਉਸ ਨੂੰ ਦੇਵੇ।
ਇਸ ਤਰ੍ਹਾਂ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਬੱਚਿਆਂ ਦਾ ਪਾਸਪੋਰਟ
NEXT STORY