ਚੀਜ਼ਾਂ ਜਿੰਨੀਆਂ ਵੱਧ ਬਦਲਦੀਆਂ ਹਨ, ਓਨੀਆਂ ਹੀ ਉਹ ਉਹੋ ਜਿਹੀਆਂ ਹੀ ਰਹਿੰਦੀਆਂ ਹਨ, ਜਿਸ ਕਾਰਨ ਸਾਡੇ ਸਿਆਸੀ ਆਗੂ ਅੱਜ ਅਸੱਭਿਅਕ ਅਤੇ ਘਟੀਆ ਭਾਸ਼ਾ ਦੀ ਵਰਤੋਂ ਨਾਲ ਖੁਸ਼ ਹਨ, ਜਿਸ ’ਤੇ ਸੀਟੀਆਂ ਵੀ ਵੱਜਦੀਆਂ ਹਨ ਅਤੇ ਜਿੱਥੇ ਸਿਆਸੀ ਵਿਰੋਧੀ ਅਤੇ ਕੱਟੜ ਦੁਸ਼ਮਣਾਂ ਦਰਮਿਆਨ ਰੇਖਾ ਧੁੰਦਲੀ ਜਿਹੀ ਹੋ ਗਈ ਹੈ। ਇਹ ਸਭ ਇਸ ਆਸ ਨਾਲ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਸਿਆਸੀ ਨਿਰਵਾਣ ਮਿਲੇਗਾ। ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਗਾਲ੍ਹਾਂ ਕੱਢਣਾ, ਅਪਸ਼ਬਦ, ਇਕ-ਦੂਜੇ ’ਤੇ ਚਿੱਕੜ ਸੁੱਟਣਾ ਹੁਣ ਨਵੇਂ ਸਿਆਸੀ ਬੋਲ ਬਣ ਗਏ ਹਨ। ਜਿਹੜਾ ਜਿੰਨਾ ਕੁਸੈਲਾ ਉਹ ਓਨਾ ਸਫਲ ਮੰਨਿਆ ਜਾਂਦਾ ਹੈ।
ਕਾਂਗਰਸ ਭਾਜਪਾ ਨੂੰ ਰੋਕਣ ਲਈ ਤਤਪਰ ਹੈ ਅਤੇ ਇਸ ਦੇ ਕਾਰਨ ਉਹ ਆਪਣੇ ਪੁਰਾਣੇ ਫਾਰਮੂਲੇ ਨੂੰ ਅਪਣਾਉਣ ਲੱਗੀ ਹੈ ਭਾਵ ਗਾਲ੍ਹਾਂ ਕੱਢਣ ’ਤੇ ਉਤਰ ਆਈ ਹੈ ਅਤੇ ਇਸੇ ਲੜੀ ’ਚ ਫਿਰਕੂਪੁਣਾ ਅਤੇ ਜਾਤੀਵਾਦ ਵੀ ਦੇਖਣ ਨੂੰ ਮਿਲ ਰਿਹਾ ਹੈ। ਕੁਝ ਵਿਰੋਧੀ ਪਾਰਟੀਆਂ ਇਸ ਖੇਡ ’ਚ ਲੱਗੀਆਂ ਹੋਈਆਂ ਹਨ। ਰੱਬ ਨਾ ਕਰੇ ਜੇਕਰ ਕੋਈ ਉਨ੍ਹਾਂ ਦੇ ਇਨ੍ਹਾਂ ਕਾਰਨਾਮਿਆਂ ’ਤੇ ਸਵਾਲ ਉਠਾਉਂਦਾ ਹੈ ਤਾਂ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਭੁਗਤਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੱਤਾ ਦੇ ਹੰਕਾਰ ਜਾਂ ਇੰਝ ਕਹਿ ਲਈਏ ਕਿ ਸਿਆਸੀ ਨਫਰਤ ਦੀ ਨਵੀਂ ਦੁਨੀਆ ’ਚ ਤੁਹਾਡਾ ਸਵਾਗਤ ਹੈ, ਜਿੱਥੇ ਨਫਰਤ ਇਕ ਨਵਾਂ ਗੁਣ ਬਣ ਗਿਆ ਹੈ। ਕੱਲ ਲੋਕ ਸਭਾ ਦੀ ਕਾਰਵਾਈ ਨੂੰ ਇਸ ਲਈ ਮੁਲਤਵੀ ਕਰਨਾ ਪਿਆ ਕਿ ਕਾਂਗਰਸ ਨੇ ‘ਮੋਦੀ ਤੇਰੀ ਕਬਰ ਖੁਦੇਗੀ’ ਦੇ ਨਾਅਰੇ ’ਤੇ ਮੁਆਫੀ ਮੰਗਣ ਤੋਂ ਨਾਂਹ ਕਰ ਦਿੱਤੀ, ਜੋ ਐਤਵਾਰ ਨੂੰ ਦਿੱਲੀ ’ਚ ਕਾਂਗਰਸ ਦੀ ਵੋਟ ਚੋਰ ਰੈਲੀ ’ਚ ਵਾਰ-ਵਾਰ ਲਾਇਆ ਗਿਆ ਸੀ। ਭਾਜਪਾ ਨੇ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਖੁੱਲ੍ਹਮਖੁੱਲ੍ਹਾ ਧਮਕੀ ਦੇ ਰਹੀ ਹੈ ਅਤੇ ਆਪਣੇ ਵਿਰੋਧੀ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ ਦੇ ਰਹੀ ਹੈ, ਭਾਜਪਾ ਵੀ ਭੁੱਲ ਜਾਂਦੀ ਹੈ ਕਿ ਉਸ ਨੇ ਵੀ ਰਾਹੁਲ ਗਾਂਧੀ ਨੂੰ ਮੂਰਖਾਂ ਅਤੇ ਝੂਠਿਆਂ ਦਾ ਸਰਦਾਰ ਕਿਹਾ ਸੀ। ਉਸ ਨੂੰ ਭਾਰਤ ਦੇ ਇਤਿਹਾਸ ਅਤੇ ਭੂਗੋਲ ਬਾਰੇ ਜਾਣਕਾਰੀ ਨਹੀਂ ਹੈ।
ਇਹੀ ਨਹੀਂ, ਪੱਛਮੀ ਬੰਗਾਲ ’ਚ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਦੀਦੀ ਦੇ ਸਾਰੇ ਭਰਾ 6 ਮਹੀਨਿਆਂ ’ਚ ਆਪਣੇ ਤੌਰ-ਤਰੀਕੇ ਬਦਲ ਲੈਣ, ਨਹੀਂ ਤਾਂ ਉਨ੍ਹਾਂ ਦੇ ਹੱਥ, ਪੈਰ, ਹੱਡੀਆਂ ਸਭ ਤੋੜ ਦਿੱਤੇ ਜਾਣਗੇ। ਇਸ ’ਤੇ ਤ੍ਰਿਣਮੂਲ ਕਾਂਗਰਸ ਦੀ ਮਮਤਾ ਨੇ ਮੋਦੀ ਨੂੰ ਪਾਪੀ ਕਿਹਾ, ਜਦਕਿ ਰਾਕਾਂਪਾ ਦੇ ਸ਼ਰਦ ਪਵਾਰ ਨੇ ਉਨ੍ਹਾਂ ਨੂੰ ਬੇਸ਼ਰਮ ਕਿਹਾ। ਬਸਪਾ ਨੇ ਭਾਜਪਾ ਵਾਲੀ ਰਾਜਗ ਸਰਕਾਰ ਨੂੰ ਅੱਤਵਾਦੀ ਸਰਕਾਰ ਕਿਹਾ। ਏ. ਆਈ. ਐੱਮ. ਆਈ. ਐੱਮ. ਦੇ ਓਵੈਸੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੋਈ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਜੋ ਮੈਨੂੰ ਰੋਕ ਸਕੇ।
ਪਰ ਪਸ਼ਚਾਤਾਪ ਕਰਨ ਦੀ ਬਜਾਏ ਸਾਡੇ ਨੇਤਾ ਮੋਰ ਵਾਂਗ ਨੱਚਦੇ ਹਨ ਅਤੇ ਆਪਣੀ ਇਕ ਖਾਸ ਮਾਨਸਿਕਤਾ ਦਰਸਾਉਂਦੇ ਹਨ ਕਿ ਮੈਂ ਖਾਸ ਹਾਂ ਜਿਸ ਦਾ ਭਾਵ ਹੈ ਕਿ ਮੈਂ ਕੁਝ ਵੀ ਕਹਿ ਕੇ ਬਚ ਸਕਦਾ ਹਾਂ। ਕੀ ਹੁਣ ਅਸੀਂ ਅਜਿਹੇ ਮਾਹੌਲ ਦੇ ਆਦੀ ਨਹੀਂ ਹੋ ਗਏ ਹਾਂ? ਕੀ ਇਹ ਸਿਆਸਤ ਸਮਾਜ ਦਾ ਇਕ ਅਨਿੱਖੜਵਾਂ ਅੰਗ ਨਹੀਂ ਬਣ ਗਈ ਹੈ? ਦਰਸ਼ਕਾਂ ਅਤੇ ਸਰੋਤਿਆਂ ਦੇ ਦਰਮਿਆਨ ਜੋ ਜਿੰਨੇ ਅਪਸ਼ਬਦਾਂ ਦੀ ਵਰਤੋਂ ਕਰਦਾ ਹੈ, ਉਸ ਨੂੰ ਓਨਾ ਹੀ ਵਧੀਆ ਮੰਨਿਆ ਜਾਂਦਾ ਹੈ।
ਹੁਣ ਉਹ ਦਿਨ ਨਹੀਂ ਰਹੇ, ਜਦੋਂ ਵਿਰੋਧੀਆਂ ’ਤੇ ਵਾਰ ਹਾਸੋਹੀਣੇ, ਵਿਅੰਗ ਵਾਲੇ ਹੁੰਦੇ ਸਨ ਅਤੇ ਨੇਤਾ ਉਨ੍ਹਾਂ ਨੂੰ ਉਸੇ ਭਾਵਨਾ ਨਾਲ ਲੈਂਦੇ ਸਨ। ਮਾਨਸਿਕ ਦੀਵਾਲੀਆਪਨ ਉਦੋਂ ਹੋਰ ਦੇਖਣ ਨੂੰ ਮਿਲਦਾ ਹੈ ਜਦੋਂ ਸਾਡੀ ਪ੍ਰਣਾਲੀ ’ਚ ਹੀ ਸਾਡੇ ਨੇਤਾ ਅਕਸਰ ਹੇਠਲੀ ਨੈਤਿਕਤਾ ਅਤੇ ਲਾਲਚ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਉਸ ਨੂੰ ਸਾਡੀ ਟੁੱਟਵੀਂ ਸਿਆਸਤ ਨੇ ਹੋਰ ਵਧਾ ਦਿੱਤਾ ਹੈ। ਨਤੀਜੇ ਵਜੋਂ ਅਨੈਤਿਕਤਾ ਜੀਵਨਸ਼ੈਲੀ ਬਣ ਗਈ ਹੈ।
ਦੁਖਦਾਈ ਤੱਥ ਹੈ ਕਿ ਇਨ੍ਹਾਂ ਅਪਸ਼ਬਦਾਂ ਅਤੇ ਗਾਲ੍ਹਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਸਿਆਸੀ ਤੂੰ-ਤੂੰ, ਮੈਂ-ਮੈਂ ਅਤੇ ਗਾਲੀ-ਗਲੋਚ ਸਾਡੀ ਸਿਆਸਤ ਦੀ ਤਲਖ ਅਤੇ ਭਿਆਨਕ ਅਸਲੀਅਤ ਨੂੰ ਦਰਸਾਉਂਦਾ ਹੈ ਜਿਸ ’ਚ ਅੱਜ ਅਜਿਹੀ ਫੁੱਟਪਾਊ ਰੇਖਾ ਨਹੀਂ ਹੈ ਕਿ ਕੀ ਗਲਤ ਹੈ, ਕੀ ਸਹੀ ਹੈ। ਇਹ ਸਿਆਸੀ ਪਤਨ ਦੀ ਤਲਖ ਸੱਚਾਈ ਨੂੰ ਦਰਸਾਉਂਦਾ ਹੈ ਅਤੇ ਇਹ ਸਭ ਕੁਝ ਇਸ ਉਦੇਸ਼ ਨਾਲ ਕੀਤਾ ਜਾਂਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਸੱਤਾ ਮਿਲੇਗੀ।
ਕੀ ਸਾਡੇ ਸਿਆਸੀ ਆਗੂਆਂ ਨੂੰ ਨਿਰਾਦਰਯੋਗ ‘ਹੇਟ ਸਪੀਚ’ ਦੇਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ? ਕੀ ਉਨ੍ਹਾਂ ਨੂੰ ਇਹ ਵਾਧੂ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ, ਖਾਸ ਕਰਕੇ ਇਸ ਲਈ ਵੀ ਕਿ ਸਾਡੇ ਹਾਕਮ ਵਰਗ ਅਤੇ ਨੇਤਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਸਨਮਾਨਜਨਕ ਢੰਗ ਨਾਲ ਨਹੀਂ ਨਿਭਾਉਂਦੇ। ਇਸ ਲਈ ਇਕ ਅਜਿਹੇ ਸਿਆਸੀ ਵਾਤਾਵਰਣ ’ਚ ਜਿੱਥੇ ਡਰ ਅਤੇ ਪੱਖਪਾਤ ਦਾ ਬੋਲਬਾਲਾ ਹੋਵੇ, ਇਹ ਹਾਕਮ ਅਤੇ ਪਰਜਾ ਦਾ ਮਾਡਲ ਬਣ ਜਾਂਦਾ ਹੈ, ਜਿਸ ਦੀ ਲੋਕਤੰਤਰ ’ਚ ਕੋਈ ਥਾਂ ਨਹੀਂ ਹੈ। ਪਰ ਫਿਰ ਵੀ ਉਸ ਨੂੰ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਨਾ ਮੰਨਣਯੋਗ ਹੈ।
ਫਿਰਕੂ ਮਤਭੇਦ ਪੈਦਾ ਕਰਨ ਲਈ ਵਿਰੋਧੀ ਵਿਰੁੱਧ ਹੇਟ ਸਪੀਚ ਜਾਂ ਗਾਲ੍ਹਾਂ ਦੀ ਵਰਤੋਂ ਲਈ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੇ ਜੁਰਮ ਕਾਨੂੰਨ ਦੇ ਸ਼ਾਸਨ ’ਚ ਜਨਤਾ ਦੇ ਵਿਸ਼ਵਾਸ ਦੀ ਅਣਦੇਖੀ ਕਰਦੇ ਹਨ ਅਤੇ ਸਿਆਸਤ ਦੇ ਹੋਰ ਅਪਰਾਧੀਕਰਨ ਨੂੰ ਸ਼ਹਿ ਦਿੰਦੇ ਹਨ। ਸਿਆਸਤ ’ਚ ਡਿੱਗਦੇ ਨੈਤਿਕ ਪੱਧਰਾਂ ਬਾਰੇ ਦੁੱਖ ਪ੍ਰਗਟ ਕਰਨਾ ਮੂਰਖਤਾ ਹੈ। ਸਾਨੂੰ ਹੇਟ ਸਪੀਚ ਬਾਰੇ ਸਿਆਸੀ ਆਗੂ ਹੋਵੇ ਜਾਂ ਉਨ੍ਹਾਂ ਦਾ ਵਰਕਰ ਜਾਂ ਆਮ ਆਦਮੀ, ਸਾਰਿਆਂ ਨਾਲ ਇਕੋ-ਜਿਹਾ ਸਲੂਕ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੇਤਾਵਾਂ ਨੂੰ ਵੋਟ ਪਾਉਣੀ ਬੰਦ ਕਰ ਦੇਣੀ ਚਾਹੀਦੀ ਹੈ, ਜੋ ਬੇਸ਼ਰਮ, ਸਵਾਰਥੀ ਅਤੇ ਅਨੈਤਿਕਤਾ ਨੂੰ ਸ਼ਹਿ ਦੇਣ ਵਾਲੇ ਹੋਣ।
ਸਮਾਂ ਆ ਗਿਆ ਹੈ ਕਿ ਸਾਡੀ ਕਾਨੂੰਨ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਸਿਆਸੀ ਜ਼ੋਰਾਵਰਾਂ ਨਾਲ ਖਾਸ ਸਲੂਕ ਨਹੀਂ ਕਰਨਾ ਚਾਹੀਦਾ ਅਤੇ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਵੀ ਅਪਸ਼ਬਦ, ਗਾਲੀ-ਗਲੋਚ ਅਤੇ ਹੇਟ ਸਪੀਚ ਦੇਣ ਵਾਲੇ ਨੇਤਾਵਾਂ ਅਤੇ ਵਰਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣੀ ਚਾਹੀਦੀ ਹੈ।
ਸਮਾਂ ਆ ਗਿਆ ਹੈ ਕਿ ਸਾਡੇ ਸਿਆਸੀ ਆਗੂ ਇਸ ਗੱਲ ਨੂੰ ਸਮਝਣ ਕਿ ਅਨੈਤਿਕਤਾ ਲੋਕਤੰਤਰ ਦਾ ਆਧਾਰ ਨਹੀਂ ਹੋ ਸਕਦੀ। ਸਾਡੀ ਸਿਆਸਤ ਅਤੇ ਸਿਆਸਤਦਾਨਾਂ ਨੂੰ ਆਪਣੀਆਂ ਫੁੱਟਪਾਉੂ ਨੀਤੀਆਂ ਨੂੰ ਛੱਡਣਾ ਹੋਵੇਗਾ ਅਤੇ ਨਿੱਜੀ ਹਮਲਿਆਂ ਤੋਂ ਬਚਣਾ ਹੋਵੇਗਾ। ਆਪਸ ’ਚ ਗੱਲਬਾਤ ਜਨਤਾ ਅਤੇ ਰਾਸ਼ਟ ਰ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਹੋਣੀ ਚਾਹੀਦੀ ਹੈ, ਨਾ ਕਿ ਨਿੱਜੀ ਆਧਾਰ ’ਤੇ ਅਤੇ ਉਨ੍ਹਾਂ ਨੂੰ ਸ਼ਾਨਾਮੱਤੀ ਚਰਚਾ ਅਤੇ ਵਾਦ-ਵਿਵਾਦ ਨੂੰ ਮੁੜ ਪੱਟੜੀ ’ਤੇ ਲਿਆਉਣਾ ਹੋਵੇਗਾ।
ਸਿਆਸੀ ਵਖਰੇਵਾਂ ਕਦੇ ਵੀ ਨਿੱਜੀ ਧਮਕੀ ਜਾਂ ਹਿੰਸਾ ਦੇ ਸੱਦੇ ਦੇ ਪੱਧਰ ਤੱਕ ਨਹੀਂ ਪਹੁੰਚਣਾ ਚਾਹੀਦਾ। ਮਕਸਦ ਇਹ ਹੋਣਾ ਚਾਹੀਦਾ ਹੈ ਕਿ ਜਨਤਕ ਚਰਚਾ ਨਾਲ ਪੱਧਰ ਵਧਾਇਆ ਜਾਵੇ ਕਿਉਂਕਿ ਜੇਕਰ ਅਸੀਂ ਕਿਸੇ ਵੱਲ ਇਕ ਉਂਗਲੀ ਚੁੱਕਾਂਗੇ ਤਾਂ ਤੁਹਾਡੇ ਵੱਲ ਚਾਰ ਉਂਗਲੀਆਂ ਉੱਠ ਜਾਣਗੀਆਂ। ਅਸੀਂ ਕਦੋਂ ਤੱਕ ਅਜਿਹੇ ਅਪਸ਼ਬਦਾਂ ਅਤੇ ਗਾਲ੍ਹਾਂ ਨੂੰ ਸੁਣਦੇ ਰਹਾਂਗੇ? ਕੀ ਕੋਈ ਰਾਸ਼ਟਰ ਸ਼ਰਮ ਅਤੇ ਨੈਤਿਕਤਾ ਦੀ ਭਾਵਨਾ ਤੋਂ ਬਿਨਾਂ ਰਹਿ ਸਕਦਾ ਹੈ?
–ਪੂਨਮ ਆਈ. ਕੌਸ਼ਿਸ਼
‘ਟਰੰਪ ਦੇ ਵਿਵਾਦਿਤ ਫੈਸਲਿਆਂ ਦਾ’ ਸ਼ੁਰੂ ਹੋ ਗਿਆ ਵਿਰੋਧ ਅਮਰੀਕਾ ’ਚ!
NEXT STORY