ਨਵੀਂ ਦਿੱਲੀ — ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਇਕ ਤੋਂ ਬਾਅਦ ਇਕ ਖੁਲਾਸੇ ਕਰ ਰਿਹਾ ਹੈ। ਮੰਗਲਵਾਰ ਨੂੰ ਉਸ ਨੇ ਪੰਜ ਪੰਨਿਆ ਦੀ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦਾਅਵਾ ਕੀਤਾ ਕਿ ਉਸਨੇ ਕਰਜ਼ਿਆਂ ਨੂੰ ਲੇ ਕੇ 15 ਅਪ੍ਰੈਲ 2016 ਨੂੰ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਸ ਦਾ ਉਸਨੂੰ ਕੋਈ ਜਵਾਬ ਨਹੀਂ ਮਿਲਿਆ। ਹੁਣ ਉਸਨੇ ਸਫਾਈ ਦਿੱਤੀ ਹੈ ਕਿ ਆਖਿਰ ਉਸਨੇ ਇਸ ਗੱਲ ਦਾ ਖੁਲਾਸਾ ਇਸ ਸਮੇਂ ਕਿਉਂ ਕੀਤਾ।
ਆਪਣੀ ਸਫਾਈ ਵਿਚ ਮਾਲਿਆ ਨੇ ਕਿਹਾ ਹੈ ਕਿ ਉਸ ਦਾ ਇਰਾਦਾ ਬੈਂਕਾਂ ਦਾ ਕਰਜ਼ਾ ਮੋੜਨ ਦਾ ਹੈ ਇਸ ਲਈ ਸ਼ਰਾਬ ਕੰਪਨੀ ਯੂਨਾਈਟਿਡ ਬਰੂਵਰੀਜ਼ ਹੋਲਡਿੰਗਜ਼ ਲਿ. ਅਤੇ ਖੁਦ ਉਸਨੇ ਕਰਨਾਟਕ ਹਾਈ ਕੋਰਟ 'ਚ ਅਰਜ਼ੀ ਦੇ ਕੇ ਇਸਦਾ ਰਸਤਾ ਤਿਆਰ ਕਰਨ ਦੀ ਅਪੀਲ ਕੀਤੀ ਹੈ।
ਮਾਲਿਆ ਨੇ ਮੰਗਲਵਾਰ ਦੀ ਦੇਰ ਰਾਤ ਤਿੰਨ ਟਵੀਟ ਕੀਤੇ ਅਤੇ ਕਿਹਾ ਕਿ,'ਕੁਝ ਲੋਕ ਲਗਾਤਾਰ ਪੁੱਛ ਰਹੇ ਹਨ ਕਿ ਮੈਂ ਇਸੇ ਸਮੇਂ ਕਿਉਂ ਬਿਆਨ ਦਿੱਤਾ ਹੈ। ਮੈਂ ਇਹ ਬਿਆਨ ਇਸ ਲਈ ਦਿੱਤਾ ਕਿਉਂਕਿ ਯੂ.ਬੀ.ਐੱਚ.ਐੱਲ. ਅਤੇ ਮੈਂ ਮਾਣਯੋਗ ਕਰਨਾਟਕ ਹਾਈ ਕੋਰਟ 'ਚ 22 ਜੂਨ 2018 ਨੂੰ ਅਰਜ਼ੀ ਦਿੱਤੀ ਹੈ ਜਿਸ ਵਿਚ ਸਾਡੇ ਕੋਲ ਮੌਜੂਦ ਕਰੀਬ 13,900 ਕਰੋੜ ਰੁਪਏ ਦੀ ਜਾਇਦਾਦ ਦਾ ਵੇਰਵਾ ਹੈ।'
ਮਾਲਿਆ ਦਾ ਕਹਿਣਾ ਹੈ ਕਿ ਉਹ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਲਈ ਆਪਣੀ ਜਾਇਦਾਦ ਨੂੰ ਵੇਚਣ ਦੀ ਇਜਾਜ਼ਤ ਚਾਹੁੰਦਾ ਹੈ। ਉਸਨੇ ਲਿਖਿਆ,' ਅਸੀਂ ਅਦਾਲਤ ਕੋਲੋਂ ਨਿਆਇਕ ਦੇਖਰੇਖ ਵਿਚ ਇਹ ਸਾਰੀ ਜਾਇਦਾਦ ਵੇਚਣ ਅਤੇ ਸਰਕਾਰੀ ਬੈਂਕਾਂ ਸਮੇਤ ਸਾਰੇ ਕਰਜ਼ਦਾਤਾਵਾਂ ਦੇ ਲੋਨ ਦੀ ਰਕਮ ਵਾਪਸ ਕਰਨ ਦੀ ਇਜਾਜ਼ਤ ਮੰਗੀ ਹੈ।'
ਮਾਲਿਆ ਨੂੰ ਸ਼ੱਕ ਹੈ ਕਿ ਕੇਸ ਦੀ ਜਾਂਚ ਕਰ ਰਹੇ ਈ.ਡੀ. ਅਤੇ ਸੀ.ਬੀ.ਆਈ. ਜਿਹੀਆਂ ਕੇਂਦਰੀ ਏਜੰਸੀਆਂ ਇਸ ਵਿਕਰੀ 'ਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਉਸਦਾ ਕਹਿਣਾ ਹੈ ਕਿ ਜੇਕਰ ਏਜੰਸੀਆਂ ਨੇ ਅਜਿਹਾ ਕੀਤਾ ਹੈ, ਤਾਂ ਘੱਟੋ ਘੱਟ ਉਨ੍ਹਾਂ ਦਾ ਚਿਹਰਾ ਤਾਂ ਉਜਾਗਰ ਹੋਵੇਗਾ। ਮਾਲਿਆ ਨੇ ਲਿਖਿਆ, “ਜੇਕਰ ਈ.ਡੀ. ਜਾਂ ਸੀ.ਬੀ.ਆਈ. ਵਰਗੀਆਂ ਅਪਰਾਧਿਕ ਮਾਮਲਿਆਂ ਦੀ ਪੜਤਾਲ ਕਰਨ ਵਾਲੀਆਂ ਏਜੰਸੀਆਂ ਜਾਇਦਾਦ ਵੇਚਣ 'ਤੇ ਇਤਰਾਜ਼ ਦਰਜ ਕਰਵਾਉਂਦੀਆਂ ਹਨ ਤਾਂ ਸਾਫ ਹੋ ਜਾਵੇਗਾ, ਕਿ ਬਕਾਇਆ ਵਸੂਲੀ ਦੇ ਰਸਤੇ ਮੇਰੇ ਯਾਨੀ 'ਪੋਸਟਰ ਬੁਆਏ' ਦੇ ਖਿਲਾਫ ਇਨ੍ਹਾਂ ਦਾ ਕੀ ਏਜੰਡਾ ਹੈ। ਮੈਂ ਬੈਂਕ ਦਾ ਕਰਜ਼ਾ ਮੋੜਨ ਦੇ ਪ੍ਰਤੀ ਸੱਚੇ ਦਿਲੋਂ ਕੋਸ਼ਿਸ਼ ਕਰਦਾ ਆ ਰਿਹਾ ਹਾਂ। ਜੇਕਰ ਸਿਆਸਤ ਨਾਲ ਪ੍ਰੇਰਿਤ ਤੱਥਾਂ ਦਾ ਦਖਲ ਹੋਵੇਗਾ ਤਾਂ ਮੈਂ ਕੁਝ ਨਹੀਂ ਕਰ ਸਕਦਾ।'
ਗਰੀਬਾਂ ਲਈ ਇੰਝ ਜੀਵਨ ਰੱਖਿਅਕ ਬਣੀ ਸਰਕਾਰ ਦੀ ਸਸਤੀ ਦਵਾਈਆਂ ਦੀ ਨੀਤੀ
NEXT STORY