ਨਵੀਂ ਦਿੱਲੀ- ਰੇਟਿੰਗ ਏਜੰਸੀ ਕ੍ਰਿਸਿਲ ਨੇ ਬੁੱਧਵਾਰ ਨੂੰ ਕਿਹਾ ਕਿ ਘਰੇਲੂ ਬਜ਼ਾਰ ਵਿਚ ਟਰੈਕਟਰਾਂ ਦੀ ਵਿਕਰੀ ਉਮੀਦ ਨਾਲੋਂ ਕਿਤੇ ਬਿਹਤਰ ਹੋ ਸਕਦੀ ਹੈ।
ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਦੀ ਵਿਕਾਸ ਦਰ ਮੌਜੂਦਾ ਵਿੱਤੀ ਸਾਲ ਵਿਚ 10–12 ਫ਼ੀਸਦੀ ਰਹੇਗੀ, ਜਦੋਂ ਕਿ ਪਹਿਲਾਂ ਵਿਕਰੀ ਵਿਚ ਇਕ ਫ਼ੀਸਦੀ ਦੀ ਕਮੀ ਦਾ ਅੰਦਾਜ਼ਾ ਲਾਇਆ ਗਿਆ ਸੀ।
ਕ੍ਰਿਸਿਲ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਖੇਤੀਬਾੜੀ ਆਮਦਨੀ ਵਿਚ ਵਾਧਾ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਭਾਰਤ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ਵਿਚ ਸਾਉਣੀ ਦੀ ਬਿਜਾਈ ਅਤੇ ਬਿਹਤਰ ਮਾਨਸੂਨ ਕਾਰਨ ਟਰੈਕਟਰਾਂ ਦੀ ਮੰਗ ਵਿਚ ਵਾਧੇ ਦੀ ਉਮੀਦ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਤੋਂ ਸਤੰਬਰ 2020 ਦੌਰਾਨ ਟਰੈਕਟਰਾਂ ਦੀ ਵਿਕਰੀ ਸਾਲ-ਦਰ-ਸਾਲ 12 ਫ਼ੀਸਦੀ ਵਧੀ ਹੈ।
ਰੇਟਿੰਗ ਏਜੰਸੀ ਨੇ ਕਿਹਾ ਕਿ ਵਿਕਰੀ ਅਤੇ ਬਿਹਤਰ ਉਤਪਾਦਾਂ ਦੀ ਵਜ੍ਹਾ ਨਾਲ ਟਰੈਕਟਰ ਨਿਰਮਾਤਾਵਾਂ ਦੇ ਓਪਰੇਟਿੰਗ ਮਾਰਜਿਨ ਵਿਚ ਵੀ ਵਾਧਾ ਹੋਵੇਗਾ। ਕ੍ਰਿਸਿਲ ਨੇ ਕਿਹਾ ਕਿ ਸਰਕਾਰੀ ਸਹਾਇਤਾ ਅਤੇ ਚੰਗੇ ਮਾਨਸੂਨ ਕਾਰਨ ਉਮੀਦ ਕੀਤੀ ਜਾਂਦੀ ਹੈ ਕਿ ਅਗਲੀ ਫ਼ਸਲ ਚੰਗੀ ਰਹੇਗੀ। ਕ੍ਰਿਸਿਲ ਰੇਟਿੰਗਜ਼ ਦੇ ਡਾਇਰੈਕਟਰ ਗੌਤਮ ਸ਼ਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਨਾਲ ਖੇਤੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਟਰੈਕਟਰਾਂ ਦੀ ਵਿਕਰੀ ਜਾਰੀ ਰੱਖਣ ਵਿਚ ਮਦਦ ਮਿਲੇਗੀ।
ਇਸ ਭਾਰਤੀ ਨੇ ਹਰ ਰੋਜ਼ ਦਾਨ ਕੀਤੇ 22 ਕਰੋੜ ਰੁਪਏ, ਬਣੇ ਸਭ ਤੋਂ ਵੱਡੇ 'ਦਾਨਵੀਰ'
NEXT STORY