ਮੁੰਬਈ : ਦੇਸ਼ ਵਿਚ ਟੀ. ਵੀ. ਦੇਖਣ ਦੀ ਆਦਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਦਰਸ਼ਕ ਹੁਣ ਮੋਬਾਈਲ ਫੋਨ, ਸਮਾਰਟ ਟੀ. ਵੀ. ਤੇ ਓ. ਟੀ. ਟੀ. ਪਲੇਟਫਾਰਮਾਂ ਵੱਲ ਜ਼ਿਆਦਾ ਰੁਖ਼ ਕਰ ਰਹੇ ਹਨ। ਇਸ ਦਾ ਸਿੱਧਾ ਅਸਰ ਰਵਾਇਤੀ ਟੀ. ਵੀ. ਚੈਨਲਾਂ ’ਤੇ ਪਿਆ ਹੈ।
ਹਾਲਾਤ ਅਜਿਹੇ ਬਣ ਗਏ ਹਨ ਕਿ ਪਿਛਲੇ 3 ਸਾਲਾਂ ਵਿਚ ਲੱਗਭਗ 50 ਟੀ. ਵੀ. ਚੈਨਲਾਂ ਨੇ ਆਪਣੇ ਲਾਇਸੈਂਸ ਸਰੰਡਰ ਕਰ ਦਿੱਤੇ ਹਨ, ਜੋ ਬ੍ਰਾਡਕਾਸਟਿੰਗ ਇੰਡਸਟਰੀ ਵਿਚ ਵਧਦੇ ਸੰਕਟ ਦੇ ਸੰਕੇਤ ਦਿੰਦੇ ਹਨ। ਮਤਲਬ ਸਪਸ਼ਟ ਹੈ ਕਿ ਡਿਜੀਟਲ ਤੂਫ਼ਾਨ ਦੇ ਅੱਗੇ ਟੀ. ਵੀ. ਚੈਨਲਾਂ ਨੇ ਹਥਿਆਰ ਸੁੱਟ ਦਿੱਤੇ ਹਨ।
ਵੱਡੇ ਬ੍ਰਾਡਕਾਸਟਰ ਲਾਇਸੈਂਸ ਛੱਡਣ ਲਈ ਮਜਬੂਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਜੀਓਸਟਾਰ, ਜ਼ੀ ਐਂਟਰਟੇਨਮੈਂਟ, ਈਨਾਡੂ ਟੀ. ਵੀ., ਟੀ. ਵੀ. ਟੂਡੇ ਨੈੱਟਵਰਕ, ਐੱਨ. ਡੀ. ਟੀ. ਵੀ. ਅਤੇ ਏ. ਬੀ. ਪੀ. ਨੈੱਟਵਰਕ ਵਰਗੇ ਵੱਡੇ ਬ੍ਰਾਡਕਾਸਟਰ ਵੀ ਲਾਇਸੈਂਸ ਛੱਡਣ ਵਾਲਿਆਂ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਚਲਾਉਣ ਵਾਲੀ ਕੁਲਵਰ ਮੈਕਸ ਐਂਟਰਟੇਨਮੈਂਟ ਨੇ ਵੀ 26 ਚੈਨਲਾਂ ਦੇ ਡਾਊਨਲਿੰਕ ਲਾਇਸੈਂਸ ਵਾਪਸ ਕੀਤੇ ਹਨ।
ਪੇਅ-ਟੀ. ਵੀ. ਸੈਕਟਰ ’ਤੇ ਲਗਾਤਾਰ ਵਧਦਾ ਦਬਾਅ
ਪੇਅ-ਟੀ. ਵੀ. ਸੈਕਟਰ ’ਤੇ ਦਬਾਅ ਲਗਾਤਾਰ ਵਧ ਰਿਹਾ ਹੈ। ਇਕ ਪਾਸੇ ਜਿੱਥੇ ਆਰਥਿਕ ਤੌਰ ’ਤੇ ਸਮਰੱਥ ਦਰਸ਼ਕ ਓ. ਟੀ. ਟੀ. ਪਲੇਟਫਾਰਮਾਂ ਵੱਲ ਸ਼ਿਫਟ ਹੋ ਰਹੇ ਹਨ, ਉੱਥੇ ਹੀ ਆਮ ਅਤੇ ਕੀਮਤ ਪ੍ਰਤੀ ਸੰਵੇਦਨਸ਼ੀਲ ਦਰਸ਼ਕ ਡੀ. ਡੀ. ਫ੍ਰੀ ਡਿਸ਼ ਵਰਗੇ ਮੁਫ਼ਤ ਚੈਨਲਾਂ ਨੂੰ ਅਪਣਾ ਰਹੇ ਹਨ। ਨਤੀਜੇ ਵਜੋਂ ਪੇਅ-ਟੀ. ਵੀ. ਗਾਹਕਾਂ ਦੀ ਗਿਣਤੀ 2019 ਵਿਚ 7.2 ਕਰੋੜ ਤੋਂ ਘਟ ਕੇ 2024 ਵਿਚ 6.2 ਕਰੋੜ ਰਹਿ ਗਈ ਹੈ ਅਤੇ ਅੰਦਾਜ਼ ਹੈ ਕਿ 2026 ਤਕ ਇਹ ਗਿਣਤੀ 5.1 ਕਰੋੜ ਤੋਂ ਵੀ ਹੇਠਾਂ ਜਾ ਸਕਦੀ ਹੈ।
ਕਈ ਚਰਚਿਤ ਚੈਨਲ ਬੰਦ ਜਾਂ ਸਕੇਲ ਡਾਊਨ
ਕਈ ਵੱਡੇ ਚੈਨਲ ਬੰਦ ਜਾਂ ਸਕੇਲ ਡਾਊਨ ਕੀਤੇ ਗਏ ਹਨ। ਜੀਓਸਟਾਰ ਨੇ ਕਲਰਜ਼ ਉੜੀਆ, ਐੱਮ ਟੀ. ਵੀ. ਬੀਟਸ, ਵੀ. ਐੱਚ.-1 ਅਤੇ ਕਾਮੇਡੀ ਸੈਂਟਰਲ ਵਰਗੇ ਚੈਨਲਾਂ ਦੇ ਲਾਇਸੈਂਸ ਮੋੜ ਦਿੱਤੇ ਹਨ। ਜ਼ੀ ਐਂਟਰਟੇਨਮੈਂਟ ਨੇ ਜ਼ੀ-ਸੀ ਚੈਨਲ ਬੰਦ ਕੀਤਾ ਹੈ, ਜਦਕਿ ਐਂਟਰ10 ਮੀਡੀਆ ਨੇ ਰਣਨੀਤੀ ਵਿਚ ਬਦਲਾਅ ਕਰਦੇ ਹੋਏ ਦੰਗਲ ਐੱਚ. ਡੀ. ਤੇ ਦੰਗਲ ਉੜੀਆ ਦੇ ਲਾਇਸੈਂਸ ਛੱਡ ਦਿੱਤੇ ਹਨ। ਏ. ਬੀ. ਪੀ. ਨੈੱਟਵਰਕ ਨੇ ਜ਼ਿਆਦਾ ਖਰਚੇ ਅਤੇ ਘੱਟ ਕਮਾਈ ਕਾਰਨ ਏ. ਬੀ. ਪੀ. ਐੱਚ. ਡੀ. ਬੰਦ ਕੀਤਾ ਹੈ, ਉੱਥੇ ਹੀ ਐੱਨ. ਡੀ. ਟੀ. ਵੀ. ਨੇ ਆਪਣੇ ਪ੍ਰਸਤਾਵਤ ਗੁਜਰਾਤੀ ਨਿਊਜ਼ ਚੈਨਲ ਐੱਨ. ਡੀ. ਟੀ. ਵੀ. ਗੁਜਰਾਤੀ ਦਾ ਲਾਇਸੈਂਸ ਸਰੰਡਰ ਕਰ ਦਿੱਤਾ ਹੈ।
ਭਾਰਤ ਬਣੇਗਾ ਗਲੋਬਲ ਇਲੈਕਟ੍ਰੋਨਿਕਸ ਹੱਬ, 33 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਲੇਗੀ ਨੌਕਰੀ
NEXT STORY