ਮੁੰਬਈ- 16 ਜਨਵਰੀ ਨੂੰ ਭਾਰਤ ਵਿਚ ਸ਼ੁਰੂ ਹੋਈ ਟੀਕਾਕਰਨ ਦੀ ਸਭ ਤੋਂ ਵੱਡੀ ਮੁਹਿੰਮ ਵਿਚਕਾਰ ਟ੍ਰੈਵਲ ਏਜੰਟ ਐਸੋਸੀਏਸ਼ਨ ਆਫ਼ ਇੰਡੀਆ (ਟੀ. ਏ. ਏ. ਆਈ.) ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਟੀਕਾ ਲਵਾ ਚੁੱਕੇ ਘਰੇਲੂ ਅਤੇ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਤਹਿਤ ਅਜਿਹੇ ਯਾਤਰੀਆਂ ਨੂੰ ਇਕਾਂਤਵਾਸ ਨਿਯਮਾਂ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਟੀ. ਏ. ਏ. ਆਈ. ਨੇ ਇਕ ਬਿਆਨ ਵਿਚ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਨੇ ਟੀਕਾਕਰਨ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਜਿਨ੍ਹਾਂ ਯਾਤਰੀਆਂ ਨੇ ਟੀਕਾ ਲਵਾਇਆ ਹੈ, ਉਹ ਭਾਰਤ ਦੀ ਯਾਤਰਾ ਲਈ ਤਿਆਰ ਹਨ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਭਾਰਤ ਵਿਚ ਦਾਖ਼ਲ ਹੋਣ ਦਿੱਤਾ ਜਾਵੇਗਾ।
ਸੰਗਠਨ ਨੇ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਦੀ ਇਕਸਾਰ ਨੀਤੀ ਦੀ ਲੋੜ ਹੈ। ਟੀ. ਏ. ਏ. ਆਈ. ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੂੰ ਟੀਕੇ ਲਵਾਉਣ ਵਾਲੇ ਯਾਤਰੀਆਂ ਲਈ ਤਤਕਾਲ ਪ੍ਰੋਟੋਕੋਲ ਬਣਾਉਣ ਦੀ ਬੇਨਤੀ ਕੀਤੀ ਹੈ। ਟੀ. ਏ. ਏ. ਆਈ. ਦੀ ਪ੍ਰਧਾਨ ਜੋਤੀ ਮੋਇਲ ਨੇ ਕਿਹਾ, “ਅਸੀਂ ਕੇਂਦਰ ਸਰਕਾਰ ਨੂੰ ਟੀਕਾ ਲਵਾ ਚੁੱਕੇ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਬੇਨਤੀ ਕੀਤੀ ਹੈ। ਇਨ੍ਹਾਂ ਯਾਤਰੀਆਂ ਲਈ ਇਕ ਪ੍ਰਮਾਣਿਤ ਸਰਟੀਫਿਕੇਟ ਜਾਰੀ ਕੀਤਾ ਜਾਣਾ ਚਾਹੀਦਾ ਹੈ ਅਤੇ ਇਕ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ (ਐਸਓਪੀ) ਬਣਾਇਆ ਜਾਣਾ ਚਾਹੀਦਾ ਹੈ।”
ਸਰਕਾਰੀ ਬੈਂਕਾਂ 'ਚ ਪੂੰਜੀ ਪਾਉਣ ਲਈ ਸਰਕਾਰ ਵੱਲੋਂ ਨਵੇਂ ਮਾਡਲ 'ਤੇ ਵਿਚਾਰ
NEXT STORY