ਨਵੀਂ ਦਿੱਲੀ : ਅਮਰੀਕਾ ਤੇ ਚੀਨ ਵੱਲੋਂ ਕੋਰੋਨਾ ਲਈ ਟੀਕਾ ਵਿਕਸਤ ਕਰਨ ਦੀ ਲੱਗੀ ਦੌੜ ਵਿਚਕਾਰ ਖਬਰ ਹੈ ਕਿ ਹੈਦਰਾਬਾਦ ਦੀ ਟੀਕਾ ਕੰਪਨੀ ਭਾਰਤ ਬਾਇਓਟੈਕ ਕੋਰੋਨਾ ਨੂੰ ਹਰਾਉਣ ਲਈ ਇਕ ਟੀਕਾ ਵਿਕਸਤ ਕਰਨ ਦੇ ਨਜ਼ਦੀਕ ਪਹੁੰਚ ਗਈ ਹੈ। ਇਸ ਦਾ ਜਾਨਵਰਾਂ 'ਤੇ ਟ੍ਰਾਇਲ ਅਮਰੀਕਾ ਵਿਚ ਸ਼ੁਰੂ ਹੋ ਗਿਆ ਹੈ। ਤਿੰਨ ਤੋਂ ਛੇ ਮਹੀਨਿਆਂ ਤੱਕ ਚੱਲਣ ਵਾਲੇ ਇਸ ਟ੍ਰਾਇਲ ਵਿਚ ਜੇਕਰ ਇਹ ਸੁਰੱਖਿਅਤ ਸਾਬਤ ਹੋਇਆ ਤਾਂ ਭਾਰਤ ਵਿਚ ਮਨੁੱਖੀ ਟ੍ਰਾਇਲ ਹੋਵੇਗਾ ਤੇ ਟੀਕਾ ਸਾਲ 2020 ਖਤਮ ਹੋਣ ਤੋਂ ਪਹਿਲਾਂ ਵਰਤੋਂ ਲਈ ਉਪਲੱਬਧ ਹੋ ਸਕਦਾ ਹੈ।
ਇਹ ਟੀਕਾ ਬੂੰਦਾਂ ਦੇ ਰੂਪ ਵਿਚ ਉਪਲੱਧ ਹੋਵੇਗਾ, ਯਾਨੀ ਇਸ ਟੀਕੇ ਦੀ ਸਿਰਫ ਇਕ ਬੂੰਦ ਨੱਕ ਵਿਚ ਪਾਉਣੀ ਪਵੇਗੀ। ਕੋਰੋਫਲੂ ਨਾਮ ਦਾ ਇਹ ਟੀਕਾ ਕੋਰੋਨਾ ਦੇ ਨਾਲ ਫਲੂ ਦਾ ਇਲਾਜ ਵੀ ਕਰੇਗਾ।
ਭਾਰਤ ਬਾਇਓਟੈਕ ਦੇ ਸੀ. ਐੱਮ. ਡੀ. ਤੇ ਵਿਗਿਆਨੀ ਡਾ. ਕ੍ਰਿਸ਼ਨਾ ਏਲਾ ਨੇ ਇਕ ਨਿਊਜ਼ਪੇਪਰ ਨੂੰ ਕਿਹਾ ਕਿ ਕੋਵਿਡ-19 ਦਾ ਵਾਇਰਸ ਨੱਕ ਰਾਹੀਂ ਸਰੀਰ ਵਿਚ ਦਾਖਲ ਹੁੰਦਾ ਹੈ ਅਤੇ ਫੇਫੜਿਆਂ ਵਿਚ ਪਹੁੰਚ ਕੇ ਇਸ ਨੂੰ ਸੰਕ੍ਰਮਿਤ ਕਰਦਾ ਹੈ, ਇਸ ਲਈ ਟੀਕਾ ਦੇਣ ਲਈ ਵੀ ਨੱਕ ਦਾ ਰਸਤਾ ਚੁਣਿਆ ਗਿਆ, ਤਾਂ ਕਿ ਇਹ ਵਾਇਰਸ 'ਤੇ ਤੇਜ਼ ਤੇ ਡੂੰਘਾ ਪ੍ਰਭਾਵ ਪਾ ਸਕੇ। ਕੰਪਨੀ ਇਸ ਨੂੰ ਮਲਟੀ ਡੋਜ਼ ਟੀਕੇ ਦੇ ਤੌਰ 'ਤੇ ਤਿਆਰ ਕਰੇਗੀ, ਯਾਨੀ ਇਕ ਬੋਤਲ ਵਿਚ 10 ਜਾਂ 20 ਬੂੰਦਾਂ ਹੋਣਗੀਆਂ।
ਡਾ. ਕ੍ਰਿਸ਼ਨਾ ਨੇ ਕਿਹਾ ਕਿ ਟੀਕਾ ਬਣਾਉਣ ਦਾ ਕੰਮ ਬਹੁਤ ਗੁੰਝਲਦਾਰ ਹੈ। ਇਹ ਫਾਰਮਾ ਕੰਪਨੀਆਂ ਦੀ ਤਰ੍ਹਾਂ ਨਹੀਂ ਹੈ, ਜਿਨ੍ਹਾਂ ਨੇ ਇਕ ਦਵਾਈ ਦੇ ਆਮ ਫਾਰਮੂਲੇ ਦੀ ਨਕਲ ਕੀਤੀ ਤੇ ਉਤਪਾਦਨ ਸ਼ੁਰੂ ਕਰ ਦਿੱਤਾ। ਟੀਕਾ ਕੰਪਨੀ ਫਲੂਜੈਨ ਤੇ ਭਾਰਤ ਬਾਇਓਟੈਕ ਨੇ ਕੋਵਿਡ-19 ਦੇ ਟੀਕੇ ਲਈ ਯੂਨੀਵਰਸਿਟੀ ਆਫ ਵਿਸਕਾਨਸਿਨ-ਮੈਡਿਸਨ ਨਾਲ ਭਾਈਵਾਲੀ ਕੀਤੀ ਹੈ।
ਭਾਰਤ ਵਿਚ ਅਹਿਮਦਾਬਾਦ ਦੀ ਜ਼ਾਇਡਸ ਕੈਡੀਲਾ ਅਤੇ ਪੁਣੇ ਦੀ ਸੀਰਮ ਇੰਸਟੀਚਿਊਟ ਵੀ ਟੀਕਾ ਬਣਾਉਣ ਦੀ ਦੌੜ ਵਿਚ ਸ਼ਾਮਲ ਹਨ। ਵਿਸ਼ਵ ਭਰ ਵਿਚ ਦਰਜਨਾਂ ਫਰਮਾਂ ਇਸ ਲਈ ਦਿਨ-ਰਾਤ ਲੱਗੀਆਂ ਹੋਈਆਂ ਹਨ। ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਲੰਮੀ ਪ੍ਰਕਿਰਿਆ ਕਾਰਨ ਨਵਾਂ ਟੀਕਾ ਲਾਂਚ ਕਰਨ ਵਿਚ ਘੱਟੋ-ਘੱਟ ਇਕ ਤੋਂ ਦੋ ਸਾਲ ਲੱਗ ਸਕਦੇ ਹਨ।
'ਸਾਰੀਆਂ ਬੀਮਾ ਕੰਪਨੀਆਂ ਨੂੰ ਕੋਰੋਨਾ ਵਾਇਰਸ ਕਾਰਣ ਹੋਈ ਮੌਤ 'ਤੇ ਦੇਣਾ ਹੋਵੇਗਾ ਕਲੇਮ'
NEXT STORY