ਨਵੀਂ ਦਿੱਲੀ - ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਦਰਅਸਲ, ਚੋਟੀ ਦੀ ਅਦਾਲਤ ਨੇ 5 ਅਰਬ ਡਾਲਰ ਤੋਂ ਵੱਧ ਦੇ ਵਿਆਜ ਅਤੇ ਜੁਰਮਾਨੇ ਦੀ ਰਾਸ਼ੀ ਨੂੰ ਮੁਆਫ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਸਰਕਾਰ ਨੇ ਵੀ ਕੰਪਨੀ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕੰਪਨੀ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ।
ਕੰਪਨੀ ਨੇ ਕਿਹਾ ਸੀ ਕਿ ਉਸ ’ਤੇ 45,000 ਕਰੋੜ ਤੋਂ ਜ਼ਿਆਦਾ ਦਾ ਏ. ਜੀ. ਆਰ. ਬਕਾਇਆ ਹੈ ਅਤੇ ਹਾਲਤ ਇੰਨੀ ਖ਼ਰਾਬ ਹੈ ਕਿ ਜੇ ਮਦਦ ਨਾ ਮਿਲੀ ਤਾਂ ਉਹ 2025-26 ਤੋਂ ਬਾਅਦ ਆਪਣਾ ਕੰਮ ਬੰਦ ਕਰ ਦੇਵੇਗੀ। ਕੰਪਨੀ ਨੇ ਕਿਹਾ ਕਿ ਜੇ ਅਜਿਹਾ ਹੋਇਆ ਤਾਂ ਉਸ ਨੂੰ ਦਿਵਾਲੀਆ ਐਲਾਨ ਕਰਨ ਲਈ ਕੋਰਟ ਜਾਣਾ ਪਵੇਗਾ।
ਵੋਡਾਫੋਨ-ਆਈਡੀਆ ਨੇ ਕਿਹਾ ਕਿ ਉਸ ਨੇ 26,000 ਕਰੋੜ ਰੁਪਏ ਦੀ ਨਵੀਂ ਪੂੰਜੀ ਜੁਟਾਈ ਹੈ ਅਤੇ ਸਰਕਾਰ ਨੇ ਵੀ ਉਸ ਦਾ ਬਾਕੀ ਪੈਸਾ ਸ਼ੇਅਰਾਂ ’ਚ ਬਦਲ ਦਿੱਤਾ ਹੈ ਪਰ ਇਸ ਤੋਂ ਬਾਅਦ ਵੀ ਬੈਂਕ ਉਸ ਨੂੰ ਕਰਜ਼ਾ ਦੇਣ ਨੂੰ ਤਿਆਰ ਨਹੀਂ ਹਨ। ਕੰਪਨੀ ਨੇ ਸਰਕਾਰ ਨੂੰ ਇਹ ਵੀ ਦੱਸਿਆ ਕਿ ਜੇ ਵੋਡਾਫੋਨ-ਆਈਡੀਆ ਬੰਦ ਹੋ ਗਈ ਤਾਂ ਸਰਕਾਰ ਦੀ 49 ਫੀਸਦੀ ਹਿੱਸੇਦਾਰੀ ਬੇਕਾਰ ਹੋ ਜਾਵੇਗੀ।
ਵੋਡਾਫੋਨ-ਆਈਡੀਆ ਨੇ ਇਹ ਵੀ ਕਿਹਾ ਹੈ ਕਿ ਜੇ ਸਰਕਾਰ ਵੱਲੋਂ ਹੋਰ ਸਹਿਯੋਗ ਨਹੀਂ ਮਿਲਦਾ ਹੈ, ਤਾਂ ਪੂਰਾ ਟੈਲੀਕਾਮ ਸੈਕਟਰ ਹੀ ਢਹਿ ਸਕਦਾ ਹੈ। ਦੱਸਣਯੋਗ ਹੈ ਕਿ ਵੋਡਾਫੋਨ-ਆਈਡੀਆ ਨੇ ਪਹਿਲਾਂ ਹੀ ਆਪਣੇ ਕੁਝ ਬਕਾਏ ਨੂੰ ਇਕੁਇਟੀ ’ਚ ਬਦਲ ਕੇ ਸਰਕਾਰ ਨੂੰ ਕੰਪਨੀ ’ਚ ਹਿੱਸੇਦਾਰੀ ਦਿੱਤੀ ਹੈ। ਇਸ ਕਾਰਨ ਸਰਕਾਰ ਦੀ ਹਿੱਸੇਦਾਰੀ ਹੁਣ ਕੰਪਨੀ ’ਚ 49 ਫੀਸਦੀ ਹੋ ਚੁੱਕੀ ਹੈ।
ਨਿਵੇਸ਼ ਅਤੇ ਫੰਡ ਜੁਟਾਉਣ ਦੀ ਕੋਸ਼ਿਸ਼ ਕਰੇਗੀ ਕੰਪਨੀ
ਵੋਡਾਫੋਨ-ਆਈਡੀਆ ਹੁਣ ਨਿਵੇਸ਼ ਅਤੇ ਫੰਡ ਜੁਟਾਣ ਦੀ ਕੋਸ਼ਿਸ਼ ਕਰੇਗੀ। ਕੰਪਨੀ ਨੇ ਹਾਲ ਹੀ ’ਚ ਕੁਮਾਰ ਮੰਗਲਮ ਬਿਰਲਾ ਅਤੇ ਉਨ੍ਹਾਂ ਦੀ ਨਿਵੇਸ਼ ਵਾਲੀ ਕੰਪਨੀ ਤੋਂ ਵਾਧੂ ਸ਼ੇਅਰਾਂ ਦੀ ਖਰੀਦ ਰਾਹੀਂ ਫੰਡ ਹਾਸਲ ਕੀਤਾ ਸੀ। ਕੰਪਨੀ ਨੇ ਬੀਤੇ ਸਾਲ 9 ਦਸੰਬਰ ਨੂੰ ਵੋਡਾਫੋਨ ਗਰੁੱਪ ਤੋਂ 2000 ਕਰੋਡ਼ ਰੁਪਏ ਜੁਟਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਜੇ ਵੋਡਾਫੋਨ-ਆਈਡੀਆ ਆਪਣੇ ਇਸ ਸੰਕਟ ਤੋਂ ਬਾਹਰ ਨਾ ਨਿਕਲੀ ਤਾਂ ਮਾਰਕੀਟ ’ਚ ਦੋ ਪ੍ਰਮੁੱਖ ਖਿਡਾਰੀਆਂ ਜੀਓ ਅਤੇ ਏਅਰਟੈੱਲ ਦਾ ਦਬ-ਦਬਾਅ ਹੋ ਸਕਦਾ ਹੈ।
ਵੋਡਾਫੋਨ-ਆਈਡੀਆ ਦਾ ਸ਼ੇਅਰ 8.68 % ਟੁੱਟਿਆ
ਵੋਡਾਫੋਨ-ਆਈਡੀਆ ਦੇ ਸ਼ੇਅਰਾਂ ਦਾ ਭਾਅ ਅੱਜ 19 ਮਈ ਨੂੰ 8.68 ਫੀਸਦੀ ਤੱਕ ਡਿੱਗ ਗਿਆ। ਇਹ ਗਿਰਾਵਟ ਅਜਿਹੇ ਸਮੇਂ ਆਈ ਹੈ, ਜਦੋਂ ਕੰਪਨੀ ਦੀ ਪਟੀਸ਼ਨ ’ਤੇ ਅੱਜ ਸੁਪਰੀਮ ਕੋਰਟ ’ਚ ਅਹਿਮ ਸੁਣਵਾਈ ਹੋਈ। ਕੰਪਨੀ ਦਾ ਸ਼ੇਅਰ 7.17 ’ਤੇ ਖੁੱਲ੍ਹਿਆ। ਬੀ. ਐੱਸ. ਈ. ’ਤੇ ਕੰਪਨੀ ਦਾ ਸ਼ੇਅਰ ਦਿਨ ਦੇ ਆਪਣੇ ਉੱਪਰੀ ਪੱਧਰ 7.20 ਅੰਕ ਅਤੇ ਹੇਠਲੇ ਪੱਧਰ 6.47 ਅੰਕ ’ਤੇ ਜਾਣ ਤੋਂ ਬਾਅਦ ਆਪਣੇ ਪਿਛਲੇ ਬੰਦ ਪੱਧਰ ਤੋਂ 0.64 ਅੰਕ ਟੁੱਟ ਕੇ 6.73 ਅੰਕ ’ਤੇ ਬੰਦ ਹੋਇਆ।
ਏਅਰਟੈੱਲ, ਟਾਟਾ ਟੈਲੀਸਰਵਿਸਿਜ਼ ਨੂੰ ਵੀ ਨਹੀਂ ਮਿਲੀ ਰਾਹਤ
ਏਅਰਟੈੱਲ ਅਤੇ ਉਸ ਦੀ ਦੂਜੀ ਕੰਪਨੀ ਭਾਰਤੀ ਹੈਕਸਾਕਾਮ ਨੇ ਕੋਰਟ ਤੋਂ 34,745 ਕਰੋੜ ਰੁਪਏ ਦੀ ਰਾਹਤ ਮੰਗੀ ਸੀ। ਏਅਰਟੈੱਲ ਨੇ ਕਿਹਾ ਕਿ ਉਹ ਪੁਰਾਣੇ ਫੈਸਲੇ ਨੂੰ ਨਹੀਂ ਬਦਲਵਾਉਣਾ ਚਾਹੁੰਦੀ ਪਰ ਉਸ ਨੂੰ ਵਿਆਜ ਅਤੇ ਜੁਰਮਾਨੇ ਦਾ ਬੋਝ ਬਹੁਤ ਭਾਰੀ ਲੱਗ ਰਿਹਾ ਹੈ। ਏ. ਜੀ. ਆਰ. ਭਾਵ (ਐਡਜਸਟਿਡ ਕੁੱਲ ਮਾਲੀਆ) ਟੈਲੀਕਾਮ ਕੰਪਨੀਆਂ ਦੀ ਕਮਾਈ ਦਾ ਇਕ ਹਿੱਸਾ ਹੁੰਦਾ ਹੈ, ਜਿਸ ’ਤੇ ਸਰਕਾਰ ਟੈਕਸ ਅਤੇ ਫੀਸ ਲੈਂਦੀ ਹੈ। ਕੋਰਟ ਨੇ ਪਹਿਲਾਂ ਹੀ ਕਿਹਾ ਸੀ ਕਿ ਕੰਪਨੀਆਂ ਨੂੰ ਪੁਰਾਣਾ ਬਕਾਇਆ ਦੇਣਾ ਪਵੇਗਾ। ਹੁਣ ਏਅਰਟੈੱਲ, ਟਾਟਾ ਟੈਲੀਸਰਵਿਸਿਜ਼ ਨੇ ਸਿਰਫ ਵਿਆਜ ਅਤੇ ਜੁਰਮਾਨਾ ਮੁਆਫ ਕਰਨ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਉਸ ਨੂੰ ਵੀ ਮਨਜ਼ੂਰ ਨਹੀਂ ਕੀਤਾ।
ਚੀਨ ਨਹੀਂ ਭਾਰਤ 'ਚ 13,000 ਕਰੋੜ ਦਾ ਨਿਵੇਸ਼ ਕਰੇਗੀ ਤਾਈਵਾਨ ਦੀ ਇਹ ਕੰਪਨੀ, ਐਪਲ ਨਾਲ ਹੈ ਕਨੈਕਸ਼ਨ
NEXT STORY