ਨਵੀਂ ਦਿੱਲੀ — ਅਮਰੀਕਾ ਦੀ ਪ੍ਰਮੁੱਖ ਰਿਟੇਲ ਕੰਪਨੀ ਵਾਲਮਾਰਟ ਨੇ ਕਿਹਾ ਹੈ ਕਿ ਉਹ ਖੇਤੀਬਾੜੀ ਸੈਕਟਰ ਵਿਚ ਆਪਣੀਆਂ ਪਹਿਲਕਦਮੀਆਂ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਕੇਂਦਰੀ ਸਰਕਾਰ ਦੇ ਟੀਚੇ ਨੂੰ ਸਮਰਥਨ ਦੇਵੇਗੀ। ਵਾਲਮਾਰਟ ਨੇ ਹਾਲ ਹੀ ਵਿਚ ਆਨਲਾਈਨ ਖਰੀਦਦਾਰੀ ਪਲੇਟਫਾਰਮ ਫਲਿੱਪਕਾਰਟ ਵਿਚ 77 ਫੀਸਦੀ ਹਿੱਸੇਦਾਰੀ ਖਰੀਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਮਾਰਕੀਟ ਵਿਚ ਬਹੁ-ਪੱਧਰੀ ਵਿਚੋਲਗੀ ਪ੍ਰਬੰਧਾਂ, ਮਾਰਕੀਟ ਤੱਕ ਨਾਕਾਫ਼ੀ ਪਹੁੰਚ, ਘੱਟ ਉਤਪਾਦਕਤਾ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ। ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੋਗੁਣਾ ਕਰਨ ਦਾ ਟੀਚਾ ਰੱਖਿਆ ਹੈ ਅਤੇ ਵਾਲਮਾਰਟ ਇਸ ਟੀਚੇ ਵਿਚ ਯੋਗਦਾਨ ਪਾਉਣ ਲਈ ਉਤਸੁਕ ਹੈ।
ਕੰਪਨੀ ਵਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਉਹ ਕਿਸਾਨਾਂ ਅਤੇ ਕਿਸਾਨ ਉਤਪਾਦਕ ਐਸੋਸੀਏਸ਼ਨਾਂ ਕੋਲੋਂ ਸਿੱਧੀ ਖਰੀਦ, ਖੇਤੀਬਾੜੀ ਦੇ ਸਾਧਨਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਨਵੀਨੀਕਰਨ, ਉਪਭੋਗਤਾਵਾਂ ਦੀ ਤਰਜੀਹ ਦੀ ਜਾਣਕਾਰੀ ਦੇ ਕੇ ਫਸਲਾਂ ਦੀ ਬਿਜਾਈ ਅਤੇ ਵੱਡੇ ਬਾਜ਼ਾਰ ਤੱਕ ਕਿਸਾਨਾਂ ਦੀ ਪਹੁੰਚ ਬਣਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਕੋਸ਼ਿਸ਼ਾਂ ਕਰੇਗੀ। ਅਨੁਮਾਨ ਮੁਤਾਬਕ ਇਨ੍ਹਾਂ ਪਹਿਲਕਦਮੀਆਂ ਨਾਲ ਵਿੱਤੀ ਸਾਲ 2028 ਤੱਕ ਕਿਸਾਨਾਂ ਦੀ ਆਮਦਨ 'ਚ 6 ਤੋਂ 7 ਅਰਬ ਡਾਲਰ ਤੱਕ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਵਾਲਮਾਰਟ ਫਾਊਂਡੇਸ਼ਨ ਵੀ ਖੇਤੀਬਾੜੀ ਅਧਾਰਿਤ ਪ੍ਰੋਜੈਕਟਾਂ ਵਿਚ ਨਿਵੇਸ਼ ਕਰਨਾ ਜਾਰੀ ਰੱਖੇਗੀ। ਕੰਪਨੀ ਨੇ ਨਵੰਬਰ 2017 ਵਿਚ ਆਂਧਰਾ ਪ੍ਰਦੇਸ਼ ਵਿਚ 20 ਲੱਖ ਡਾਲਰ ਦਾ ਨਿਵੇਸ਼ ਕੀਤਾ ਹੈ।
ਵਾਲਮਾਰਟ ਨੇ ਦੇਸ਼ ਵਿਚ 80,000 ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਇਕ ਸਫਲ ਪਹਿਲ ਕੀਤੀ ਹੈ। ਆਂਧਰਾ ਪ੍ਰਦੇਸ਼ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਕੰਪਨੀ ਦੇ ਪ੍ਰਾਜੈਕਟ 'ਤੇ ਕੰਮ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਅੰਬ ਅਤੇ ਕੇਲੇ ਦੇ ਉਤਪਾਦਕਾਂ ਨਾਲ ਇਕ 'ਵਿਲੱਖਣ ਯਤਨ' ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਤਾਮਿਲਨਾਡੂ ਦੇ ਦੋ ਜਿਲਿਆਂ ਵਿਚ ਲਗਪਗ 1200 ਔਰਤਾਂ ਲਈ ਨਿਰੰਤਰ ਆਰਥਿਕ ਮੌਕੇ ਪ੍ਰਦਾਨ ਕਰਨ ਵਿਚ ਮਦਦ ਕੀਤੀ ਹੈ।
PNB, ਸਿੰਡੀਕੇਟ ਬੈਂਕ 'ਤੇ ਲੱਗ ਸਕਦੀ ਹੈ ਪਾਬੰਦੀ, ਨਹੀਂ ਦੇ ਸਕਣਗੇ ਲੋਨ!
NEXT STORY