ਨਵੀਂ ਦਿੱਲੀ— ਭਾਰਤ 'ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਅਕਤੂਬਰ 'ਚ 14.19 ਫ਼ੀਸਦੀ ਵੱਧ ਕੇ 3,10,294 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 2,71,737 ਇਕਾਈ ਸੀ। ਵਾਹਨ ਉਦਯੋਗ ਦੀ ਸੰਸਥਾ ਸਿਆਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿਆਮ ਨੇ ਕਿਹਾ ਕਿ ਤਿਉਹਾਰੀ ਮੌਸਮ 'ਚ ਵਧੀ ਮੰਗ ਨੂੰ ਪੂਰਾ ਕਰਨ ਲਈ ਡੀਲਰਾਂ ਨੇ ਜ਼ਿਆਦਾ ਗਿਣਤੀ 'ਚ ਗੱਡੀਆਂ ਮੰਗਵਾਈਆਂ।
ਭਾਰਤੀ ਵਾਹਨ ਨਿਰਮਾਤਾ ਸੁਸਾਇਟੀ (ਸਿਆਮ) ਦੇ ਤਾਜ਼ਾ ਅੰਕੜਿਆਂ ਮੁਤਾਬਕ, ਇਸ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ 16.88 ਫ਼ੀਸਦੀ ਵੱਧ ਕੇ 20,53,814 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 17,57,180 ਇਕਾਈ ਸੀ। ਇਸ ਮਿਆਦ ਦੇ ਦੌਰਾਨ ਮੋਟਰਸਾਈਕਲ ਦੀ ਵਿਕਰੀ 23.8 ਫ਼ੀਸਦੀ ਅਤੇ ਸਕੂਟਰਾਂ ਦੀ ਵਿਕਰੀ 1.79 ਫ਼ੀਸਦੀ ਵਧੀ ਹੈ। ਹਾਲਾਂਕਿ, ਤਿੰਨ ਪਹੀਆ ਵਾਹਨਾਂ ਦੀ ਵਿਕਰੀ ਅਕਤੂਬਰ 'ਚ 60.91 ਫ਼ੀਸਦੀ ਘੱਟ ਕੇ 26,187 ਇਕਾਈ ਰਹਿ ਗਈ ਜੋ, ਇਕ ਸਾਲ ਪਹਿਲਾਂ ਦੀ ਮਿਆਦ 'ਚ 66,985 ਇਕਾਈ ਸੀ। ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੈਨਨ ਨੇ ਕਿਹਾ ਕਿ ਅਕਤੂਬਰ ਦੇ ਮਹੀਨੇ 'ਚ ਵਿਕਰੀ 'ਚ ਵਾਧਾ ਜਾਰੀ ਰਿਹਾ ਅਤੇ ਕੁਝ ਖੇਤਰਾਂ 'ਚ ਚੰਗੀ ਮੰਗ ਦੇ ਮੱਦੇਨਜ਼ਰ ਸੁਧਾਰ ਦੇਖਣ ਨੂੰ ਮਿਲਿਆ।
ਸੋਨੇ ਦੀਆਂ ਕੀਮਤਾਂ 65,000 ਰੁ: ਪ੍ਰਤੀ 10 ਗ੍ਰਾਮ ਤੱਕ ਵਧਣ ਦੀ ਸੰਭਾਵਨਾ!
NEXT STORY