ਮੁੰਬਈ– ਗੁਜਰਾਤ ਸਥਿਤ ਏ. ਬੀ. ਜੀ. ਸ਼ਿਪਯਾਰਡ ਲਿਮਟਿਡ ਜਦੋਂ ਦੇਸ਼ ਦੀ ਹੁਣ ਤੱਕ ਦੀਸਭ ਤੋਂ ਵੱਡੀ ਬੈਂਕ ਧੋਖਾਦੇਹੀ ਨੂੰ ਅੰਜ਼ਾਮ ਦੇ ਰਹੀ ਸੀ ਤਾਂ ਇਸ ਧੋਖਾਦੇਹੀ ਕਾਰਨ ਸਭ ਤੋਂ ਵੱਧ ਨੁਕਸਾਨ ਉਠਾਉਣ ਵਾਲੇ ਨਿੱਜੀ ਖੇਤਰ ਦੇ ਬੈਂਕ ਆਈ. ਸੀ. ਆਈ. ਸੀ. ਆਈ. ਦੇ ਹੱਥ ’ਚ ਸੀ। ਏ. ਬੀ. ਜੀ. ਸ਼ਿਪਯਾਰਡ ਨੇ ਦੇਸ਼ ਦੇ 8 ਬੈਂਕਾਂ ਨੂੰ 22,842 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ ਅਤੇ ਇਸ ਧੋਖਾਦੇਹੀ ਦਾ ਸਭ ਤੋਂ ਵੱਡਾ ਸ਼ਿਕਾਰ ਆਈ. ਸੀ. ਆਈ. ਸੀ. ਆਈ. ਬੈਂਕ ਹੋਇਆ ਹੈ, ਜਿਸ ਨੂੰ 7,089 ਕਰੋੜ ਰੁਪਏ ਦਾ ਚੂਨਾ ਲੱਗਾ। ਇਸ ਤੋਂ ਬਾਅਦ ਆਈ. ਡੀ. ਬੀ. ਆਈ. ਬੈਂਕ ਲਿਮਟਿਡ ਨੂੰ 3,639 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਦ ਕਿ ਐੱਸ. ਬੀ. ਆਈ. ਨੂੰ 2,925 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ।
ਏ. ਬੀ. ਜੀ. ਸ਼ਿਪਯਾਰਡ ਜਦੋਂ ਚੁੱਪਚਾਪ ਇਸ ਕਾਰਸਤਾਨੀ ਨੂੰ ਅੰਜ਼ਾਮ ਦੇਣ ’ਚ ਜੁਟਿਆ ਸੀ, ਉਸ ਸਮੇਂ ਆਈ. ਸੀ. ਆਈ. ਸੀ. ਆਈ. ਦੀ ਵਾਗਡੋਰ ਹਾਈ-ਪ੍ਰੋਫਾਈ ਮਹਿਲਾ ਬੈਂਕਰ ਚੰਦਾ ਕੋਚਰ ਦੇ ਹੱਥ ’ਚ ਸੀ ਅਤੇ ਐੱਸ. ਬੀ. ਆਈ. ਦੀ ਕਮਾਨ ਪ੍ਰਸਿੱਧ ਬੈਂਕਰ ਅਰੁੰਧਤੀ ਭੱਟਾਚਾਰਿਆ ਦੇ ਹੱਥ ’ਚ ਸੀ। ਚੰਦਾ ਕੋਚਰ ਨੂੰ ਵੀਡੀਓਕਾਨ ਦੇ ਵਿਵਾਦਿਤ ਮਾਮਲੇ ਕਾਰਨ ਅਕਤੂਬਰ 2018 ’ਚ ਆਈ. ਸੀ. ਆਈ. ਸੀ. ਆਈ. ਨੂੰ ਅਲਵਿਦਾ ਕਹਿਣਾ ਪਿਆ ਸੀ ਜਦ ਕਿ ਭੱਟਾਚਾਰਿਆ ਅਕਤੂਬਰ 2017 ’ਚ ਰਿਟਾਇਰਡ ਹੋ ਗਈ ਸੀ। ਭੱਟਾਚਾਰਿਆ ਨੂੰ ਫੋਰਬਸ ਦੀਆਂ ਦੁਨੀਆ ਦੀਆਂ ਸਭ ਤੋਂ ਤਾਕਤਵਰ ਔਰਤਾਂ ਦੀ ਸਾਲ 2016 ਦੀ ਸੂਚੀ ’ਚ 25ਵਾਂ ਸਥਾਨ ਮਿਲਿਆ ਸੀ।
ਰੋਚਕ ਤੱਥ ਇਹ ਹੈ ਕਿ ਐੱਸ. ਬੀ. ਆਈ. ਦੀ ਜਿਸ ਫਾਰੈਂਸਿਕ ਆਡਿਟ ਰਿਪੋਰਟ (18 ਜਨਵਰੀ 2019) ਦੇ ਆਧਾਰ ’ਤੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਬੈਂਕ ਧੋਖਾਦੇਹੀ ਮਾਮਲੇ ’ਚ ਸ਼ਿਕਾਇਤ ਦਰਜ ਕੀਤੀ ਹੈ, ਉਹ ਆਡਿਟ ਰਿਪੋਰਟ ਅਪ੍ਰੈਲ 2012 ਤੋਂ ਜੁਲਾਈ 2017 ਤੱਕ ਦੀ ਹੈ ਅਤੇ ਭੱਟਾਚਾਰਿਆ ਨੇ 2013 ’ਚ ਐੱਸ. ਬੀ. ਆਈ. ਦੀ ਕਮਾਨ ਸੰਭਾਲੀ ਸੀ। ਬੈਂਕਿੰਗ ਯੂਨੀਅਨ ਅਤੇ ਮਾਹਰ ਇਸ ਗੱਲ ’ਤੇ ਨਾਰਾਜ਼ਗੀ ਪ੍ਰਗਟਾ ਰਹੇ ਹਨ ਕਿ ਬੈਂਕ ਕਿਸ ਤਰ੍ਹਾਂ ਹੁਣ ਕਰਜ਼ਾ ਲੈਣ ਵਾਲਿਆਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾ ਰਹੇ ਹਨ।
ਬੈਂਕਾਂ ਦੇ ਜਨਰਲ ਮੈਨੇਜਰ ਪੱਧਰ ਤੋਂ ਉੱਪਰ ਦੇ ਸਾਰੇ ਵਿਅਕਤੀ ਨਿਸ਼ਚਿਤ ਤੌਰ ’ਤੇ ਜ਼ਿੰਮੇਵਾਰ
ਬੈਂਕਿੰਗ ਯੂਨੀਅਨ ਦੇ ਸੰਯੁਕਤ ਫੋਰਮ ਦੇ ਕਨਵੀਨਰ ਦੇਵੀਦਾਸ ਤੁਜਲਾਪੁਰਕਰ ਨੇ ਕਿਹਾ ਕਿ ਜਦੋਂ ਇਹ ਧੋਖਾਦੇਹੀ ਹੋ ਰਹੀ ਸੀ ਤਾਂ ਕੀ ਪੂਰੀ ਬੈਂਕਿੰਗ ਪ੍ਰਣਾਲੀ ਸੌਂ ਰਹੀ ਸੀ। ਭਾਰਤੀ ਰਿਜ਼ਰਵ ਬੈਂਕ ਆਡਿਟ ਕਰਦਾ ਹੈ ਅਤੇ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ’ਚ ਇਸ ਦੇ ਪ੍ਰਤੀਨਿਧੀ ਰਹਿੰਦੇ ਹਨ। ਉਸ ਸਮੇਂ ਇਹ ਕੀ ਕਰ ਰਹੇ ਸਨ ਅਤੇ ਇਸ ਘਪਲੇ ’ਚ ਉਨ੍ਹਾਂ ਦੀ ਕੀ ਭੂਮਿਕਾ ਸੀ। ਟ੍ਰੇਡ ਯੂਨੀਅਨ ਦੀ ਸਾਂਝੀ ਕਾਰਜ ਕਮੇਟੀ ਦੇ ਕਨਵੀਨਰ ਅਤੇ ਬੈਂਕਿੰਗ ਮਾਹਰ ਵਿਸ਼ਵਾਸ ਉਤਾਗੀ ਨੇ ਕਿਹਾ ਕਿ ਸੀ. ਬੀ. ਆਈ. ਐੱਸ. ਬੀ. ਆਈ. ਦੀ ਇਸ ਗੱਲ ਨੂੰ ਕਿਵੇਂ ਆਸਾਨੀ ਨਾਲ ਮੰਨ ਸਕਦੀ ਹੈ ਕਿ ਉਸ ਦੇ ਕੋਈ ਕਰਮਚਾਰੀ ਇਸ ’ਚ ਸ਼ਾਮਲ ਨਹੀਂ ਸਨ, ਖਾਸ ਕਰ ਕੇ ਜਦੋਂ ਇੰਨੀ ਵੱਡੀ ਮਾਤਰਾ ’ਚ ਜਨਤਾ ਦੇ ਧਨ ਦਾ ਨੁਕਸਾਨ ਹੋਇਆ ਹੋਵੇ।
ਉਤਾਗੀ ਨੇ ਕਿਹਾ ਕਿ ਜਦੋਂ ਇੰਨੀ ਵੱਡੀ ਧੋਖਾਦੇਹੀ ਹੋਵੇ ਤਾਂ ਕੰਸੋਰਟੀਅਮ ’ਚ ਸ਼ਾਮਲ ਬੈਂਕਾਂ ਦੇ ਜਨਰਲ ਮੈਨੇਜਰ ਪੱਧਰ ਤੋਂ ਉੱਪਰ ਦੇ ਸਾਰੇ ਵਿਅਕਤੀ ਨਿਸ਼ਚਿਤ ਤੌਰ ’ਤੇ ਜ਼ਿੰਮੇਵਾਰ ਹਨ। ਅਸੀਂ ਮੰਗ ਕਰਦੇ ਹਾਂ ਕਿ ਸੀ. ਬੀ. ਆਈ. ਇਮਾਨਦਾਰੀ ਨਾਲ ਮੁਖੀਆਂ, ਮੈਨੇਜਿੰਗ ਡਾਇਰੈਕਟਰਾਂ, ਡਾਇਰੈਕਟਰਾਂ ਆਦਿ ਦੀ ਜਾਂਚ ਕਰਨ ਅਤੇ ਸੱਚ ਦਾ ਪਤਾ ਲਗਾਉਣ।
ਐਸੋਸੀਏਸ਼ਨ ਨੇ ਕੀਤੀ ਐੱਸ. ਬੀ. ਆਈ. ਦੇ ਨਰਮ ਰੁਖ ’ਤੇ ਟਿੱਪਣੀ
ਇਸ ਧੋਖਾਦੇਹੀ ਮਾਮਲੇ ’ਚ ਕਥਿਤ ਤੌਰ ’ਤੇ ਐੱਸ. ਬੀ.ਆਈ. ਦੇ ਨਰਮ ਰੁਖ ’ਤੇ ਟਿੱਪਣੀ ਕਰਦੇ ਹੋਏ ਆਲ ਇੰਡੀਆ ਬੈਂਕ ਆਫਿਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਐੱਸ. ਨਾਗਰਾਜਨ ਨੇ ਕਿਹਾ ਕਿ ਬੈਂਕ ਤਾਂ ਲੋੜਵੰਦ ਵਿਦਿਆਰਥੀਆਂ ’ਚ ਲਏ ਗਏ ਛੋਟੇ ਸਿੱਖਿਆ ਲੋਨ ਦੇ ਮਾਮਲੇ ਵੀ ’ਚ ਵੀ ਹਮਦਰਦੀ ਨਹੀਂ ਦਿਖਾਉਂਦੇ ਹਨ। ਨਾਗਰਾਜਨ ਨੇ ਕਿਹਾ ਕਿ ਕੰਸੋਰਟੀਅਮ ਨੇਤਾ ਦੀ ਅਪੀਲ ’ਤੇ ਜਦੋਂ ਇੰਨੇ ਵੱਡੇ ਕਰਜ਼ੇ ਨੂੰ ਇਜਾਜ਼ਤ ਦਿੱਤੀ ਗਈ ਤਾਂ ਕੀ ਹੋਰ ਬੈਂਕਾਂ ਨੇ ਇਸ ਦੀ ਜਾਂਚ ਕੀਤੀ, ਖਾਤਿਆਂ ਦੀ ਨਿਗਰਾਨੀ ਕੀਤੀ ਜਾਂ ਸੁਰੱਖਿਆ ਵਧਾਈ। ਜੇ ਅਜਿਹਾ ਨਹੀਂ ਹੋਇਆ ਤਾਂ ਜ਼ਰੂਰ ਕੁੱਝ ਗੜਬੜ ਹੈ।
ਕੋਰੋਨਾ ਕਾਲ ’ਚ ਆਈ. ਟੀ. ਕੰਪਨੀਆਂ ਦੀ ਬੰਪਰ ਕਮਾਈ, ਟੁੱਟਾ ਇਕ ਦਹਾਕੇ ਦਾ ਰਿਕਾਰਡ
NEXT STORY