ਨਵੀਂ ਦਿੱਲੀ- ਵਿਸ਼ਵ ਬੈਂਕ ਨੇ ਇਕ ਵਾਰ ਮੁੜ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਭਰੋਸਾ ਜਤਾਇਆ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਇਕ ਪਾਸੇ ਜਿੱਥੇ ਗਲੋਬਲ ਅਰਥਵਿਵਸਥਾ ਮੰਦੀ ਦੇ ਕੰਢੇ ਖੜ੍ਹੀ ਹੈ, ਉੱਥੇ ਹੀ ਭਾਰਤੀ ਅਰਥਵਿਵਸਥਾ ਦੇ 6.6 ਫੀਸਦੀ ਦੀ ਰਫਤਾਰ ਨਾਲ ਅੱਗੇ ਵਧਣ ਦੀ ਸੰਭਾਵਨਾ ਹੈ। ਵਿਕਾਸ ਦਰ ਦਾ ਅਨੁਮਾਨ ਅਗਲੇ ਵਿੱਤੀ ਸਾਲ 2023-24 ਲਈ ਲਗਾਇਆ ਹੈ।
ਵਿਸ਼ਵ ਬੈਂਕ ਨੇ ਕਿਹਾ ਕਿ ਇਕ ਝਟਕਾ ਹੋਰ ਲੱਗੇਗਾ ਤਾਂ ਗਲੋਬਲ ਅਰਥਵਿਵਸਥਾ ਸਿੱਧੇ ਮੰਦੀ ਦੀ ਖੱਡ ’ਚ ਡਿਗ ਜਾਏਗੀ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਦੁਨੀਆ ਦੀਆਂ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ਸੁਸਤੀ ਨਾਲ ਜੂਝ ਰਹੀਆਂ ਹਨ। ਭਾਵੇਂ ਅਮਰੀਕਾ ਹੋਵੇ ਜਾਂ ਯੂਰਪ ਅਤੇ ਚੀਨ, ਸਾਰਿਆਂ ਨੂੰ ਆਪਣੀ ਵਿਕਾਸ ਦਰ ਵਧਾਉਣ ’ਚ ਪਸੀਨੇ ਛੁੱਟ ਰਹੇ ਹਨ। ‘ਗਲੋਬਲ ਇਕੋਨੋਮੀ ਪ੍ਰਾਸਪੈਕਟਸ’ ਦੇ ਅੰਕੜਿਆਂ ’ਚ ਵਿਸ਼ਵ ਬੈਂਕ ਨੇ ਗਲੋਬਲ ਅਰਥਵਿਵਸਥਾ ਦਾ ਗ੍ਰੋਥ ਅਨੁਮਾਨ ਵੀ ਘਟਾ ਦਿੱਤਾ ਹੈ ਅਤੇ ਇਸ ਦੇ 1.7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ ਦੱਖਣੀ ਏਸ਼ੀਆ ’ਚ ਮੰਦੀ ਦਾ ਜਾਇਜ਼ ਅਸਰ ਨਾ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਹੈ, ਜਿਸ ’ਚ ਭਾਰਤ ਪ੍ਰਮੁੱਖ ਅਰਥਵਿਵਸਥਾ ਹੈ। ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਭਾਰਤ ਨੂੰ ਮੰਦੀ ਛੂਹ ਵੀ ਨਹੀਂ ਸਕਦੀ।
ਵਿਸ਼ਵ ਬੈਂਕ ਦਾ ਭਰੋਸਾ ਕਾਇਮ
ਵਿਸ਼ਵ ਬੈਂਕ ਨੂੰ ਭਾਰਤੀ ਅਰਥਵਿਵਸਥਾ ’ਤੇ ਸ਼ੁਰੂ ਤੋਂ ਹੀ ਭਰੋਸਾ ਰਿਹਾ ਹੈ। ਉਸ ਨੇ ਚਾਲੂ ਵਿੱਤੀ ਸਾਲ 2022-23 ’ਚ ਵੀ ਭਾਰਤ ਦੀ ਵਿਕਾਸਦਰ 6.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦ ਕਿ ਅਗਲੇ ਵਿੱਤੀ ਸਾਲ ਲਈ ਇਸ ਅਨੁਮਾਨ ਨੂੰ ਹੋਰ ਵਧਾ ਦਿੱਤਾ ਹੈ। ਦੱਖਣੀ ਏਸ਼ੀਆ ਦੇ ਕੁੱਲ ਉਤਪਾਦਨ ’ਚ 75 ਫੀਸਦੀ ਹਿੱਸੇਦਾਰੀ ਇਕੱਲੇ ਭਾਰਤ ਦੀ ਰਹਿੰਦੀ ਹੈ ਅਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਭਾਰਤ ਦੀ ਵਿਕਾਸ ਦਰ 9.7 ਫੀਸਦੀ ਰਹੀ ਹੈ। ਇਸ ਨਾਲ ਨਿਵੇਸ਼ ਅਤੇ ਖਪਤ ਦਾ ਮਜ਼ਬੂਤ ਆਧਾਰ ਦਿਖਾਈ ਦਿੰਦਾ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਅਗਲੇ ਸਾਲ ਵੀ ਉੱਭਰਦੀਆਂ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ ਵਿਕਾਸ ਦਰ ਹਾਸਲ ਕਰ ਲਵੇਗਾ।
ਮਹਿੰਗਾਈ ਅਤੇ ਵਪਾਰ ਘਾਟਾ ਵੱਡੀ ਸਮੱਸਿਆ
ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਦੇ ਰਾਹ ’ਚ ਮਹਿੰਗਾਈ ਅਤੇ ਵਪਾਰ ਘਾਟਾ ਵੱਡੀ ਸਮੱਸਿਆ ਹੈ। ਇਕ ਪਾਸੇ ਮਹਿੰਗਾਈ ਖਪਤਕਾਰ ਖਪਤ ’ਤੇ ਅਸਰ ਪਾ ਰਹੀ ਹੈ ਅਤੇ ਦੂਜੇ ਪਾਸੇ ਵਪਾਰ ਘਾਟਾ ਦੇਸ਼ ਦੇ ਮਾਲੀਏ ਨੂੰ ਘੱਟ ਕਰ ਰਿਹਾ ਹੈ। ਨਵੰਬਰ ’ਚ ਮਹਿੰਗਾਈ 6 ਫੀਸਦੀ ਦੇ ਲਗਭਗ ਰਹੀ ਪਰ ਇਸ ਨਾਲ ਆਰ. ਬੀ. ਆਈ. ਨੂੰ ਖਾਸ ਰਾਹਤ ਨਹੀਂ ਮਿਲੀ। ਮਹਿੰਗਾਈ ਦੇ ਕਾਰਣ ਹੀ ਰਿਜ਼ਰਵ ਬੈਂਕ ਨੂੰ ਰੇਪੋ ਰੇਟ ’ਚ 2.25 ਫੀਸਦੀ ਦਾ ਵਾਧਾ ਕਰਨਾ ਪਿਆ। ਦੂਜੇ ਪਾਸੇ 2019 ਤੋਂ ਹੁਣ ਤੱਕ ਦੇਸ਼ ਦਾ ਵਪਾਰ ਘਾਟਾ ਦੁੱਗਣਾ ਹੋ ਗਿਆ ਹੈ। ਨਵੰਬਰ ’ਚ 24 ਅਰਬ ਡਾਲਰ ਦਾ ਵਪਾਰ ਘਾਟਾ ਰਿਹਾ। ਇਸ ’ਚ ਸਭ ਤੋਂ ਵੱਧ 7.6 ਅਰਬ ਡਾਲਰ ਪੈਟਰੋਲੀਅਮ ਉਤਪਾਦਾਂ ਦਾ ਅਤੇ 4.2 ਅਰਬ ਡਾਲਰ ਖਣਿਜਾਂ ਦੇ ਇੰਪੋਰਟ ਕਾਰਨ ਹੋਇਆ ਹੈ।
ਗਲੋਬਲ ਅਰਥਵਿਵਸਥਾ ਦੀ ਗ੍ਰੋਥ ਰੇਟ ਅੱਧੀ
ਵਿਸ਼ਵ ਬੈਂਕ ਨੇ ਗਲੋਬਲ ਅਰਥਵਿਵਸਥਾ ਦੀ ਗ੍ਰੋਥ ਰੇਟ ਪ੍ਰੋਜੈਕਸ਼ਨ ਨੂੰ ਘਟਾ ਕੇ ਕਰੀਬ ਅੱਧਾ ਕਰ ਦਿੱਤਾ ਹੈ। ਪਹਿਲਾਂ ਜਿੱਥੇ ਗਲੋਬਲ ਅਰਥਵਿਵਸਥਾ ਦੇ 3 ਫੀਸਦੀ ਦਰ ਨਾਲ ਵਧਣ ਦਾ ਅਨੁਮਾਨ ਸੀ, ਉੱਥੇ ਹੀ ਹੁਣ ਇਸ ਨੂੰ ਘਟਾ ਕੇ 1.7 ਫੀਸਦੀ ਕਰ ਦਿੱਤਾ ਹੈ। 30 ਸਾਲਾਂ ’ਚ ਇਹ ਤੀਜਾ ਮੌਕਾ ਹੋਵੇਗਾ ਜਦੋਂ ਗਲੋਬਲ ਅਰਥਵਿਵਸਥਾ ਦੀ ਦਰ ਇੰਨੀ ਘੱਟ ਹੋਵੇਗੀ। ਇਸ ਤੋਂ ਪਹਿਲਾਂ 2008 ਦੀ ਮੰਦੀ ਅਤੇ 2020 ਦੇ ਕੋਰੋਨਾ ਮਹਾਮਾਰੀ ਦੇ ਦੌਰ ’ਚ ਗ੍ਰੋਥ ਰੇਟ ਇੰਨੀ ਡਿਗੀ ਸੀ। ਅਗਲੇ ਵਿੱਤ ਸਾਲ ਅਮਕੀਤਾ ਦੀ ਵਿਕਾਸ ਦਰ 0.5 ਫੀਸਦੀ ਰਹਿਣ ਦਾ ਅਨੁਮਾਨ ਹੈ।
ਪਾਕਿਸਤਾਨ ਦੀ ਵਿਕਾਸ ਦਰ 2 ਫੀਸਦੀ ’ਤੇ ਆਵੇਗੀ
ਵਿਸ਼ਵ ਬੈਂਕ ਨੇ ਚਾਲੂ ਵਿੱਤੀ ਸਾਲ (2022-23) ਵਿਚ ਪਾਕਿਸਤਾਨ ਦੀ ਆਰਥਿਕ ਵਾਧਾ ਦਰ ਘਟ ਕੇ 2 ਫੀਸਦੀ ’ਤੇ ਆਉਣ ਦਾ ਅਨੁਮਾਨ ਲਗਾਇਆ ਹੈ। ਇਹ ਜੂਨ 2022 ਦੇ ਅਨੁਮਾਨ ਤੋਂ 2 ਫੀਸਦੀ ਅੰਕ ਘੱਟ ਹੈ। ਵਿਸ਼ਵ ਬੈਂਕ ਦੀ ਗਲੋਬਲ ਆਰਥਿਕ ਦ੍ਰਿਸ਼ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਿਆਨਕ ਹੜ੍ਹ ਅਤੇ ਗਲੋਬਲ ਵਾਧਾ ਦਰ ’ਚ ਗਿਰਾਵਟ ਕਾਰਣ ਪਾਕਿਸਤਾਨ ਦੀ ਵਾਧਾ ਦਰ ਪਹਿਲਾਂ ਲਗਾਏ ਗਏ ਅਨੁਮਾਨ ਤੋਂ ਘੱਟ ਰਹੇਗੀ। ਪਾਕਿਸਤਾਨ ਦੇ ‘ਡਾਨ’ ਅਖਬਾਰ ਨੇ ਇਕ ਰਿਪੋਰਟ ’ਚ ਕਿਹਾ ਕਿ ਵਿਸ਼ਵ ਬੈਂਕ ਦੀ ਇਹ ਰਿਪੋਰਟ ਲੰਮੇ ਸਮੇਂ ਤੱਕ ਚੱਲਣ ਵਾਲੀ ਤੇਜ਼ ਸੁਸਤੀ ਵੱਲ ਇਸ਼ਾਰਾ ਕਰਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
10 ਦੇਸ਼ਾਂ ਦੇ ਪ੍ਰਵਾਸੀ ਛੇਤੀ ਪੈਸਾ ਭੇਜਣ ਲਈ ਕਰ ਸਕਣਗੇ UPI ਦਾ ਇਸਤੇਮਾਲ
NEXT STORY