ਇਹ ਤਾਂ ਸਾਰਿਆਂ ਨੇ ਮੰਨ ਲਿਆ ਹੈ ਕਿ ਬਾਬਾ ਨਾਨਕ ਸਾਰਿਆਂ ਦਾ ਸਾਂਝਾ ਸੀ ਅਤੇ ਹੈ। ਜਿਨ੍ਹਾਂ ਨੂੰ ਅਜਿਹਾ ਨਹੀਂ ਲੱਗਦਾ, ਉਨ੍ਹਾਂ ਨੂੰ ਫਿਰ ਤੋਂ ਬਾਣੀ ਦੀ ਰੌਸ਼ਨੀ ਵਿਚ ਵੀਚਾਰ ਕਰਨੀ ਚਾਹੀਦੀ ਹੈ। ਸਾਰਿਆਂ ਦਾ ਸਾਂਝਾ ਹੋਣ ਕਰਕੇ ਉਨ੍ਹਾਂ ਦੀ ਦੇਹ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਵੀ ਹੋਇਆ ਸੀ। ਪਰੰਪਰਾ ਇਸ ਗੱਲ ਦੀ ਗਵਾਹ ਹੈ ਕਿ ਦੋਹਾਂ ਧਿਰਾਂ ਦੇ ਹੱਥ ਵਿਚ ਬਾਬਾ ਨਾਨਕ ਦੀ ਦੇਹ ਦੀ ਥਾਂ ਫੁੱਲਾਂ ਦੀ ਢੇਰੀ ਹੀ ਹਾਸਲ ਹੋਈ ਸੀ। ਇਹੀ ਫੁੱਲ ਉਨ੍ਹਾਂ ਦੋਹਾਂ ਧਿਰਾਂ ਨੇ ਆਪਸ ਵਿਚ ਵੰਡ ਲਏ ਸਨ। ਇਹੋ ਜਿਹੀਆਂ ਅਦਭੁਤ ਘਟਨਾਵਾਂ ਗੁਰੂ ਜੀ ਨਾਲ ਆਮ ਹੀ ਜੁੜੀਆਂ ਹੋਈਆਂ ਪ੍ਰਾਪਤ ਹਨ। ਉਨ੍ਹਾਂ ਦੀ ਸਾਰਿਆਂ ਦਾ ਸਾਂਝਾ ਹੋਣ ਦੀ ਸਥਾਪਤ ਹੋ ਰਹੀ ਧਾਰਮਿਕ ਛਬੀ ਤੋਂ ਭੈ ਭੀਤ ਉਨ੍ਹਾਂ ਦੇ ਸਮਕਾਲੀ ਧਾਰਮਿਕ ਲੀਡਰਾਂ ਨੇ ਉਨ੍ਹਾਂ ਸਾਹਮਣੇ ਦੁੱਧ ਦਾ ਭਰਿਆ ਹੋਇਆ ਕਟੋਰਾ ਪੇਸ਼ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਧਾਰਮਿਕ ਆਗੂਆਂ ਦੀ ਸਪੇਸ ਪਹਿਲਾਂ ਹੀ ਪੈਦਾ ਹੋਣ ਆਗੂਆਂ ਨਾਲ ਨਕੋ ਨਕ ਭਰੀ ਹੋਈ ਹੈ ਅਤੇ ਇਸ ਸਪੇਸ ਵਿਚ ਤੁਸੀਂ ਕਿਵੇਂ ਪਰਵੇਸ਼ ਕਰੋਗੇ?
ਬਿੰਬ ਰਾਹੀਂ ਹੋ ਰਹੀ ਇਸ ਗੱਲਬਾਤ ਵਿਚ ਗੁਰੂ ਜੀ ਨੇ ਬਿੰਬ ਰਾਹੀਂ ਜਵਾਬ ਦਿੰਦਿਆਂ ਦੁੱਧ ਦੇ ਭਰੇ ਹੋਏ ਪਿਆਲੇ ਵਿੱਚ ਚਮੇਲੀ ਦਾ ਫੁੱਲ ਰੱਖ ਦਿੱਤਾ ਸੀ। ਇਸ ਨਾਲ ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਪ੍ਰਾਪਤ ਨਾਲ ਉਲਝੇ ਬਿਨਾ ਆਪਣੀ ਸਮਝ ਲੋੜਵੰਦਾਂ ਨਾਲ ਸਾਂਝੀ ਕਰਣ ਆਏ ਹਨ। ਗੁਰੂ ਜੀ ਵੱਲੋਂ ਰੱਖੀ ਗਈ ਇਸ ਸੰਬਾਦੀ-ਨੀਂਹ ਤੇ ਓਸੇ ਹੀ ਜੋਤਿ ਅਤੇ ਜੁਗਤਿ ਦੀ ਨੁਮਾਇੰਦਗੀ ਕਰਦਿਆਂ ਨੌਂ ਗੁਰੂ ਸਾਹਿਬਾਨ ਨੇ ਸਿੱਖ-ਧਰਮ ਦੀ ਉਸਾਰੀ ਕੀਤੀ ਸੀ। ਟਕਰਾਉ ਪੈਦਾ ਕਰਣ ਤੋਂ ਸਦਾ ਗੁਰੇਜ਼ ਕੀਤਾ ਅਤੇ ਗਲ ਪਏ ਟਕਰਾਵਾਂ ਨਾਲ ਖਿੜੇ ਮੱਥੇ ਟਕਰਾਉਣ ਦੇ ਸਿਰੜ੍ਹ ਤੇ ਸਦਾ ਪਹਿਰਾ ਦਿੱਤਾ ਸੀ। ਇਸੇ ਨਾਲ ਨਿਭਦਿਆਂ ਗੁਰੂ ਕਿਆਂ ਨੇ ਪ੍ਰਾਪਤ ਸਿੱਖ ਇਤਿਹਾਸ ਪੈਦਾ ਕੀਤਾ ਸੀ ਅਤੇ ਹੈ। ਪੰਥਕਤਾ ਵਿਚ ਵੀ ਸਰਬੱਤ ਦੇ ਭਲੇ ਦੀ ਜੋਤਿ ਸਦਾ ਜਗਦੀ ਰਹੀ ਹੈ। ਬਹੁਤ ਸਾਰੇ ਬਿਖੜੇ ਪੜਾਵਾਂ ਵਿਚੋਂ ਲੰਘਦਿਆਂ, ਸਿੱਖ-ਭਾਈਚਾਰਾ, ਸਿੱਖ-ਸਭਿਆਚਾਰ ਅਤੇ ਸਿੱਖ-ਅਧਿਆਤਮ ਆਪਣੇ ਆਪਣੇ ਰੰਗ ਵਿਚ ਉਸਰਦੇ ਰਹੇ ਹਨ। ਪ੍ਰਗਟਾਵਿਆਂ ਵਿਚ ਸਥਾਨਕਤਾ ਦੇ ਹਵਾਲੇ ਨਾਲ ਸੰਘਰਸ਼ ਵੀ ਕਰਨੇ ਪੈਂਦੇ ਰਹੇ ਹਨ ਅਤੇ ਟੀਚਾ ਇਹੀ ਰਿਹਾ ਹੈ ਕਿ ‘ਸਿਰ ਜਾਏ ਤਾਂ ਜਾਏ ਸਿੱਖੀ ਸਿਦਕ ਨ ਜਾਏ’।
ਇਸਦੇ ਨਾਲ ਨਾਲ ਨਾਨਕ ਨਾਮ ਲੇਵਾ ਲੋੜਵੰਦਾਂ ਦੀ ਸੇਵਾ ਲਈ ਤਨ, ਮਨ ਅਤੇ ਧਨ ਨਾਲ ਪਹਿਰਾ ਦੇਂਦੇ ਰਹੇ ਹਨ। ਅਜਿਹਾ ਬਾਣੀ ਦੀ ਅਗਵਾਈ ਵਿਚ ਵਾਪਰਦਾ ਰਿਹਾ ਹੈ। ਇਸ ਦੀ ਛਾਪ ਨਾਲ ਸਿੱਖ, ਜਿਵੇਂ ਗੁਰੂ-ਦੇਹ ਨਾਲ ਨਿਭਦੇ ਰਹੇ ਸਨ, ਉਸੇ ਤਰ੍ਹਾਂ ਸ਼ਬਦ-ਗੁਰੂ ਨਾਲ ਨਿਭਦੇ ਆ ਰਹੇ ਹਨ। ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਇਸ ਭਾਵਨਾ ਦੇ ਸ਼ਾਹਦ ਹੋ ਗਏ ਹਨ ਕਿ ਦੂਜੇ ਦੇ ਦੂਜੇਪਨ ਨਾਲ ਨਿਭਾ ਸਕਣ ਦਾ ਪ੍ਰਗਟਾਵਾ ਜਿਵੇਂ ਦੁਨੀਆਂ ਭਰ ਵਿਚ ਨਾਨਕ ਨਾਮ ਲੇਵਾ ਕਰ ਰਹੇ ਹਨ, ਉਸ ਨੂੰ ਰੀਸ ਕਰਣਯੋਗ ਨਾਨਕ-ਮਾਡਲ ਕਿਹਾ ਜਾਣਾ ਚਾਹੀਦਾ ਹੈ। ਇਸ ਦ੍ਰਿਸ਼ਟੀ ਤੋਂ ਸਿੱਖ-ਸਭਿਆਚਾਰ, ਜਿਵੇਂ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਨਿਭ ਸਕਣ ਦੀ ਸਮਰਥਾ ਦਾ ਪ੍ਰਗਟਾਵਾ ਕਰ ਰਿਹਾ ਹੈ, ਉਹ ਗੁਰੂ ਨਾਨਕ ਦੇਵ ਜੀ ਕਰਕੇ ਹੀ ਹੈ।
ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਣਾ ਹੈ। ਸਿਆਸੀ ਤਣਾਓ ਵਿਚ ਜਿਸ ਤਰ੍ਹਾਂ ਦੇ ਚਾਅ ਨਾਲ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਭਾਰਤ ਅਤੇ ਪਾਕਿਸਤਾਨ ਵਿਚ ਹੋ ਰਹੀਆਂ ਹਨ, ਉਸ ਨਾਲ ਇਹ ਸਾਬਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਾਰਿਆਂ ਦੇ ਸਾਂਝੇ ਹਨ ਅਤੇ ਸਾਰਿਆਂ ਦੇ ਸਾਂਝੇ ਰਹਿਣਗੇ। ਪੰਜਾਬ ਸਰਕਾਰ ਬਾਬਾ ਨਾਨਕ ਦੀ ਇਸ ਸੋਚ ਨੂੰ ਲਾਂਘੇ ਤੇ ਯਾਦਗਾਰੀ ਨਿਸ਼ਾਨੀਆਂ ਉਸਾਰਕੇ ਸ਼ਿਲਾਲੇਖੀ ਪਰੰਪਰਾ ਦੀ ਸੁਰ ਵਿਚ ਸਦਾ ਲਈ ਪੱਕਾ ਕਰਨਾ ਚਾਹੁੰਦੀ ਹੈ ਅਤੇ ਇਸ ਵਾਸਤੇ ਲਗਾਤਾਰ ਸਿਰ ਜੋੜਕੇ ਸੋਚਿਆ ਜਾ ਰਿਹਾ ਹੈ। ਇਸ ਨਾਲ ਇਸ ਸੋਚ ਨੇ ਪੱਕਿਆਂ ਹੋ ਜਾਣਾ ਹੈ ਕਿ ਬਾਬਾ ਨਾਨਕ ਸਾਰੀ ਦੁਨੀਆਂ ਦੇ ਹਨ। ਇਸ ਰਾਹ ਤੇ ਤੁਰਦਿਆਂ ਇਹ ਵੀ ਸਾਹਮਣੇ ਆ ਜਾਣਾ ਹੈ ਕਿ ਨਾਨਕ-ਚਿੰਤਨ ਦੁਆਰਾ ਧਰਮਾਂ ਵਿਚਕਾਰ ਅਮਨ ਸਥਾਪਤ ਕਰ ਸਕਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ।
ਸਿਆਸੀ-ਤਪਸ਼ ਨੂੰ ਠਾਰਨ ਵਾਸਤੇ ਇਸ ਵਰ੍ਹੇ ਨੂੰ ਲੋੜੀਂਦੀ ਮੁਹਿੰਮ ਦਾ ਆਗਾਜ਼ ਮੰਨਿਆ ਜਾ ਸਕਦਾ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਚਿੰਤਕਾਂ ਨੇ ਭਰੀ ਹੋਈ ਹੈ, ਜਿਨ੍ਹਾਂ ਨੇ ਅੰਗ੍ਰੇਜ਼ੀ ਅਨੁਵਾਦ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਕੇਵਲ ਝਲਕ ਹੀ ਵੇਖੀ ਸੀ। ਇਨ੍ਹਾਂ ਵਿਚੋਂ ਪ੍ਰੋ. ਅਰਨਲਡ ਟਾਇਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਨਵਤਾ ਦਾ ਸਾਂਝਾ ਅਧਿਆਤਮਿਕ ਖਜ਼ਾਨਾ ਕਿਹਾ ਹੋਇਆ ਹੈ ਅਤੇ ਇਸ ਨੂੰ ਲੋਕਾਂ ਤੱਕ ਲੈਕੇ ਜਾਣ ਦੀ ਵਕਾਲਤ ਵੀ ਕੀਤੀ ਹੋਈ ਹੈ। ਪ੍ਰਸਿੱਧ ਚਿੰਤਕ ਪਰਲ ਐਸ ਬੱਕ ਲਿਖਦੀ ਹੈ ਕਿ ਉਸ ਨੇ ਦੁਨੀਆਂ ਦੇ ਧਰਮਾਂ ਦੇ ਧਰਮ ਗ੍ਰੰਥ ਪੜ੍ਹੇ ਹਨ ਪਰ ਜਿਸ ਤਰ੍ਹਾਂ ਬਾਣੀ ਦਾ ਪ੍ਰਭਾਵ ਮਨ, ਦਿਲ ਅਤੇ ਦਿਮਾਗ਼ ਤੇ ਪੈਂਦਾ ਹੈ, ਉਹ ਹੋਰ ਕਿਧਰੇ ਨਹੀਂ ਹੈ। ਆਰ. ਐੱਸ. ਐੱਸ ਦੇ ਮੁਖੀਆ ਮੋਹਨ ਭਾਗਵਤ ਦਾ ਬਿਆਨ ਮੇਰੇ ਧਿਆਨ ਵਿਚ ਆਇਆ ਹੈ ਕਿ ਜਿਸ ਵੇਲੇ ਭਾਰਤ, ਠੱਗੀ, ਝੂਠ, ਲਾਲਚ ਅਤੇ ਧੜੇਬਾਜੀ ਦੀ ਖੱਡ ਵਿਚ ਡਿੱਗਕੇ ਕਾਸੇ ਜੋਗਾ ਨਹੀਂ ਰਿਹਾ ਸੀ। ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਆਤਮ-ਜਾਗ੍ਰਿਤੀ ਦਾ ਨਵਾਂ ਰਾਹ ਵਿਖਾਇਆ ਸੀ। ਇਨ੍ਹਾਂ ਟਿਪਣੀਆਂ ਨਾਲ ਇਹ ਕਹਿਣਾ ਸੌਖਾ ਹੋ ਗਿਆ ਹੈ ਕਿ ਆਤਮ-ਜਾਗ੍ਰਿਤੀ ਹਰ ਸਮੇਂ ਦੀ ਲੋੜ ਹੁੰਦੀ ਹੈ ਕਿਉਂਕਿ ਅੱਖਾਂ ਖੋਹਲਣ ਨਾਲ ਦੁਆਲੇ ਪਈਆਂ ਚੀਜ਼ਾਂ ਨਜ਼ਰ ਆ ਸਕਦੀਆਂ ਹਨ।
ਬੰਦੇ ਦਾ ਬੰਦਾ ਹੋਣ ਦੀ ਮਜਬੂਰੀ ਵਿਚ ਅੱਖਾਂ ਮੀਟ ਕੇ ਤੁਰਨਾ ਪੈਂਦਾ ਹੈ। ਇਹੋ ਜਿਹੀ ਹਾਲਤ ਵਿਚ ਜਿਊਣ ਦਾ ਚਾਅ ਮਰ ਜਾਂਦਾ ਹੈ ਅਤੇ ਮੌਤ ਤੋਂ ਪਹਿਲਾਂ ਮਰ ਜਾਣ ਦਾ ਸੰਤਾਪ ਮਾਸੂਮਾਂ ਨੂੰ ਵੀ ਭੋਗਣਾ ਪੈ ਜਾਂਦਾ ਹੈ। ਇਹੋ ਜਿਹੀ ਹਾਲਤ ਵਿਚ ਗੁਰੂ ਨਾਨਕ ਦੇਵ ਜੀ ਨੇ ਜਿਊਣ ਦੀ ਜਾਚ ਸਿਖਾਈ ਸੀ। ਇਹ ਜੀਵਨ-ਜਾਚ ਧਰਮ ਅਤੇ ਸਭਿਆਚਾਰ ਨੂੰ ਇਕੱਠਿਆਂ ਤੋਰਨ ਦੀ ਸੀ। ਇਸ ਵੇਲੇ ਇਹੋ ਜਿਹੀ ਸਿਧਾਂਤ ਕੀ ਨੂੰ ਬਹੁਲਵਾਦ ਕਿਹਾ ਜਾ ਰਿਹਾ ਹੈ। ਸਾਰਿਆਂ ਨੂੰ ਨਾਲ ਲੈਕੇ ਸਾਰਿਆਂ ਵਾਸ ਤੇ ਚੰਗਾ ਸੋਚਣ ਅਤੇ ਚੰਗਾ ਕਰਣ ਦਾ ਸੁਭਾ ਹੀ ਬਾਬਾ ਨਾਨਕ ਨੇ ਪੈਦਾ ਕੀਤਾ ਸੀ। ਅਜਿਹਾ ਧਰਮ ਨੂੰ ਧਾਰਨ ਕਰਕੇ ਹੀ ਸੰਭਵ ਹੋ ਸਕਦਾ ਹੈ। ਇਹੀ ਜਦੋਂ ਧਰਮ ਨੂੰ ਪੂਜਾ ਵਿਧੀਆਂ ਤੱਕ ਮਹਿਦੂਦ ਕਰ ਦਿੰਦਾ ਹੈ ਤਾਂ ਆਤਮ-ਜਾਗ੍ਰਿਤੀ ਦੀ ਥਾਂ ਤੇ ਅੰਧ-ਆਸਥਾ ਦਾ ਬੋਲਬਾਲਾ ਹੋ ਜਾਂਦਾ ਹੈ। ਇਹੀ ਪ੍ਰਾਪਤ ਸਭਿਆਚਾਰਾਂ ਵਿਚਕਾਰ ਗੁਰੂ ਨਾਨਕ ਦੇਵ ਜੀ ਦਾ ਸਭਿਆਚਾਰ ਹੈ।
ਬਲਕਾਰ ਸਿੰਘ ਪ੍ਰੋਫ਼ੈਸਰ
9316301328
ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਿਵੇਂ ਹੋਵੇਗਾ ਅਪਲਾਈ
NEXT STORY