ਦਸਤਗੀਰ ਹੁਇ ਪੰਜ ਪੀਰ ਹਰਿ ਗੁਰੁ ਹਰਿ ਗੋਬਿੰਦ ਅਤੋਲਾ॥
ਦੀਨ ਦੁਨੀ ਦਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹੁ ਅਡੋਲਾ॥
ਭਾਈ ਗੁਰਦਾਸ ਜੀ ਨੇ ਇਹ ਤੁਕਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਬੰਧ ਵਿੱਚ ਆਪਣੀਆਂ ਵਾਰਾਂ ਵਿੱਚ ਦਰਜ ਕੀਤੀਆਂ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਇਸ ਤਰ੍ਹਾਂ ਵੀ ਲਿਖਿਆ ਹੈ:
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿ ਗੋਬਿੰਦ ਸਵਾਰੀ॥
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁਪਰਉਪਕਾਰੀ॥
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਸੰਮਤ 1652, (1595 ਈਸਵੀ) ਨੂੰ ਅੰਮ੍ਰਿਤਸਰ ਸਾਹਿਬ ਦੇ ਪਿੰਡ ਵਡਾਲੀ ਵਿਖੇ ਹੋਇਆ। ਗੁਰੂ ਜੀ ਦਾ ਬਚਪਨ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਰਗੇ ਮਹਾਨ ਸਿੱਖਾਂ ਦੀ ਸੰਗਤ ਵਿੱਚ ਗੁਜ਼ਰਿਆ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਤਲਵਾਰਬਾਜ਼ੀ, ਕੁਸ਼ਤੀ ਅਤੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ। ਗੁਰੂ ਜੀ ਦੀ ਉਮਰ ਜਦੋਂ ਲਗਭਗ 11 ਸਾਲ ਦੇ ਕਰੀਬ ਸੀ, ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਦੇ ਹੁਕਮ 'ਤੇ ਹੀ ਆਸਾ ਵਾਰ ਸਿਆਸਤ ਕਾਨੂੰਨ ਦੇ ਤਹਿਤ ਲਾਹੌਰ ਵਿਖੇ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਅਰਜਨ ਦੇਵ ਜੀ ਲਾਹੌਰ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਗਏ। ਗੁਰੂ ਜੀ ਸਿੱਖਾਂ ਦੇ ਛੇਵੇਂ ਗੁਰੂ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਇਹ ਸੰਦੇਸ਼ ਦਿੱਤਾ ਕਿ ਹੁਣ ਤੋਂ ਬਾਅਦ ਸਿੱਖ ਧਰਮ ਵਿੱਚ ਪੀਰੀ ਦੇ ਨਾਲ ਮੀਰੀ ਵੀ ਬਰਾਬਰ ਚੱਲੇਗੀ। ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਕਿ ਜਦੋਂ ਵੀ ਸਿੱਖ ਸੰਗਤ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਵੇ ਤਾਂ ਉਹ ਧਨ-ਦੌਲਤ ਦੀ ਥਾਂ ਹਥਿਆਰ ਅਤੇ ਘੋੜੇ ਲੈ ਕੇ ਆਵੇ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁੱਲ ਸਾਹਮਣੇ ਸੰਨ 1663 ਈਸਵੀ ਨੂੰ ਗੁਰੂ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖਤ ਦਾ ਭਾਵ ਹੈ 'ਅਕਾਲ ਪੁਰਖ ਦਾ ਸਿੰਘਾਸਨ।' ਪਹਿਲਾਂ ਇਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ। ਬੁੰਗਾ ਤੋਂ ਭਾਵ ਅਜਿਹੀ ਵੱਡੀ ਇਮਾਰਤ ਤੋਂ ਹੁੰਦਾ ਹੈ, ਜਿਸ 'ਤੇ ਗੁੰਬਦ ਬਣਿਆ ਹੋਵੇ। ਅੰਮ੍ਰਿਤਸਰ ਸ਼ਹਿਰ ਦੇ ਨੇੜੇ ਹੀ ਗੁਰੂ ਜੀ ਨੇ ਇਕ ਕਿਲ੍ਹਾ ਵੀ ਤਿਆਰ ਕਰਵਾਇਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਅਕਾਲ ਤਖ਼ਤ ਸਾਹਿਬ ਨੂੰ ਦਿੱਲੀ ਦੇ ਜਹਾਂਗੀਰ ਬਾਦਸ਼ਾਹ ਦੇ ਤਖ਼ਤ ਨਾਲੋਂ ਲਗਭਗ ਡੇਢ ਫੁੱਟ ਉੱਚਾ ਰੱਖਿਆ ਗਿਆ। ਹੁਣ ਸਿੱਖਾਂ ਦੇ ਜੋ ਵੀ ਮਸਲੇ ਹੁੰਦੇ ਸਨ, ਉਹ ਸਾਰੇ ਅਕਾਲ ਤਖ਼ਤ ਸਾਹਿਬ 'ਤੇ ਵਿਚਾਰੇ ਜਾਂਦੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਪ੍ਰੰਪਰਾ ਨੂੰ ਪ੍ਰਫੁੱਲਿਤ ਕੀਤਾ। ਗੁਰੂ ਜੀ ਦੇ ਦਰਬਾਰ 'ਚ ਨਚਣਾ ਅਤੇ ਅਬਦੁਲਾ ਨਾਂ ਦੇ ਦੋ ਢਾਡੀ ਸਨ, ਜੋ ਸਿੱਖ ਸੰਗਤਾਂ ਨੂੰ ਬੀਰ-ਰਸੀ ਵਾਰਾਂ ਸੁਣਾ ਕੇ ਉਨ੍ਹਾਂ ਵਿੱਚ ਜੋਸ਼ ਭਰਿਆ ਕਰਦੇ ਸਨ ਤੇ ਢਾਡੀ ਕਲਾ ਹੀ ਸੀ, ਜਿਸ ਨੇ ਵੱਡੇ-ਵੱਡੇ ਸੂਰਮਿਆਂ ਦੇ ਠੰਡੇ ਪੈ ਚੁੱਕੇ ਖੂਨ ਵਿੱਚ ਅਨੋਖੀ ਬੀਰਤਾ ਦਾ ਜੋਸ਼ ਭਰਿਆ।
ਸਿੱਖਾਂ ਨੂੰ ਰਾਜਨੀਤਿਕ ਤੌਰ 'ਤੇ ਮਜ਼ਬੂਤ ਹੁੰਦਿਆਂ ਵੇਖ ਕੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਇਸ ਨੂੰ ਆਪਣੇ ਰਾਜ ਭਾਗ ਦੇ ਲਈ ਵੱਡਾ ਖ਼ਤਰਾ ਸਮਝਿਆ। ਦੂਜੇ ਪਾਸੇ ਚੰਦੂ ਨੇ ਵੀ ਬਾਦਸ਼ਾਹ ਜਹਾਂਗੀਰ ਦੇ ਖੂਬ ਕੰਨ ਭਰੇ ਅਤੇ ਦੱਸਿਆ ਕਿ ਗੁਰੂ ਜੀ ਦੇ ਬਰਾਬਰ ਆਪਣੀ ਫੌਜ ਤਿਆਰ ਕਰ ਰਹੇ ਹਨ। ਅਸਲ ਵਿੱਚ ਚੰਦੂ ਨੇ ਗੁਰੂ ਜੀ ਨੂੰ ਇਕ ਪੱਤਰ ਲਿਖ ਕੇ ਆਪਣੀ ਲੜਕੀ ਦਾ ਰਿਸ਼ਤਾ ਸਵੀਕਾਰ ਕਰ ਲੈਣ ਦੀ ਅਪੀਲ ਕੀਤੀ ਸੀ ਪਰ ਗੁਰੂ ਜੀ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਨੂੰ ਚੰਦੂ ਨੇ ਆਪਣੀ ਬੇਇੱਜ਼ਤੀ ਸਮਝਿਆ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕਰ ਦਿੱਤਾ।
ਕਈ ਸਾਲਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਕਿਲ੍ਹੇ ਵਿੱਚ ਕੈਦ ਰਹੇ। ਵੱਡੀ ਗਿਣਤੀ ਵਿੱਚ ਸਿੱਖ ਬਾਬਾ ਬੁੱਢਾ ਜੀ ਜਾਂ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਰਵਾਨਾ ਹੁੰਦੇ ਅਤੇ ਗਵਾਲੀਅਰ ਦੇ ਕਿਲ੍ਹੇ ਤੱਕ ਪਹੁੰਚ ਕੇ ਗਵਾਲੀਅਰ ਦੇ ਕਿਲ੍ਹੇ ਦੀ ਦੀਵਾਰ ਨੂੰ ਨਮਸਕਾਰ ਕਰਕੇ ਸਿੱਖ ਉਥੋਂ ਵਾਪਸ ਆ ਜਾਂਦੇ। ਇਹ ਸਿਲਸਿਲਾ ਜਾਰੀ ਰਿਹਾ। ਬਾਦਸ਼ਾਹ ਉਤੇ ਗੁਰੂ ਜੀ ਨੂੰ ਰਿਹਾਅ ਕਰਨ ਲਈ ਦਬਾਅ ਵਧਦਾ ਗਿਆ ਤੇ ਅਖੀਰ ਉਸ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਕਰ ਲਿਆ। ਜਿਸ ਜੇਲ੍ਹ ਵਿੱਚ ਗੁਰੂ ਜੀ ਨਗਰ ਵਸਾਉਣ, ਉਥੇ 52 ਪਹਾੜੀ ਹਿੰਦੂ ਰਾਜੇ ਵੀ ਕੈਦ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਸਾਰੇ ਰਾਜਿਆਂ ਨੂੰ ਆਪਣੇ ਨਾਲ ਰਿਹਾਅ ਕਰਨ ਲਈ ਕਿਹਾ ਅਤੇ ਇਨ੍ਹਾਂ ਤੋਂ ਬਿਨਾਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ।
ਅਖੀਰ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਦੇ ਨਾਲ ਸਮਝਾ ਕੈਦੀਆਂ ਨੂੰ ਵੀ ਰਿਹਾਅ ਕਰਨਾ ਪਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਜਿਹੜਾ ਵੀ ਰਾਜਾ ਗੁਰੂ ਜੀ ਦੇ ਚੋਲੇ ਨੂੰ ਫੜ ਕੇ ਕਿਲ੍ਹੇ ਤੋਂ ਬਾਹਰ ਆ ਜਾਵੇਗਾ, ਉਸੇ ਨੂੰ ਰਿਹਾਅ ਕੀਤਾ ਜਾਵੇਗਾ। ਗੁਰੂ ਜੀ ਨੇ ਇਸ ਕਾਰਜ ਲਈ ਵਿਸ਼ੇਸ਼ ਤੌਰ 'ਤੇ 52 ਕਲੀਆਂ ਵਾਲਾ ਚੋਲਾ ਸਿਲਵਾਇਆ। ਸਾਰੇ ਦੇ ਸਾਰੇ ਰਾਜੇ ਗੁਰੂ ਜੀ ਦੇ ਇਸ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਕੈਦ 'ਚੋਂ ਰਿਹਾਅ ਹੋ ਗਏ। ਗੁਰੂ ਜੀ ਦੀ ਕਿਸੇ ਵੀ ਧਰਮ ਜਾਂ ਜਾਤ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਕੇਵਲ ਇਨਸਾਨੀਅਤ ਦੀ ਸੇਵਾ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮੇਂ ਦੀ ਹਕੂਮਤ ਨਾਲ ਚਾਰ ਵੱਡੀਆਂ ਜੰਗਾਂ ਲੜਨੀਆਂ ਪਈਆਂ। ਇਨ੍ਹਾਂ ਚਾਰੇ ਜੰਗਾਂ ਵਿੱਚ ਜਿੱਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋਈ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹ ਹੋਏ ਸਨ। ਗੁਰੂ ਜੀ ਦੇ ਮਹਿਲ ਵਿਚ ਮਾਤਾ ਨਾਨਕੀ, ਮਹਾਦੇਵੀ ਜੀ ਅਤੇ ਦਮੋਦਰੀ ਜੀ ਸਨ। ਗੁਰੂ ਜੀ ਦੇ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਗੁਰੂ ਤੇਗ ਬਹਾਦਰ ਜੀ, ਬਾਬਾ ਅਣੀ ਰਾਇ ਜੀ ਅਤੇ ਬਾਬਾ ਅਟੱਲ ਰਾਏ ਜੀ ਅਤੇ ਇਕ ਪੁੱਤਰੀ ਬੀਬੀ ਵੀਰੋ ਜੀ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਗੁਰੂ ਜੀ ਕੋਲੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਲਈ ਮੰਗ ਲਿਆ। ਬਾਅਦ ਵਿਚ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਉਦਾਸੀ ਮੱਤ ਦਾ ਉੱਤਰਾਧਿਕਾਰੀ ਐਲਾਨ ਦਿੱਤਾ। ਬਾਬਾ ਗੁਰਦਿੱਤਾ ਜੀ ਤੇ ਉਨ੍ਹਾਂ ਦੀ ਪਤਨੀ ਨਿਹਾਲ ਕੌਰ ਦੀ ਕੁੱਖੋਂ ਗੁਰੂ ਹਰਿ ਰਾਏ ਜੀ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦਾ ਸੱਤਵਾਂ ਗੁਰੂ ਐਲਾਨਿਆ ਤੇ ਗੁਰਤਾ ਗੱਦੀ ਸੰਭਾਲ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗਾਂ-ਯੁੱਧਾਂ ਤੋਂ ਵਿਹਲੇ ਹੋ ਕੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਪਹਾੜੀਆਂ ਵਿੱਚ ਇਕ ਸੁੰਦਰ ਸ਼ਹਿਰ ਵਸਾਉਣ ਦਾ ਆਦੇਸ਼ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਕੀਰਤਪੁਰ ਸਾਹਿਬ ਸ਼ਹਿਰ ਹੋਂਦ ਵਿੱਚ ਆਇਆ। ਗੁਰੂ ਹਰਗੋਬਿੰਦ ਸਾਹਿਬ ਇਸੇ ਸ਼ਹਿਰ 'ਚ ਆ ਕੇ ਰਹਿਣ ਲੱਗੇ ਅਤੇ ਇੱਥੇ ਹੀ ਜੋਤੀ-ਜੋਤ ਸਮਾਏ।
-ਗੁਰਪ੍ਰੀਤ ਸਿੰਘ ਨਿਆਮੀਆਂ
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ’ਚ ਸਿੱਖ ਸ਼ਰਧਾਲੂਆਂ ਜਥਾ ਪਾਕਿਸਤਾਨ ਲਈ ਰਵਾਨਾ
NEXT STORY