ਲੰਡਨ/ਨਵੀਂ ਦਿੱਲੀ— ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਗੂੰਜ ਦਿੱਲੀ ਹੀ ਨਹੀਂ ਸਗੋਂ ਵਿਦੇਸ਼ਾਂ ਤੱਕ ਜਾ ਪੁੱਜੀ ਹੈ। ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਡਟੇ ਹੋਏ ਹਨ ਅਤੇ ਆਪਣੇ ਹੱਕਾਂ ਦੀ ਲੜਾਈ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਹੈ। ਵਿਦੇਸ਼ਾਂ ’ਚ ਵੱਸੇ ਪ੍ਰਵਾਸੀ ਭਾਰਤੀ ਖ਼ਾਸ ਕਰ ਕੇ ਪੰਜਾਬੀ ਭਾਈਚਾਰੇ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਚਿੰਤਾ ਵਿਚ ਹਨ। ਇਸ ਦਰਮਿਆਨ ਬਿ੍ਰਟੇਨ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਬਿ੍ਰਟੇਨ ਦੇ ਬੈ੍ਰਡਫੋਰਡ ਸ਼ਹਿਰ ਦੀ ਸਿੱਖ ਐਸੋਸੀਏਸ਼ਨ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਨੂੰ ਚਿੱਠੀ ਲਿਖੀ ਹੈ।
ਇਹ ਚਿੱਠੀ 14 ਦਸੰਬਰ ਨੂੰ ਬਿ੍ਰਟਿਸ਼ ਐਜੁਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਆਫ਼ ਸਿੱਖ (BECAS) ਵਲੋਂ ਲਿਖੀ ਗਈ ਹੈ। ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕੁਝ ਲੋਕ ਪੰਜਾਬ ਦੀਆਂ ਮਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ, ਤੁਹਾਨੂੰ ਆਪਣੇ ਪੁੱਤਰ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਬਿ੍ਰਟੇਨ ਦੇ ਸਿੱਖਾਂ ਵਲੋਂ ਲਿਖੀ ਗਈ ਇਹ ਚਿੱਠੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। BECAS ਦੇ ਪ੍ਰਧਾਨ ਤ੍ਰਿਲੋਚਨ ਸਿੰਘ ਦੁੱਗਲ ਨੇ ਚਿੱਠੀ ’ਚ ਕਿਹਾ ਕਿ ਕੁਝ ਬੀਬੀਆਂ ਭਾਜਪਾ ਦੇ ਸਮਰਥਨ ’ਚ ਪੰਜਾਬ ਦੀਆਂ ਮਾਵਾਂ ਬਾਰੇ ਗਲਤ ਪ੍ਰਚਾਰ ਕਰ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਇਨ੍ਹਾਂ ਬਾਰੇ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।
ਕੀ ਲਿਖਿਆ ਗਿਆ ਇਸ ਚਿੱਠੀ ’ਚ—
ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਤੁਹਾਡੇ ਪੁੱਤਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਅਪੀਲ ਕਰਦੇ ਹਾਂ। ਸਾਰੀਆਂ ਮਾਵਾਂ ਨੂੰ ਉਸ ਤਰ੍ਹਾਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਮੋਦੀ ਜੀ ਤੁਹਾਨੂੰ ਸਨਮਾਨ ਦਿੰਦੇ ਹਨ। ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਲੋਕਤੰਤਰ ਲੋਕਾਂ ਦੇ ਦਿਲ ਦੀ ਆਵਾਜ਼ ਹੈ। ਲੋਕ ਆਪਣਾ ਨੇਤਾ ਚੁਣਦੇ ਹਨ। ਇਨ੍ਹਾਂ ਹਲਾਤਾਂ ਵਿਚ ਲੋਕਾਂ ਨੂੰ ਸੁਣਨਾ ਨੇਤਾ ਦਾ ਫਰਜ਼ ਬਣਦਾ ਹੈ। ਚਾਹੇ ਮਾਂ ਪੰਜਾਬ ਦੀ ਹੋਵੇ ਜਾਂ ਕਿਸੇ ਹੋਰ ਸੂਬੇ ਦੀ।
ਕੰਗਨਾ ਦੇ ਬਿਆਨ ’ਤੇ ਚਿੱਠੀ ਲਿਖਣ ਬਾਰੇ ਸੋਚਿਆ—
ਦੁੱਗਲ ਨੇ ਦੱਸਿਆ ਕਿ ਅਸੀਂ ਦੇਖਿਆ ਅਤੇ ਸੁਣਿਆ ਹੈ ਕਿ ਕੰਗਨਾ ਰਣੌਤ ਸਮੇਤ ਕੁਝ ਬੀਬੀਆਂ ਜੋ ਭਾਜਪਾ ਦਾ ਸਮਰਥਨ ਕਰਦੀਆਂ ਹਨ, ਮਾਵਾਂ ਬਾਰੇ ਗਲਤ ਭਾਸ਼ਾ ਦਾ ਇਸਤੇਮਾਲ ਕਰਦੀਆਂ ਹਨ। ਇਸ ਬਾਰੇ ਸਾਡੇ ਵਲੋਂ ਇਕ ਭਾਵੁਕ ਅਪੀਲ ਹੈ ਕਿ ਕੰਗਨਾ ਰਣੌਤ ਵੀ ਭਾਰਤੀ ਹੈ ਅਤੇ ਭਾਰਤ ਦੀ ਹਰ ਕੁੜੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਜੇਕਰ ਉਨ੍ਹਾਂ ਨੇ ਗਲਤੀ ਕੀਤੀ ਹੈ, ਤਾਂ ਇਕ ਬਜ਼ੁਰਗ ਦੇ ਰੂਪ ਵਿਚ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ। ਦੱਸ ਦੇਈਏ ਕਿ ਆਪਣੀ ਇਕ ਪੋਸਟ ’ਚ ਕੰਗਨਾ ਨੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗ ਬੀਬੀ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਦੇ ਹੋਏ ਕਿਹਾ ਸੀ ਕਿ ਉਹ 100 ਰੁਪਏ ਵਿਚ ਪ੍ਰਦਰਸ਼ਨ ਲਈ ਆ ਜਾਂਦੀ ਹੈ।
ਸਾਡੇ ਕੋਲ ਹੀਰਾ ਬਾ ਦਾ ਪਤਾ ਨਹੀਂ—
ਦੁੱਗਲ ਨੇ ਕਿਹਾ ਕਿ ਸਾਡੇ ਕੋਲ ਹੀਰਾ ਬਾ ਦਾ ਪਤਾ ਨਹੀਂ ਹੈ। ਉਮੀਦ ਹੈ ਕਿ ਇਹ ਚਿੱਠੀ ਉਨ੍ਹਾਂ ਕੋਲ ਪਹੁੰਚ ਜਾਵੇਗੀ। ਅਸੀਂ ਇਸ ਬਾਰੇ ਪ੍ਰਧਾਨ ਮੰਤਰੀ ਜਾਂ ਕਿਸੇ ਸਰਕਾਰੀ ਏਜੰਸੀ ਨਾਲ ਸੰਪਰਕ ਨਹੀਂ ਕੀਤਾ ਹੈ।
ਸੋਨੀਆ ਨੇ ਨਾਰਾਜ਼ ਚੱਲ ਰਹੇ ਨੇਤਾਵਾਂ ਨਾਲ ਕੀਤੀ ਮੁਲਾਕਾਤ, ਪਾਰਟੀ ਦੇ ਭਵਿੱਖ ਨੂੰ ਲੈ ਕੇ ਹੋਈ ਚਰਚਾ
NEXT STORY