ਸਭ ਦਾ ਸਾਂਝਾ ਬਾਬਾ ਨਾਨਕ
ਅੱਜ ਅਸੀਂ ਉਸ ਅਰਸ਼ ਕੁਰਸ਼ ਦੇ ਮਾਲਕ ਸੁਲਹ ਕੁਲ ਪੈਗੰਬਰ ਸਰਬੱਤ ਦਾ ਭਲਾ ਮੰਗਣ ਵਾਲੇ ਸਰਬ ਸੰਸਾਰ ਦੇ ਸਾਂਝੇ ਗੁਰੂ ਨਾਨਕ ਪਾਤਿਸ਼ਾਹ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਾਂ। ਗੁਰੂ ਨਾਨਕ ਪਾਤਿਸ਼ਾਹ ਸਭ ਸੰਸਾਰ ਲਈ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਆਏ, ਇਸ ਲਈ ਉਨ੍ਹਾਂ ਆਪਣੇ ਇਕ ਪਾਸੇ ਇਸਲਾਮ ਦੇ ਰੁਕਣ ਭਾਈ ਮਰਦਾਨੇ ਨੂੰ ਬਿਠਾਇਆ ਅਤੇ ਦੂਜੇ ਪਾਸੇ ਹਿੰਦੂ ਜਮਾਤ ਵਿਚੋਂ ਬਾਲਾ ਬਿਠਾ ਕੇ ਸੰਸਾਰ ਦੇ ਸਾਹਮਣੇ ਜਿਊਂਦੀ ਜਾਗਦੀ ਤਸਵੀਰ ਪੇਸ਼ ਕੀਤੀ, ਜੋ ਰਹਿੰਦੀ ਦੁਨੀਆ ਤੱਕ ਇਹ ਸਾਂਝ ਪ੍ਰਤੱਖ ਰੂਪ ਵਿਚ ਦਿਸਦੀ ਰਹੇਗੀ। ਸੱਚਾਈ ਜਿਥੇ ਵੀ ਦਿਸੀ ਕਿ ਉਨ੍ਹਾਂ ਸੱਚਾਈ ਨੂੰ ਸਤਿਕਾਰ ਦਿੱਤਾ, ਉਹ ਸੱਚਾਈ ਭਾਵੇਂ ਹਿੰਦੂ ਦੀ ਆਤਮਾ ਵਿਚ ਹੋਵੇ, ਭਾਵੇਂ ਮੁਸਲਮਾਨ, ਸਿੱਖ, ਈਸਾਈ ਵਿਚ ਹੋਵੇ, ਉਹ ਸਤਿਕਾਰਯੋਗ ਹੈ। ਇਸ ਕਰ ਕੇ ਆਪ ਇਸਲਾਮ ਦੇ ਕੇਂਦਰੀ ਅਸਥਾਨ ਕਾਬੇ ਸਿਹਨ ਵਿਚ ਬੈਠ ਕੇ ਹਾਜੀ ਰੁਕਨਦੀਨ ਨੂੰ ਉਨ੍ਹਾਂ ਦੇ ਪੁੱਛਣ ’ਤੇ ਕਿ ਵੱਡਾ ਹਿੰਦੂ ਕਿ ਮੁਸਲ ਮਨੋਈ ਦੇ ਉੱਤਰ ਵਿਚ ਸਤਿਗੁਰੂ ਕਿਹਾ
“ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ”
ਆਪ ਹਿੰਦੂ ਤੀਰਥਾਂ, ਮੰਦਰਾਂ, ਗੰਗਾ, ਜਗਨਨਾਥ ਪੁਰੀ ਗਏ, ਆਪ ਮੱਕੇ ਕਾਬੇ ਮਦੀਨੇ ਵਿਚ, ਜਿਥੇ ਮੁਹੰਮਦ ਸਾਹਿਬ ਦੀ ਕਬਰ ਹੈ, ਉਥੇ ਵੀ ਗਏ। ਉਨ੍ਹਾਂ ਸਿੱਧਾਂ ਦੇ ਮੱਠਾਂ ਵਿਚ ਪਹੁੰਚ ਕਰ ਕੇ ਉਨ੍ਹਾਂ ਨੂੰ ਸਿੱਧਾ ਰਸਤਾ ਦਿਖਾਇਆ ਕਿਉਂਕਿ ਉਹ ਮਾਨਵਤਾ ਨੂੰ ਪਿਆਰ ਕਰਦੇ ਸਨ, ਭਾਵੇਂ ਇਸ ਫਾਨੀ ਸੰਸਾਰ ’ਤੇ ਅਨੇਕਾਂ ਮਹਾਨ ਹਸਤੀਆਂ ਆਈਆਂ, ਜਿਨ੍ਹਾਂ ਰਾਹੀਂ ਸੰਸਾਰ ਵਿਚ ਕੁਝ ਆਤਮਕ ਸ਼ਾਂਤੀ ਮਿਲੀ। ਸਮੇਂ ਦੇ ਲਿਹਾਜ਼ ਨਾਲ ਸਭ ਦਰੁਸਤ ਸਨ। ਅਸੀਂ ਸਭ ਚੰਗੇ ਮਨੁੱਖਾਂ ਦਾ ਅਦਬ ਸਤਿਕਾਰ, ਸਭ ਨੂੰ ਪਿਆਰ ਕਰਦੇ ਹਾਂ। ਸਾਡੀਆਂ ਨਜ਼ਰਾਂ ਵਿਚ ਕਬੀਰ ਸਾਹਿਬ ਜੀ ਦਾ ਵਾਕ ਹੈ
“ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ” (ਅੰਗ ੧੩੪੯)
ਇਸ ਕਰ ਕੇ ਪਾਰਸ ਜੀ ਲਿਖਦੇ ਹਨ :-
“ਹੂਏ ਯੂੰ ਬਹੁਤ ਪਾਰਸਾ ਇਸ ਜਹਾਂ ਮੇ, ਨਬੀ ਔ ਵਲੀ ਦੇਵਤਾ ਇਸ ਜਹਾਂ ਮੇ,
ਬਹੁਤ ਸੇ ਰਹਿਨੁਮਾ ਇਸ ਜਹਾਂ ਮੇ, ਜਿਨੇ ਭੇਜਤਾ ਹੈ ਖੁਦਾ ਇਸ ਜਹਾਂ ਮੇ,
ਫਕਤ ਉਨ ਕੇ ਪੈਰੋ ਉਨਹੇ ਮਾਨਤੇ ਹੈ, ਮਗਰ ਤੁਝ ਕੋ ਸਭ ਗੁਰੂ ਜਾਨਤੇ ਹੈ,
ਤੇਰੀ ਗੁਫਤਗੂ ਸਭ ਕੋ ਭਾਈ ਨ ਹੋਤੀ, ਮੁਸਲਿਮ ਮੇ ਤੇਰੀ ਰਹਿਨੁਮਾਈ ਨ ਹੋਤੀ,
ਅਗਰ ਤੁਝ ਪੇ ਸ਼ੈਦਾ ਨ ਹੋਤੀ, ਤੇਰੀ ਲਾਸ਼ ਪੇ ਹਾਥਾ ਪਾਈ ਨ ਹੋਤੀ,
ਨ ਹਿੰਦੂ ਜਲਾਣੇ ਮੇ ਇਸਹਾਰ ਕਰਤੇ, ਨ ਮੁਸਲਿਮ ਪਏ ਦਫਨੇ ਤਕਰਾਰ ਕਰਤੇ।
ਲੇਕਨ ਪੰਚਮ ਗੁਰੂ ਨੇ ਸੰਸਾਰ ਦੇ ਸਾਹਮਣੇ ਇਕ ਸ਼ਰਧਾ ਭਰਿਆ ਖਿਆਲ ਰੱਖਿਆ ਹੈ। ਉਹ ਆਪਣੀ ਅਗੰਮੀ ਬਾਣੀ ਵਿਚ ਉਚਾਰਨ ਕਰਦੇ ਹਨ :-
“ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ” (ਅੰਗ ੭੫੦)
ਗੁਰੂ ਅਰਜਨ ਸਾਹਿਬ ਜੀ ਨੂੰ ਭੱਟ ਦੀਆਂ ਨਜ਼ਰਾਂ ਨਾਲ ਵੇਖੀਏ ਤਾਂ ਮਥੁਰਾ ਭੱਟ ਕਹਿੰਦਾ ਹੈ :-
“ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤੱਖ ਹਰਿ” (ਅੰਗ ੧੪੦੯)
ਉਹ ਪ੍ਰਤੱਖ ਹਰੀ ਦੱਸਦੇ ਹਨ ਕਿ ਗੁਰੂ ਨਾਨਕ ਸਭ ਤੋਂ ਵੱਡਾ ਹੈ, ਇਤਿਹਾਸ ਵਿਚ ਅਵਤਾਰਾਂ ਬਾਰੇ ਜ਼ਿਕਰ ਹੈ ਕਿ ਕੋਈ ਅਵਤਾਰ 14 ਕਲਾ ਸੰਪੂਰਨ ਹੈ, ਕੋਈ 16 ਕਲਾ ਸੰਪੂਰਨ ਹੈ ਪਰ ਗੁਰੂ ਨਾਨਕ ਪਿਤਾ ਜੀ ਬਾਰੇ ਜ਼ਿਕਰ ਕੀਤਾ ਹੈ ਕਿ :-
“ਸੋਲਹ ਕਲਾ ਸੰਪੂਰਨ ਫਲਿਆ ।। ਅਨਤ ਕਲਾ ਹੋਇ ਠਾਕੁਰੁ ਚੜਿਆ।।” (ਅੰਗ ੧੦੮੧
ਪੰਚਮ ਪਾਤਸ਼ਾਹ ਨੇ ਇਕ ਸ਼ਬਦ ਵਿਚ ਸਾਰੇ ਭਗਤਾਂ ਦਾ ਜ਼ਿਕਰ ਕੀਤਾ ਹੈ, ਸਾਰਿਆਂ ਬਾਰੇ ਆਪਣੀ ਰਾਇ ਪ੍ਰਗਟ ਕੀਤੀ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਹਨ :-
“ਰਵਿਦਾਸ ਧਿਆਏ ਪ੍ਰਭ ਅਨੂਪ।। ਗੁਰ ਨਾਨਕ ਦੇਵ ਗੋਵਿੰਦ ਰੂਪ” (ਅੰਗ ੧੧੯੨)
ਅਤੇ ਭਾਈ ਗੁਰਦਾਸ ਜੀ ਤਾਂ ਇਉਂ ਕਹਿੰਦੇ ਹਨ :-
“ਸਤਿਗੁਰ ਸਚਾ ਪਾਤਸਾਹੁ ਬੇਪਰਵਾਹੁ ਅਥਾਹੁ ਸਹਾਬਾ। ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ”
ਇਸ ਲਈ ਪ੍ਰਤੱਖ ਰੂਪ ਵਿਚ ਗੁਰੂ ਨਾਨਕ ਸਾਹਿਬ ਜਗਤ ਗੁਰੂ ਬਾਬਾ ਸਾਬਤ ਹੋ ਗਏ :-
“ਗੰਗ ਬਨਾਰਸ ਹਿੰਦੂਆ ਮੁਸਲਮਾਣਾਂ ਮਕਾ ਕਾਬਾ। ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗ ਰਬਾਬਾ”
ਭਾਵ ਗੰਗਾ ਬਨਾਰਸ, ਮੱਕੇ ਕਾਬੇ ਵਿਚ ਬਾਬੇ ਦੇ ਗੀਤ ਗਾਏ ਜਾ ਰਹੇ ਹਨ। ਇੰਨੀ ਵੱਡੀ ਸਾਂਝ ਪ੍ਰਤੱਖ ਰੂਪ ਵਿਚ ਹੋ ਰਹੀ ਹੈ। ਭਾਈ ਨੰਦ ਲਾਲ ਜੀ ਵੀ ਆਪਣੀ ਰਚਨਾ ਵਿਚ ਲਿਖਦੇ ਹਨ:-
“ਗੁਰੂ ਨਾਨਕ ਆਮਦ ਨਰਾਇਨ ਸਰੂਪ ।। ਹਮਾਨਾ ਨਿਰੰਜਨ ਨਿਰੰਕਾਰ ਰੂਪ”
ਭਾਵ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਆਇਆ ਉਸ ਦਾ ਰੂਪ ਨਿਰੰਜਨ ਨਿਰੰਕਾਰ ਵਰਗਾ, ਗੁਰੂ ਨਾਨਕ ਪਾਤਸ਼ਾਹ ਦੇ ਰੂਪ ’ਤੇ ਨਿਰੰਕਾਰ ਵੀ ਨਿਹਾਲ ਹੋ ਗਿਆ।
ਭੱਟਾਂ ਦੇ ਸਵਈਏ ਅਨੁਸਾਰ :-
“ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ” (ਅੰਗ ੧੩੯੫)
ਆਸਾ ਕੀ ਵਾਰ ਵਿਚ ਵੀ ਫੁਰਮਾਇਆ ਹੈ :-
“ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ” (ਅੰਗ ੪੭੩)
ਉਸ ਵਾਹਿਗੁਰੂ ਨੂੰ ਸਾਰੀ ਦੁਨੀਆ ਆਪਣਾ ਕਹਿੰਦੀ ਹੈ, ਜਿਸ ਦਾ ਉਹ ਨਹੀਂ ਉਸ ਨੂੰ ਚੁਣ ਕੇ ਕੱਢੋ, ਕੌਣ ਹੈ, ਭਾਵ ਕੋਈ ਨਹੀਂ। ਭੱਟਾਂ ਨੇ ਕਿੰਨਾ ਸਪੱਸ਼ਟ ਰੂਪ ਵਿਚ ਲਿਖਿਆ ਹੈ ਕਿ ਹੇ ਗੁਰੂ ਨਾਨਕ ਸਾਹਿਬ ਸਾਡੀ ਨਜ਼ਰ ਵਿਚ ਤੁਹਾਡੀ ਹੀ ਜੋਤ ਸਮੇਂ-ਸਮੇਂ ’ਤੇ ਆ ਕੇ ਦੁਨੀਆ ਨੂੰ ਬਖਸ਼ਦੀ ਆਈ ਹੈ।
ਭੱਟ ਦੀ ਜ਼ੁਬਾਨੀ:-
“ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ।। ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ।।
ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ।। ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ।।
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ।। ਸ੍ਰੀ ਗੁਰੁ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ।।”
ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਭ ਨਾਲ ਪਿਆਰ ਕੀਤਾ। ਪਵਨ, ਪਾਣੀਆਂ, ਪਹਾੜਾਂ, ਦੇਵਤਿਆਂ, ਰਾਖਸ਼ਾਂ, ਸ਼ਹਿਰੀਆਂ, ਪੇਂਡੂਆਂ, ਬਨਵਾਸੀਆਂ ਇਥੋਂ ਤਕ ਕਿ 84 ਲੱਖ ਜੀਵਾਂ ਨੇ ਆਪ ਨੂੰ ਗੁਰੂ ਮੰਨਿਆ ਹੈ :-
“ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ” (ਅੰਗ ੧੦੯੬)
ਗੁਰੂ ਨਾਨਕ ਸਾਹਿਬ ਜੀ ਨੇ ਸਭ ਨਾਲ ਵਿਚਾਰ ਸਾਂਝੇ ਕੀਤੇ, ਪਿਆਰ ਸਾਂਝੇ ਕੀਤੇ, ਲੰਗਰ ਸਾਂਝੇ ਕੀਤੇ। ਆਪ ਜੀ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਪ੍ਰਤੱਖ ਰੂਪ ਵਿਚ ਪ੍ਰਗਟੇ ਸਨ। ਇਸ ਲਈ ਆਪ ਜੀ ਦਾ ਜੋਤ ਨਾਲ ਜੋਤ ਰਲਣ ਮਗਰੋਂ ਆਪ ਜੀ ਦੀ ਚਾਦਰ ਦਾ ਹਿੰਦੂ ਵੀਰਾਂ ਸਸਕਾਰ ਕੀਤਾ, ਮੁਸਲਮਾਨਾਂ ਉਸ ਨੂੰ ਦਫਨਾਇਆ। ਜਿਨ੍ਹਾਂ ਵਿਚਾਰਾਂ ਦੀ ਅੱਜ ਸਾਰੇ ਸੰਸਾਰ ਨੂੰ ਲੋੜ ਹੈ ਅਤੇ ਸਰਬ ਸਾਂਝ ਪੈਦਾ ਕੀਤੀ ਜਾਣੀ ਚਾਹੀਦੀ ਹੈ, ਉਹ ਵਿਚਾਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਪੰਜ ਸਦੀਆਂ ਪਹਿਲੋਂ ਹੀ ਦੇ ਦਿੱਤੇ ਸਨ। ਆਓ ਸਾਰੇ ਰਲ ਮਿਲ ਕੇ ਮਨ ਬਣਾਈਏ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ, ਉਥੇ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
98146-79291
ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ,
ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,
ਸ੍ਰੀ ਅੰਮ੍ਰਿਤਸਰ।
ਅੱਜ ਦੇ ਰਾਸ਼ੀਫਲ 'ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ
NEXT STORY