ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ-9
ਇਹ ਚਿੱਤਰ ਰਚਨਾ ਸੋਭਾ ਸਿੰਘ ਦੀ ਰਚੀ ਹੋਈ ਹੈ। ਦੇਖਣ ਨੂੰ ਇਹ ਸਾਧਾਰਣ ਪ੍ਰਤੀਤ ਹੋ ਸਕਦੀ ਹੈ ਪਰ ਅਸਲ ਵਿਚ ਇਹ ਬਹੁ-ਅਰਥੀ ਪੇਂਟਿੰਗ ਹੈ।
ਚਿੱਤਰਕਾਰ ਨੇ ਕੁੱਝ ਚੰਗੇ ਬਿਰਤਾਂਤਾਂ ਦੀ ਰਚਨਾ ਕੀਤੀ ਹੈ, ਉਨ੍ਹਾਂ ਵਿਚੋਂ ਇਕ 'ਗੁਰੂ ਨਾਨਕ ਦੀ ਪਹਿਲੀ ਉਦਾਸੀ' ਹੈ। ਚਿੱਤਰ ਦੇ ਇਲਾਵਾ ਇਸ ਨਾਲ ਜੁੜੇ ਕਿਸੇ ਹੋਰ ਵੇਰਵੇ ਦਾ ਪਤਾ ਨਹੀਂ ਚਲਦਾ ਜਿਵੇਂ ਆਕਾਰ, ਰਚਨਾ ਸਾਲ ਅਤੇ ਹੁਣ ਇਹ ਕਿੱਥੇ ਹੈ। ਕੀ ਇਹ ਕਿਸੇ ਸਾਹਿਤਕ ਪੱਤਰਕਾਰ ਦੇ ਸਰਵਰਕ ਲਈ ਬਣਾਈ ਗਈ ਸੀ ਜਾਂ ਸੁਤੰਤਰ ਤੌਰ 'ਤੇ ਤਿਆਰ ਕੀਤੀ ਗਈ ਹੈ, ਕੁੱਝ ਪਤਾ ਨਹੀਂ ਚਲਦਾ।
ਸਮੁੱਚੇ ਚਿੱਤਰ 'ਚ ਤਿੰਨ ਪਰਿਵਾਰਾਂ ਦੇ ਅੱਠ ਜੀਅ ਹਨ। ਸਭ ਖੁੱਲ੍ਹੇ ਆਕਾਸ਼ ਥੱਲੇ ਪਿੰਡ ਦੀ ਬਾਹਰੀ ਹੱਦ ਦੇ ਕਰੀਬ ਹਨ। ਸਾਹਮਣਿਓਂ ਬਣਾਏ ਚਿੱਤਰ ਵਿਚਲੇ ਕਿਰਦਾਰਾਂ ਅੱਗੇ ਕੋਈ ਵਸਤੂ ਨਹੀਂ ਜਦਕਿ ਉਨ੍ਹਾਂ ਦੇ ਪਿੱਛੇ ਪਿੰਡ ਹੈ, ਪਿੰਡ ਨਾਲ ਜੁੜੀਆਂ ਹੋਰ ਇਕਾਈਆਂ ਹਨ।
ਦ੍ਰਿਸ਼ ਘਰ ਜਾਂ ਘਰ ਦੇ ਵਿਹੜੇ ਜਾਂ ਪਿੰਡ ਦੀ ਵੀਹੀ ਵਿਚ ਵੀ ਵਿਖਾਇਆ ਜਾ ਸਕਦਾ ਸੀ, ਇੱਦਾਂ ਕੀਤਾ ਨਹੀਂ ਗਿਆ। ਇਸ ਸਥਿਤੀ ਤੋਂ ਲੱਗਦਾ ਹੈ ਗੁਰੂ ਜੀ, ਭਾਈ ਮਰਦਾਨਾ, ਭਾਈ ਬਾਲਾ ਚੱਲੇ ਤਾਂ ਇਕੱਠੇ ਗੁਰੂ ਜੀ ਦੇ ਘਰੋਂ ਹੀ ਹੋਣਗੇ ਪਰ ਉਨ੍ਹਾਂ ਦੇ ਪਰਿਵਾਰਾਂ ਦੇ ਜੀਅ ਇਕ ਵਾਰ ਮੁੜ ਮਿਲਣ ਦੀ ਤਾਂਘ ਨੂੰ ਦਬਾਅ ਨਾ ਸਕੇ। ਉਹ ਸਾਰੇ ਇਸ ਥਾਂ ਆ ਇਕੱਠੇ ਹੋਏ ਤਾਂ ਕਿ ਯਾਤਰੀਆਂ ਨੂੰ ਅੱਗੋਂ ਹੋ ਮਿਲਿਆ ਜਾ ਸਕੇ।
ਇਸ ਮਿਲਣ ਵੇਲੇ, ਦੂਜੇ ਹੀ ਖਿਣ ਵਿਦਾਈ ਵੇਲੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਆਪਣੇ ਦੋਹਾਂ ਬੱਚਿਆਂ ਦੇ ਇਲਾਵਾ ਭਾਈ ਮਰਦਾਨਾ ਦੀ ਪਤਨੀ ਆਪਣੇ ਬੱਚੇ ਸਮੇਤ ਹਾਜ਼ਰ ਹੈ। ਭਾਈ ਬਾਲਾ-ਪਰਿਵਾਰ ਦਾ ਕੋਈ ਜੀਅ ਇੱਥੇ ਨਹੀਂ ਹੈ। ਸਾਨੂੰ ਇਸ ਚਿੱਤਰ ਰਾਹੀਂ ਪਤਾ ਚੱਲਦਾ ਹੈ ਕਿ ਜਦ ਗੁਰੂ ਜੀ ਆਪ ਜੀ ਦੀ ਪਹਿਲੀ ਉਦਾਸੀ ਵੇਲੇ ਘਰੋਂ ਤੁਰੇ ਸਨ ਤਾਂ ਉਨ੍ਹਾਂ ਨਾਲ ਭਾਈ ਮਰਦਾਨਾ ਅਤੇ ਭਾਈ ਬਾਲਾ ਨਾਲ ਸਨ। ਭਾਈ ਮਰਦਾਨਾ ਕੋਲ ਰਬਾਬ ਹੈ ਜਦਕਿ ਭਾਈ ਬਾਲਾ ਦੇ ਹੱਥ ਖਾਲੀ ਹਨ।
ਪੇਂਟਰ ਸੋਭਾ ਸਿੰਘ ਆਪਣੀ ਤਸਵੀਰ ਰਾਹੀਂ ਇਸ ਮਨੌਤ ਨੂੰ ਦ੍ਰਿੜਾਉਂਦਾ ਹੈ ਕਿ ਭਾਈ ਬਾਲਾ ਵਾਸਤਵਿਕ ਪਾਤਰ ਸੀ, ਕਾਲਪਨਿਕ ਨਹੀਂ।
ਗੁਰੂ ਜੀ ਦਾ ਉਦਾਸੀ ਦਾ ਨਿਰਣਾ ਸਮਾਜ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਸੀ, ਨਾ ਕਿ ਪਰਿਵਾਰ ਨੂੰ। ਇੱਦਾਂ ਕਰਦਿਆਂ ਉਨ੍ਹਾਂ ਨੇ ਪਰਿਵਾਰ ਦਾ ਪੂਰੀ ਤਰ੍ਹਾਂ ਤਿਆਗ ਨਹੀਂ ਕੀਤਾ ਕਿਉਂਕਿ ਚੌਥੀ ਉਦਾਸੀ ਉਪਰੰਤ ਉਹ ਕਰਤਾਰਪੁਰ ਆਪਣੇ ਪਰਿਵਾਰ ਸੰਗ ਆ ਰਹਿੰਦੇ ਹਨ।
ਚਿੱਤਰ ਅਨੁਸਾਰ ਉਹ ਇਸ ਵੇਲੇ ਆਪਣੇ ਸਾਥੀਆਂ ਸੰਗ ਪਹਿਲੀ ਵਾਰ ਪਰਿਵਾਰ, ਘਰ, ਪਿੰਡ ਤੋਂ ਦੂਰ ਹੋਣ ਜਾ ਰਹੇ ਹਨ। ਇਹ ਦੂਰੀ ਲੰਬੇ ਸਮੇਂ ਤੱਕ ਰਹਿਣ ਵਾਲੀ ਹੈ। ਪਾਠਕ ਨੂੰ ਜੋ ਹੁਣ ਪਤਾ ਹੈ, ਪਰਿਵਾਰ ਦੇ ਜੀਆਂ ਨੂੰ ਉਸ ਵੇਲੇ ਉਹਦਾ ਨਾਮ ਮਾਤਰ ਪਤਾ ਨਹੀਂ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਜਾਣ ਵਾਲਿਆਂ ਨੇ ਵਾਪਸ ਕਦੋਂ ਆਉਣਾ ਹੈ। ਇਨ੍ਹਾਂ ਦੇ ਮਨਾਂ ਅੰਦਰ ਜਾਣ ਵਾਲਿਆਂ ਦੇ ਪਰਤ ਆਉਣ ਦੀ ਉਮੀਦ ਹਰ ਸਵੇਰ ਜਨਮਦੀ ਅਤੇ ਫਿਰ ਬਿਨਸ ਜਾਂਦੀ ਹੋਵੇਗੀ। ਰੋਜ਼ਾਨਾ ਦੀ ਇਹ ਰੀਤ ਹੱਦੋ ਵੱਧ ਦੁੱਖਦਾਈ ਰਹੀ ਹੋਵੇਗੀ। ਗੁਰੂ ਜੀ ਦੇ ਜੀਵਨ ਨੂੰ ਲੈ ਕੇ ਬਣੇ ਚਿੱਤਰਾਂ ਵਿਚੋਂ ਇਸ ਦਾ ਸੁਭਾਅ ਵੱਖਰਾ ਹੈ। ਇਸ ਵਿਚ ਬੱਚਿਆਂ ਦੇ ਆਪਣੇ ਪਿਤਾ ਪ੍ਰਤੀ ਅਤੇ ਪਤਨੀਆਂ ਦਾ ਆਪਣੇ ਪਤੀਆਂ ਪ੍ਰਤੀ ਸਨੇਹ-ਪਿਆਰ ਦੇ ਪ੍ਰਬਲ ਸੰਕੇਤ ਮੌਜੂਦ ਹਨ।
ਕੈਨਵਸ ਦੇ ਖੱਬੇ ਵੱਲ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਦਿਖਾਏ ਗਏ ਹਨ। ਸਭ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਹਨ ਅਤੇ ਫਿਰ ਭਾਈ ਮਰਦਾਨਾ ਅਤੇ ਭਾਈ ਬਾਲਾ, ਜਾਣ ਵਾਲੀ ਧਿਰ ਦੇ ਖੱਬੇ ਵੱਲ ਮਾਤਾ ਸੁਲੱਖਣੀ ਅਤੇ ਭਾਈ ਮਰਦਾਨਾ ਦੀ ਪਤਨੀ ਹੈ। ਗੋਡਿਆਂ ਭਾਰ ਬੈਠੀ ਮਾਤਾ ਸੁਲੱਖਣੀ ਦੇ ਕੁੱਛੜ ਬਾਲ ਲੱਖਮੀ ਚੰਦ ਹੈ ਜਦਕਿ ਵੱਡਾ ਬਾਲ ਸ਼੍ਰੀ ਚੰਦ ਆਪਣੇ ਪਿਤਾ ਦੇ ਨੇੜੇ ਖੜ੍ਹਾ ਹੋ ਕੇ ਪਿਆਰ ਦੀ ਅਸੀਸ ਲੈ ਰਿਹਾ ਹੈ। ਦੂਸਰਾ ਹੱਥ ਇਕ ਪਰਮਾਤਮਾ ਦੀ ਹੋਂਦ ਦਾ ਜ਼ਿਕਰ ਕਰ ਰਿਹਾ ਹੈ। ਇਸ ਰਾਹੀਂ ਉਹ ਦੱਸ ਰਹੇ ਹਨ ਕਿ ਮੈਂ ਉਸੇ ਦਾ ਪੂਜਕ ਹਾਂ।
ਇਕ ਹੋਰ ਬਾਲਕ ਨਜ਼ਰ ਆ ਰਿਹਾ ਹੈ, ਜਿਸ ਦੀ ਪਿੱਠ ਦਰਸ਼ਕਾਂ ਵੱਲ ਹੈ। ਇਹ ਭਾਈ ਮਰਦਾਨੇ ਦਾ ਬਾਲ ਹੈ। ਲੱਗਦਾ ਹੈ ਇਹ ਆਪਣਿਆਂ ਵਿਚ ਗੁਆਚਾ ਹੋਇਆ ਹੈ। ਪਿਤਾ ਇਹਨੂੰ ਦੇਖ ਤਾਂ ਰਿਹਾ ਹੈ ਪਰ ਪਿਆਰ ਭਰੀ ਸਰੀਰਕ ਛੋਹ ਕਿਸੇ ਕੋਲੋਂ ਨਹੀਂ ਮਿਲ ਰਹੀ। ਸ਼੍ਰੀ ਚੰਦ ਸਥਿਰ ਮੁਦਰਾ ਵਿਚ ਹੈ ਅਤੇ ਇਹ ਬਾਲਕ ਵੀ। ਚਿਤੇਰਾ ਦੋਹਾਂ ਵਿਚਾਲੇ ਭੇਦ ਕਰ ਰਿਹਾ ਹੈ ਅਤੇ ਇਹ ਇਨ੍ਹਾਂ ਦੀ ਪੋਸ਼ਾਕ ਸਦਕਾ ਹੈ।
ਦੂਜੇ ਪਾਸੇ ਲੱਖਮੀ ਚੰਦ ਆਪਣੀ ਮਾਤਾ ਦੀ ਗੋਦ ਵਿਚ ਹੈ। ਦਿੱਖ ਦੇ ਰੂਪ ਅਨੁਸਾਰ ਉਹ ਹਾਲੇ ਬੋਲਣ ਦੇ ਸਮਰੱਥ ਨਹੀਂ ਤਾਹੀਓਂ ਆਪਣੇ ਮਨੋਭਾਵਾਂ ਨੂੰ ਆਵਾਜ਼ਾਂ ਅਤੇ ਹੱਥਾਂ ਦੇ ਇਸ਼ਾਰਿਆਂ ਨਾਲ ਪ੍ਰਗਟਾਅ ਰਿਹਾ ਹੈ। ਮਾਂ ਗੋਦੀ ਵਿਚ ਟਿਕਿਆ ਆਪਣੀ ਖੱਬੀ ਬਾਂਹ ਉਲਾਰ ਕੇ ਉਹ ਆਪਣੇ ਪਿਤਾ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਜਾਂ ਆਪਣੇ ਪਿਤਾ ਦੇ ਕੁੱਛੜ ਜਾਣਾ ਚਾਹੁੰਦਾ ਹੈ। ਜੋ ਕੁੱਝ ਵਾਪਰ ਰਿਹਾ ਹੈ, ਵਾਪਰ ਜਾਣਾ ਹੈ ਉਸ ਤੋਂ ਤਿੰਨੋਂ ਬਾਲਕ ਅਣਜਾਣ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੀ ਆਪਣੇ ਬੱਚਿਆਂ ਪ੍ਰਤੀ ਪ੍ਰਤੀਕਿਰਿਆ ਭਿੰਨ-ਭਿੰਨ ਹੈ। ਗੁਰੂ ਜੀ ਦੀ ਨਜ਼ਰ ਬਿਲਕੁੱਲ ਸਿੱਧੀ ਹੈ। ਲੱਗਦਾ ਹੈ ਉਹ ਜਿਵੇਂ ਆਪਣੇ ਅੰਤਰਮਨ ਦੀ ਦ੍ਰਿਸ਼ਟੀ ਨਾਲ ਦੇਖਦੇ ਅਣਦਿਖਦੇ ਰਾਹਾਂ ਨੂੰ ਦੇਖ ਰਹੇ ਹੋਣ। ਕੋਲ ਖੜ੍ਹੇ ਬਾਲਕ ਦੇ ਇਲਾਵਾ ਆਪਣੀ ਪਤਨੀ ਜਾਂ ਬਾਲਕ ਨਾਲ ਉਹ ਕਿਸੇ ਤਰ੍ਹਾਂ ਦੇ ਸੰਵਾਦ ਵਿਚ ਨਹੀਂ ਪੈਂਦੇ।
ਭਾਈ ਮਰਦਾਨੇ ਦੇ ਹਲਕੇ ਜਿਹੇ ਝੁਕੇ ਸਿਰ ਤੋਂ ਅਨੁਮਾਨ ਹੈ ਜਿਵੇਂ ਬੱਚੇ ਨੂੰ ਕੁਝ ਕਿਹਾ ਜਾ ਰਿਹਾ ਹੈ। ਉਹ ਆਪਣੀ ਪਤਨੀ ਤੋਂ ਕਾਫੀ ਦੂਰ ਹਨ। ਇਹ ਦੂਰੀ ਸੰਵਾਦ ਨੂੰ ਜੀਵਤ ਨਹੀਂ ਰੱਖ ਸਕਦੀ। ਉਹ ਆਪਣੀ ਪਤਨੀ ਵੱਲ ਵੇਖ ਵੀ ਨਹੀਂ ਸਕਦੇ, ਕਿਉਂਕਿ ਉਸ ਨੇ ਘੁੰਡ ਕੱਢਿਆ ਹੋਇਆ ਹੈ। ਮਰਦਾਨਾ ਗੁਰੂ ਜੀ ਦਾ ਸਾਥ ਦੇ ਰਿਹਾ ਹੈ ਪਰ ਉਨ੍ਹਾਂ ਸਾਹਮਣੇ ਗੁਰੂ ਜੀ ਜਿਹਾ ਉਦੇਸ਼ ਨਹੀਂ ਹੈ।
ਸਾਰਿਆਂ ਵਿਚੋਂ ਭਾਈ ਬਾਲਾ ਬਿਲਕੁੱਲ ਨਿਰਲੇਪ ਹਨ। ਸਫੈਦ ਲਿਬਾਸ ਪਹਿਲੇ ਇਸ ਕਿਰਦਾਰ ਦਾ, ਚਿੱਤਰ ਸੰਦਰਭ ਵਿਚ ਕਿਸੇ ਨਾਲ ਕੋਈ ਸਰੋਕਾਰ ਨਹੀਂ। ਵਿਦਾਈ ਵੇਲੇ ਇਨ੍ਹਾਂ ਦੇ ਪਰਿਵਾਰ ਦਾ ਕੋਈ ਜੀਅ ਇੱਥੇ ਨਹੀਂ ਹੈ।
ਤਿੰਨ ਪੁਰਸ਼ ਕਿਰਦਾਰਾਂ ਵਿੱਚੋਂ ਪ੍ਰਮੁੱਖ ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਨੇ ਸੰਨਿਆਸੀ ਵਸਤਰ ਧਾਰਨ ਕੀਤੇ ਹੋਏ ਹਨ। ਭਾਈ ਮਰਦਾਨਾ ਵੱਖਰੀ ਸ਼ਖਸੀਅਤ ਦੇ ਧਾਰਨੀ ਹਨ। ਪੇਂਟਰ ਉਸੇ ਅਨੁਸਾਰ ਉਨ੍ਹਾਂ ਨੂੰ ਸਰੂਪਦਾ ਹੈ। ਸਿਰ ਮੁਗਲਈ ਸ਼ੈਲੀ ਦੀ ਪੱਗ ਲੰਮਾ ਚਿੱਟਾ ਚੋਲਾ ਅਤੇ ਭੂਸਲੇ ਰੰਗ ਦੀ ਚਾਦਰ ਦੀ ਬੁੱਕਲ ਮਾਰੀ ਹੋਈ ਹੈ।
ਮਰਦਾਨੇ ਦੇ ਨਾਮ ਨਾਲ ਜੁੜਿਆ ਸਾਜ਼ 'ਰਬਾਬ' ਉਨ੍ਹਾਂ ਦੇ ਹੱਥ ਵਿਚ ਹੈ।
ਗੁਰੂ ਨਾਨਕ ਦੇਵ ਜੀ ਜਦ ਪਹਿਲੀ ਉਦਾਸੀ ਲਈ ਰਵਾਨਾ ਹੋਏ ਤਾਂ ਉਨ੍ਹਾਂ ਦੀ ਉਮਰ ਜ਼ਿਆਦਾ ਨਹੀਂ ਸੀ। ਚਿੱਤਰਕਾਰ ਨੇ ਇਸ ਹਿੱਤ ਲਈ ਸਭ ਦੀਆਂ ਦਾੜ੍ਹੀਆਂ ਸਿਆਹ ਚਿੱਤਰੀਆਂ ਹਨ। ਭਾਈ ਮਰਦਾਨਾ ਕਿਉਂਕਿ ਮੁਸਲਮਾਨ ਸਨ, ਇਸ ਕਾਰਨ ਉਨ੍ਹਾਂ ਦੀ ਦਾੜ੍ਹੀ ਖੱਤ ਵਾਲੀ ਹੈ।
ਮਨ ਸੋਚਦਾ ਹੈ ਕਿ ਇਹ ਅੰਤਿਮ ਮਿਲਣ ਖਿਣ ਹੀ ਵਿਦਾਈ ਵੇਲਾ ਵੀ ਹੈ? ਜਾਂ ਘਰੋਂ ਚਲ ਪਏ ਯਾਤਰੀਆਂ ਨੂੰ ਪਰਿਵਾਰ ਵਾਲੇ ਨਾ ਜਾਣ ਦੀ ਮਿੰਨਤ ਕਰਨ ਪਿੰਡ ਦੇ ਬਾਹਰ ਇਸ ਥਾਂ ਆ ਖੜ੍ਹੇ ਹੋਏ ਹਨ। ਸਥਿਤੀ ਕੋਈ ਵੀ ਹੋਵੇ, ਇਹ ਹਿਰਦੇ ਵੇਦਕ ਹੈ।
ਚਿੱਤਰਕਾਰ ਨੇ ਆਪਣੀ ਰਚਨਾ ਨੂੰ ਸਾਵਾਂ ਰੱਖਿਆ ਹੈ। ਉਹ ਇਸ ਨੂੰ ਅਤਿ ਦਾ ਸ਼ਿਕਾਰ ਨਹੀਂ ਹੋਣ ਦਿੰਦਾ। ਅਜਿਹੇ ਸਮੇਂ ਮਾਤਾ-ਪਿਤਾ ਦੇ ਇਲਾਵਾ ਪਿੰਡ ਵਾਸੀਆਂ ਨੂੰ ਲਿਆ ਕੇ ਖੜਾਇਆ ਜਾ ਸਕਦਾ ਸੀ। ਇਸ ਤਰ੍ਹਾਂ ਕਰਨ ਨਾਲ ਚਿੱਤਰ ਦੇ ਪ੍ਰਭਾਵ ਵਿਚ ਸਿਥਲਤਾ ਆ ਜਾਣੀ ਸੀ।
ਗੁਰੂ ਜੀ ਦੀ ਛਵੀ ਦੱਸਦੀ ਹੈ ਕਿ ਉਹ ਗਤੀ ਵਿਚ ਹਨ। ਆਲੇ-ਦੁਆਲੇ ਜੋ ਹੋ ਰਿਹਾ ਹੈ, ਉਸ ਪ੍ਰਤੀ ਉਹ ਕੋਈ ਲਗਾਅ ਨਹੀਂ ਦਰਸਾ ਰਹੇ। ਲੋਕਾਈ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਜੋ ਖਾਕਾ ਹੈ, ਉਹ ਕਿਸੇ ਹੋਰ ਦੀ ਕਲਪਨਾ ਤੋਂ ਪਰ੍ਹਾਂ ਹੈ।
ਇਹ ਤਸਵੀਰ ਤੱਤਕਾਲੀਨ ਪਹਿਰਾਵੇ ਦੇ ਇਲਾਵਾ ਇਸਤਰੀ-ਦਸ਼ਾ ਨੂੰ ਵੀ ਲਕੀਰਦੀ ਹੈ। ਇਹ ਤਸਵੀਰ ਪੁਰਖਾਂ ਅਤੇ ਇਸਤਰੀਆਂ ਦੇ ਆਪਸੀ ਭੇਦ ਨੂੰ ਜ਼ਾਹਿਰ ਕਰ ਰਹੀ ਹੈ ਕਿਉਂਕਿ ਸਾਰੇ ਪਾਤਰ ਇਕੋ ਧਰਮ ਦੇ ਨਹੀਂ ਹਨ। ਇਹ ਪੇਂਟਿੰਗ ਸਿੱਖ ਸਮਾਜ ਵਿਚ ਮਕਬੂਲ ਨਾ ਹੋ ਸਕੀ ਜਦਕਿ ਪਰਿਵਾਰਿਕ ਸਮਾਜਿਕ ਸੰਦਰਭ ਪੱਖੋਂ ਇਹ ਅਦਭੁਤ ਅਤੇ ਬਹੁਪੱਖੀ ਪੇਸ਼ਕਾਰੀ ਹੈ।
-ਜਗਤਾਰਜੀਤ ਸਿੰਘ
98990-91186
ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
NEXT STORY