ਕਾਲਮ : ਜਨਮ-ਸਾਖੀ ਸਾਹਿਤ
ਭਾਗ 3
ਜਨਮ-ਸਾਖੀਆਂ ਬਾਰੇ ਸੁਣਨ ਨੂੰ ਮਿਲਦਾ ਹੈ ਕਿ ਇਨਾਂ ਵਿਚ ਪੌਰਾਣਿਕ ਤੱਤ ਵਧੀਕ ਹਨ, ਕਿ ਇਹ ਇਤਿਹਾਸ ਤੋਂ ਦੂਰ ਹਨ, ਕਿ ਕੁਝ ਸਾਖੀਆਂ ਗੁਰਬਾਣੀ ਦੇ ਆਸ਼ੇ ਨਾਲ ਮੇਲ ਨਹੀਂ ਖਾਂਦੀਆਂ। ਇਹ ਸਾਰੀਆਂ ਗੱਲਾਂ ਸਹੀ ਹਨ ਤੇ ਸਹੀ ਹੋਣ ਦੇ ਬਾਵਜੂਦ ਸਾਖੀਆਂ ਨਿਰਾਦਰ ਕਰਨ ਯੋਗ ਸਾਹਿਤ ਨਹੀਂ ਹਨ। ਭਾਰਤ ਦੇ ਪੌਰਾਣ-ਸਾਹਿਤ ਵਿਚ ਮਿਥਿਹਾਸ ਹੀ ਮਿਥਿਹਾਸ ਹੈ ਪਰ ਪੌਰਾਣ-ਗ੍ਰੰਥਾਂ ਵਿਚ ਨੈਤਿਕ, ਦਾਰਸ਼ਨਿਕ ਅਤੇ ਧਰਮ ਦੇ ਸੁਹਜਭਾਵੀ ਮੁੱਲਵਾਨ ਤੱਤ ਵੀ ਮੌਜੂਦ ਹਨ। ਜੋ ਸਹੀ ਲੱਗੇ ਜਿੰਨਾਂ ਸਹੀ ਲੱਗੇ, ਜਿੰਨਾਂ ਕੁ ਕਲਿਆਣਕਾਰੀ ਹੋਵੇ ਰੱਖੋ, ਬਾਕੀ ਛੱਡ ਦਿਉ। ਸਾਹਿਤ ਰਚਨਾ ਕਰਦਿਆਂ ਮਹਾਂਰਿਸ਼ੀ ਦੱਸ ਗਏ ਹਨ, ''ਜਦੋਂ ਤੁਸੀਂ ਕਣਕ ਖਾਂਦੇ ਹੋ, ਕਣਕ ਨਾਲ ਉਸ ਦੀ ਤੂੜੀ ਨਹੀਂ ਖਾਂਦੇ। ਜਦੋਂ ਤੁਸੀਂ ਪਸ਼ੂਆਂ ਅੱਗੇ ਤੂੜੀ ਸੁਟਦੇ ਹੋ ਤਾਂ ਤੂੜੀ ਨਾਲ ਉਸ ਦੀ ਕਣਕ ਨਹੀਂ ਸੁਟਦੇ।'' ਮਨੁੱਖ ਵਿਚ ਦੇਵਤਾ ਹੈ, ਦਾਨਵ ਹੈ ਤੇ ਪਸ਼ੂ ਹੈ। ਪਸ਼ੂ ਤੂੜੀ ਖਾਏਗਾ, ਮਨੁੱਖ ਲਈ ਕਣਕ ਉਪਯੋਗੀ ਹੈ ਤੇ ਦੇਵਤੇ ਲਈ ਰੂਹਾਨੀਅਤ। ਅਭਿਲਾਖੀ ਆਪਣੀ-ਆਪਣੀ ਖੁਰਾਕ ਕਲਾਸਕੀ ਸਾਹਿਤ ਵਿਚੋਂ ਵਿਤ ਅਤੇ ਲੋੜ ਅਨੁਸਾਰ ਪ੍ਰਾਪਤ ਕਰਨਗੇ।
ਬਾਕੀ ਸੰਸਾਰ ਜਿਸ ਤੋਂ ਵੰਚਿਤ ਸੀ, ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ ਅਤੇ ਰਾਇ ਬੁਲਾਰ ਖ਼ਾਨ ਸਾਹਿਬ ਨੂੰ ਰੱਬ ਨੇ ਉਹ ਨਜ਼ਰ ਦਿੱਤੀ। ਅਸੀਂ ਭਾਈ ਲਹਿਣਾ ਜੀ ਦਾ ਨਾਮ ਜਾਣ ਕੇ ਨਹੀਂ ਲਿਆ ਕਿਉਂਕਿ ਇਸ ਸੰਖੇਪ ਨਿਬੰਧ ਵਿਚ ਗੁਰੂ ਜੀ ਦੀ ਨਹੀਂ, ਸਿੱਖ ਦੀ ਤਸਵੀਰ ਦੇਖਣ ਦਾ ਯਤਨ ਕਰਾਂਗੇ। ਗੁਰੂ ਬਾਬਾ ਜੀ ਦੇ ਬਚਪਨ ਦੀ ਸਾਦਗੀ ਅਤੇ ਮਾਸੂਮੀਅਤ ਵਿਚੋਂ ਅਨੰਤ ਰੂਹਾਨੀਅਤ ਦਾ ਸੂਰਜ ਉਦੈ ਹੁੰਦਿਆਂ ਇਨ•ਾਂ ਤਿੰਨ ਸਿੱਖਾਂ ਨੇ ਪ੍ਰਤੱਖ ਦੇਖਿਆ। ਬੇਬੇ ਨਾਨਕੀ ਬਾਬਾ ਜੀ ਤੋਂ ਚਾਰ ਸਾਲ ਵੱਡੇ ਸਨ, ਭਾਈ ਮਰਦਾਨਾ ਜੀ ਦਸ ਸਾਲ ਅਤੇ ਰਾਇ ਬੁਲਾਰ ਸਾਹਿਬ ਪੱਚੀ ਸਾਲ ਦੇ ਕਰੀਬ ਵੱਡੇ ਸਨ। ਤਿੰਨੇ ਗੁਰੂ ਬਾਬੇ ਦੀ ਸ਼ਖ਼ਸੀਅਤ ਉਪਰ ਫ਼ਿਦਾ ਸਨ। ਸਾਖੀ ਦੱਸਦੀ ਹੈ ਕਿ ਬਾਬਾ ਜੀ ਧੁਰ ਦਿਲ ਦੀਆਂ ਡੁੰਘਾਣਾਂ ਵਿਚੋਂ ਇਨ੍ਹਾਂ ਨੂੰ ਪਿਆਰ ਕਰਦੇ ਸਨ। ਬਿਖੜੇ ਪੰਧ ਵਿਚ ਭਾਈ ਮਰਦਾਨਾ ਜਦੋਂ ਕਿਸੇ ਲੋੜੀਂਦੀ ਵਸਤੂ ਦੀ ਮੰਗ ਕਰਦੇ ਤਾਂ ਮਹਾਰਾਜ ਨਾਰਾਜ਼ ਨਹੀਂ ਹੁੰਦੇ ਸਨ।
ਸਫ਼ਰ ਦੌਰਾਨ ਤੇਜ਼ੀ ਨਾਲ ਅੱਗੇ ਵਧਦੇ ਜਾਂਦੇ ਅਚਾਨਕ ਆਖ ਦਿੰਦੇ, ''ਚਲੋ ਭਾਈ ਵਾਪਸ ਸੁਲਤਾਨਪੁਰ ਚੱਲੀਏ।'' ਭਾਈ ਮਰਦਾਨਾ ਪੁੱਛਦੇ, ''ਬਾਬਾ ਜੀ ਕੱਲ੍ਹ ਤਾਂ ਆਖਦੇ ਸੀ ਹੋਰ ਅੱਗੇ ਜਾਣਾ ਹੈ।'' ਬਾਬਾ ਜੀ ਆਖਦੇ ''ਨਾਂਹ ਭਾਈ। ਸੁਲਤਾਨਪੁਰ ਚੱਲੀਏ, ਬੇਬੇ ਨਾਨਕੀ ਹੁਣ ਧੀਰ ਨਹੀਂ ਧਰਦੀ। ਉਹ ਤਾਂ ਬੈਰਾਗਣਿ ਹੋਇ ਗਈ ਹੈ। ਉਹ ਅਸਾਂਦੀ ਭੈਣ ਆਹੀ। ਜੁੱਗਾਂ ਦੀ ਭੈਣ ਆਹੀ। ਅਸਾਡਾ ਮੇਲ ਹੁੰਦਾ ਆਇਆ ਹੈ। ਜੁੱਗਾਂ ਤੋਂ ਹੁੰਦਾ ਆਇਆ ਹੈ। ਸੁਲਤਾਨਪੁਰ ਚੱਲੀਏ।''
ਇਨਾਂ ਸੁਰਾਂ ਵਿਚ ਰਾਇ ਬੁਲਾਰ ਸਾਹਿਬ ਨੂੰ ਯਾਤਰਾ ਦੌਰਾਨ ਯਾਦ ਕਰਦਿਆਂ ਆਖਦੇ, ''ਭਾਈ ਜੀ ਤਲਵੰਡੀ ਚੱਲੀਏ। ਰਾਇ ਜੀ ਦੀ ਮੁਹੱਬਤ ਦਾ ਭਾਰ ਅਸਾਂ ਦੇ ਮੋਢਿਆਂ ਉਪਰ ਅਧਿਕ ਵਧ ਗਿਆ ਹੈ। ਅਗੈ ਤੁਰਿਆ ਨਹੀਂ ਜਾਂਵਦਾ ਹੋਰ। ਤਲਵੰਡੀ ਚੱਲੋ।''
ਵੇਈਂ ਨਦੀ ਵਿਚ ਪ੍ਰਵੇਸ਼ ਦੀ ਸਾਖੀ ਸਭ ਨੇ ਸੁਣੀ ਹੈ। ਸੁਲਤਾਨਪੁਰ ਦਾ ਨਵਾਬ ਦੌਲਤ ਖਾਨ ਉਦਾਸ ਹੋਇਆ। ਗੋਤਾਖੋਰ ਮੰਗਵਾਏ। ਜਾਲ ਸੁਟੇ। ਦਰਿਆ ਹੂੰਝ ਦਿਤਾ, ''ਬਾਬਾ ਨਹੀਂ ਮਿਲਦਾ, ਕਿਤੋਂ ਕਲਬੂਤ ਤਾਂ ਮਿਲੇ।'' ਗ਼ਮਗੀਨ ਭਾਈ ਜੈਰਾਮ (ਬੇਬੇ ਨਾਨਕੀ ਦਾ ਪਤੀ) ਦੀ ਬਾਂਹ ਫੜ ਕੇ ਨਵਾਬ ਨੇ ਕਿਹਾ, ''ਨਾਨਕ ਭਲਾ ਵਜ਼ੀਰ ਥਾ। ਪਰ ਖੁਦਾ ਅਗੈ ਕਿਸ ਦਾ ਜੋਰ।'' ਔਰਤ ਮਰਦ ਧਰਵਾਸ ਦੇਣ ਬੇਬੇ ਨਾਨਕੀ ਜੀ ਪਾਸ ਗਏ ਤਾਂ ਬੇਬੇ ਨੇ ਕਿਹਾ, ''ਹੌਸਲਾ ਰੱਖੋ। ਉਹ ਡੁੱਬ ਨਹੀਂ ਸਕਦਾ। ਜਿਸ ਦੀ ਬਦੌਲਤ ਸੰਸਾਰ ਨੇ ਤਰਨਾ ਹੈ, ਉਹ ਹਰਗਿਜ਼ ਨਹੀਂ ਡੁੱਬਿਆ। ਧੀਰਜ ਤੋਂ ਕੰਮ ਲਵੋ।'' ਬਸਤਰਾਂ ਨਜ਼ਦੀਕ ਨੀਵੀਂ ਪਾਈ ਬੈਠੇ ਮਰਦਾਨਾ ਜੀ ਨੂੰ ਨਗਰ ਵਾਸੀਆਂ ਨੇ ਕਿਹਾ, ''ਸਬਰ ਕਰੋ ਭਾਈ। ਘਰ ਚੱਲੋ।'' ਭਾਈ ਜੀ ਬੋਲੇ, ''ਬਾਬੇ ਕਹਿਆ ਇਥੈ ਬੈਠ। ਮੈਂ ਆਇਆ। ਕਿਉਂ ਜਾਵਾਂ ਇਥੋਂ ? ਬਸਤਰਾਂ ਪਾਸ ਬਿਠਾ ਕੇ ਗਏ ਹਨ ਖ਼ੁਦ। ਆਉਣਗੇ ਮਹਾਰਾਜ। ਤੁਸੀਂ ਚੱਲੋ।'' ਤਿੰਨ ਦਿਨ ਬਾਬਾ ਜੀ ਦੇ ਵਾਪਸ ਆਉਣ ਤੱਕ ਉਹ ਵੇਈਂ ਨਦੀ ਦੇ ਕਿਨਾਰੇ ਭਰੋਸੇ ਨਾਲ ਬੈਠੇ ਰਹੇ।
'ਸਾਖੀ' ਸ਼ਬਦ ਦਾ ਅਰਥ ਕਹਾਣੀ ਨਹੀਂ। ਉਸ ਘਟਨਾ ਨੂੰ ਸਾਖੀ ਆਖਦੇ ਹਾਂ, ਜੋ ਵਾਪਰੀ ਹੋਵੇ ਤੇ ਵਾਪਰਦਿਆਂ ਕਿਸੇ ਨੇ ਅੱਖੀਂ ਦੇਖੀ ਹੋਵੇ। ਅਸੀਂ ਆਮ ਆਖਦੇ ਹਾਂ-ਰੱਬ ਸਾਖੀ ਹੈ। ਸਾਖਿਆਤ ਮਾਇਨੇ ਪਰਤੱਖ, ਪਰਗਟ। ਗੁਰੂ ਜੀ ਦੇ ਵਰਤਾਰੇ ਨੂੰ ਜਿਨਾਂ ਮੁਰੀਦਾਂ ਨੇ ਅੱਖੀਂ ਦੇਖਿਆ, ਸਿਖ ਸਾਹਿਤ ਉਨਾਂ ਦੇ ਬਿਆਨ ਨੂੰ ਜਨਮ ਸਾਖੀਆਂ ਆਖਦਾ ਹੈ। ਅੱਜ ਰਾਇ ਬੁਲਾਰ ਜੀ ਦੀ ਸਾਖੀ ਦਾ ਪਾਠ ਕਰੀਏ। ਪੁਰਾਤਨ ਜਨਮ ਸਾਖੀ, ਭਾਈ ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚੋਂ ਘਟਨਾਵਾਂ ਚੁਣੀਆਂ ਹਨ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਰਾਇ ਜੀ ਬਾਬਤ ਵਧੀਕ ਨਹੀਂ ਦੱਸਦੀ। ਤੱਥਮੂਲਕ ਸਮੱਗਰੀ ਦੀ ਥਾਂ ਅਸੀਂ ਭਾਵਨਾ ਉਪਰ ਕਲਮ ਕੇਂਦਰਿਤ ਕੀਤੀ ਹੈ। ਭਾਵਨਾ ਦਾ ਦਰਜਾ ਉਤੱਮ ਹੈ ਤੇ ਸਮੱਗਰੀ ਦਾ ਦੋਮ। ਸਾਹਮਣੇ ਅੱਵਲ ਭੋਜਨ ਪਿਆ ਹੋਵੇ ਤਾਂ ਦੋਮ ਵਲ ਦੇਖਣ ਦੀ ਕੀ ਲੋੜ।
ਰਾਇ ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ। ਭਲੀ ਸੂਰਤ ਅਤੇ ਮਿੱਠੇ ਸੁਭਾਅ ਦੀ ਮਹਿਕ ਚੁਪਾਸੇ ਵਿਚ ਘੁਲ-ਮਿਲ ਰਹੀ ਨਿਹਾਰਦੇ ਰਹੇ, ਪਰ ਇਸ ਬੱਚੇ ਵਿਚ ਗ਼ੈਬੀ ਗੁਣ ਹਨ, ਇਸ ਦੀ ਪਹਿਲੀ ਝਲਕ ਉਦੋਂ ਦਿਸੀ ਜਦੋਂ ਪਿਤਾ ਨੇ ਇਹ ਦੇਖ ਕੇ ਕਿ ਪੜ੍ਹਨ ਵਿਚ ਰੁਚੀ ਨਹੀਂ, ਪਸ਼ੂ ਚਾਰਨ ਭੇਜ ਦਿਤੇ। 7 ਬਾਬੇ ਸੌਂ ਗਏ ਤੇ ਮੱਝਾਂ ਨੇ ਖੇਤ ਉਜਾੜ ਦਿੱਤਾ। ਕਿਸਾਨ ਨੇ ਪਿਤਾ ਨੂੰ ਉਲਾਂਭਾ ਦਿੱਤਾ ਅਤੇ ਰਾਇ ਸਾਹਿਬ ਕੋਲ ਜਾ ਕੇ ਹਰਜਾਨੇ ਦੀ ਮੰਗ ਕੀਤੀ। ਬਾਬਾ ਜੀ ਨੂੰ ਬੁਲਾ ਕੇ ਪੁੱਛਿਆ ਤਾਂ ਉਨਾਂ ਕਿਹਾ- ਕੋਈ ਖੇਤ ਨਹੀਂ ਉਜਾੜਿਆ। ਕਿਸਾਨ ਐਵੇਂ ਰੌਲਾ ਪਾਉਂਦਾ ਹੈ। ਹਰਜਾਨਾ ਨਿਸ਼ਚਤ ਕਰਨ ਲਈ ਰਾਇ ਜੀ ਨੇ ਕਿਸਾਨ ਨਾਲ ਬੰਦੇ ਭੇਜੇ। ਜਾ ਕੇ ਦੇਖਿਆ, ਖੇਤ ਹਰਾ-ਭਰਾ ਸੀ। ਰਾਇ ਨੇ ਕਿਸਾਨ ਨੂੰ ਝਿੜਕਿਆ। ਉਹ ਆਖੇ- ਜੀ ਉਜਾੜਿਆ ਸੀ। ਮੈਂ ਝੂਠ ਨਹੀਂ ਮਾਰਿਆ। ਰਾਇ ਸਾਹਿਬ ਨੇ ਬਾਲਕ ਨੂੰ ਪਿਆਰ ਦਿੱਤਾ ਤੇ ਕਿਸਾਨ ਨੂੰ ਚਲੇ ਜਾਣ ਲਈ ਕਿਹਾ। ਉਨਾਂ ਨੂੰ ਅਚੰਭਾ ਉਦੋਂ ਹੋਇਆ ਜਦੋਂ ਇਕ ਦਿਨ ਸ਼ਿਕਾਰ ਤੋਂ ਵਾਪਸੀ ਵੇਲੇ ਦੇਖਿਆ ਕਿ ਬਾਕੀ ਰੁੱਖਾਂ ਦੀਆਂ ਛਾਵਾਂ ਪਰੇ ਸਰਕ ਗਈਆਂ ਹਨ ਪਰ ਇਸ ਸੁੱਤੇ ਬਾਲਕ ਉਪਰ ਛਾਂ ਜਿਉਂ ਦੀ ਤਿਉਂ ਖਲੋਤੀ ਹੈ। ਉਨਾਂ ਦੇ ਦਿਮਾਗ ਵਿਚ ਖੇਤ ਉਜੜਨ ਦੀ ਘਟਨਾਂ ਵੀ ਘੁੰਮ ਗਈ... ਕਿਸਾਨ ਨੇ ਝੂਠ ਨਹੀਂ ਮਾਰਿਆ ਸੀ... ਉਜੜਿਆ ਖੇਤ ਦੁਬਾਰਾ ਹਰਾ ਹੋਇਆ ਹੈ। ਸਾਥੀਆਂ ਨੂੰ ਕਿਹਾ- ਯਾਰੋ ਖੇਤ ਉਜਾੜਨ ਵਾਲੀ ਗੱਲ ਭੀ ਡਿੱਠੀ ਹੈ, ਅਰ ਏਹੁ ਭੀ ਦੇਖਹੁ। ਏਹ ਖਾਲੀ ਨਹੀਂ। ਵਾਪਸ ਹਵੇਲੀ ਵਿਚ ਆ ਕੇ ਪਿਤਾ ਮਹਿਤਾ ਜੀ ਨੂੰ ਬੁਲਾ ਕੇ ਕਿਹਾ, ''ਮਤੁ ਇਸ ਪੁਤਰ ਨੋ ਫਿਟਕਾਰ ਦੇਂਦਾ ਹੋਵੇਂ। ਇਹ ਮਹਾਂਪੁਰਖ ਹੈ। ਇਸ ਸਦਕਾ ਮੇਰਾ ਸਹਿਰ ਵਸਦਾ ਹੈ। ਤੂੰ ਨਿਹਾਲ ਹੋਆ। ਮੈਂ ਭੀ ਨਿਹਾਲ ਹਾਂ ਜਿਸ ਦੇ ਸਹਿਰ ਵਿਚ ਇਹ ਪੈਦਾ ਹੋਆ।'' ਪਿਤਾ ਨੇ ਕਿਹਾ- ਜੀ ਖੁਦਾਇ ਦੀਆਂ ਖੁਦਾਇ ਜਾਣੈ।
ਡਾ. ਹਰਪਾਲ ਸਿੰਘ ਪੰਨੂ
ਰਾਸ਼ੀਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ
NEXT STORY