ਜਲੰਧਰ (ਚੋਪੜਾ)–ਜਲੰਧਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਪੇਂਡੂ ਸਿਆਸਤ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਬੁੱਧਵਾਰ ਸਵੇਰੇ 8 ਵਜੇ ਤੋਂ ਜ਼ਿਲ੍ਹੇ ਦੇ 11 ਗਿਣਤੀ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਵਿਵਸਥਾ ਦੌਰਾਨ ਵੋਟਾਂ ਦੀ ਗਿਣਤੀ ਸ਼ੁਰੂ ਹੋਈ, ਜੋ ਦੇਰ ਰਾਤ ਤਕ ਜਾਰੀ ਰਹੀ। 14 ਦਸੰਬਰ ਨੂੰ ਹੋਈ ਵੋਟਿੰਗ ਵਿਚ ਕੁੱਲ੍ਹ 44.6 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਨ੍ਹਾਂ ਚੋਣਾਂ ਵਿਚ ਕੁੱਲ੍ਹ 669 ਉਮੀਦਵਾਰਾਂ ਦਾ ਸਿਆਸੀ ਭਵਿੱਖ ਵੋਟ ਬਕਸਿਆਂ ਵਿਚ ਬੰਦ ਹੋਇਆ, ਜਿਸ ਦਾ ਫ਼ੈਸਲਾ ਬੁੱਧਵਾਰ ਦੇਰ ਰਾਤ ਸਾਹਮਣੇ ਆਇਆ।
ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ੍ਹ 21 ਜ਼ੋਨਾਂ ਵਿਚੋਂ ਆਮ ਆਦਮੀ ਪਾਰਟੀ ਨੇ 10 ਜ਼ੋਨਾਂ ’ਤੇ ਜਿੱਤ ਦਰਜ ਕਰਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ਵਿਚ ਸਫ਼ਲਤਾ ਹਾਸਲ ਕੀਤੀ। ਉਥੇ ਹੀ ਕਾਂਗਰਸ 7 ਜ਼ੋਨਾਂ ਨਾਲ ਦੂਜੇ ਸਥਾਨ ’ਤੇ ਰਹੀ। ਬਹੁਜਨ ਸਮਾਜ ਪਾਰਟੀ ਨੇ 3 ਜ਼ੋਨਾਂ ਵਿਚ ਜਿੱਤ ਦਰਜ ਕਰਕੇ ਮਜ਼ਬੂਤ ਮੌਜੂਦਗੀ ਵਿਖਾਈ, ਜਦਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਜ਼ੋਨ ਤਕ ਹੀ ਸਿਮਟ ਕੇ ਰਹਿ ਗਿਆ। ਇਨ੍ਹਾਂ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਪੱਧਰ ’ਤੇ ‘ਆਪ’ ਅਤੇ ਕਾਂਗਰਸ ਵਿਚ ਸਿੱਧਾ ਅਤੇ ਸਖ਼ਤ ਮੁਕਾਬਲਾ ਰਿਹਾ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ

ਪੰਚਾਇਤ ਸੰਮਤੀ ’ਚ ਵੀ ‘ਆਪ’ ਨੂੰ ਬੜ੍ਹਤ
ਜ਼ਿਲ੍ਹੇ ਦੀਆਂ 11 ਪੰਚਾਇਤ ਸੰਮਤੀਆਂ ਅਧੀਨ ਆਉਣ ਵਾਲੇ ਕੁੱਲ੍ਹ 188 ਜ਼ੋਨਾਂ ਦੇ ਨਤੀਜੇ ਵੀ ਦਿਲਚਸਪ ਰਹੇ। ਇਥੇ ਵੀ ਆਮ ਆਦਮੀ ਪਾਰਟੀ ਨੇ 74 ਜ਼ੋਨਾਂ ਵਿਚ ਜਿੱਤ ਦਰਜ ਕਰਕੇ ਬੜ੍ਹਤ ਬਣਾਈ। ਕਾਂਗਰਸ 59 ਜ਼ੋਨਾਂ ਨਾਲ ਦੂਜੇ ਸਥਾਨ ’ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਨੂੰ 18 ਜ਼ੋਨਾਂ ਵਿਚ ਜਿੱਤ ਮਿਲੀ, ਜਦਕਿ ਬਹੁਜਨ ਸਮਾਜ ਪਾਰਟੀ ਨੇ 19 ਜ਼ੋਨਾਂ ’ਤੇ ਕਬਜ਼ਾ ਜਮਾਇਆ। ਇਸ ਤੋਂ ਇਲਾਵਾ 12 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਇਹ ਸੰਕੇਤ ਦਿੱਤਾ ਕਿ ਸਥਾਨਕ ਪੱਧਰ ’ਤੇ ਨਿੱਜੀ ਪਕੜ ਅਤੇ ਜਨਸੰਪਰਕ ਹਾਲੇ ਵੀ ਫੈਸਲਾਕੁੰਨ ਭੂਮਿਕਾ ਨਿਭਾਅ ਰਿਹਾ ਹੈ।
ਮੁੱਖ ਮੁਕਾਬਲਾ ‘ਆਪ’ ਬਨਾਮ ਕਾਂਗਰਸ ਵਿਚ ਰਿਹਾ
ਚੋਣ ਨਤੀਜਿਆਂ ਵਿਚ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਦੋਵਾਂ ਪੱਧਰਾਂ ’ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਹੀ ਸੀਮਤ ਰਿਹਾ। ਕਈ ਜ਼ੋਨਾਂ ਵਿਚ ਵੋਟਾਂ ਦਾ ਫਰਕ ਬੇਹੱਦ ਘੱਟ ਰਿਹਾ, ਜਿਸ ਨਾਲ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਬਸਪਾ ਨੇ ਤੀਜੇ ਸਥਾਨ ’ਤੇ ਰਹਿੰਦੇ ਹੋਏ ਦਲਿਤ ਵੋਟ ਬੈਂਕ ਵਿਚ ਆਪਣੀ ਪਕੜ ਦਾ ਪ੍ਰਦਰਸ਼ਨ ਕੀਤਾ, ਜਦਕਿ ਅਕਾਲੀ ਦਲ ਚੌਥੇ ਸਥਾਨ ’ਤੇ ਰਿਹਾ। ਇਸ ਦੇ ਇਲਾਵਾ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਪਾਰਟੀ ਇਕ ਵੀ ਜ਼ੋਨ ਵਿਚ ਜਿੱਤ ਦਰਜ ਨਹੀਂ ਕਰ ਸਕੀ, ਜਿਸ ਨਾਲ ਭਾਜਪਾ ਦਾ ਸੂਪੜਾ ਸਾਫ਼ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਵੋਟਿੰਗ ਫ਼ੀਸਦੀ ਅਤੇ ਸੁਰੱਖਿਆ ਵਿਵਸਥਾ
ਚੋਣਾਂ ਦੌਰਾਨ ਕੁੱਲ 44.6 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜਿਸ ਨੂੰ ਔਸਤ ਮੰਨਿਆ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਸਾਰੇ ਕੇਂਦਰਾਂ ’ਤੇ ਪੁਲਸ ਬਲ ਦੀ ਤਾਇਨਾਤੀ ਰਹੀ ਅਤੇ ਪ੍ਰਸ਼ਾਸਨ ਨੇ ਕਾਨੂੰਨ ਿਵਵਸਥਾ ਬਣਾਈ ਰੱਖਣ ਲਈ ਪੁਖ਼ਤਾ ਇੰਤਜ਼ਾਮ ਕੀਤੇ। ਅਧਿਕਾਰੀਆਂ ਅਨੁਸਾਰ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ ਅਤੇ ਕਿਸੇ ਵੀ ਵੱਡੇ ਵਿਵਾਦ ਦੀ ਸੂਚਨਾ ਨਹੀਂ ਮਿਲੀ।
ਆਜ਼ਾਦ ਉਮੀਦਵਾਰਾਂ ਦੀ ਭੂਮਿਕਾ
ਪੰਚਾਇਤ ਸੰਮਤੀ ਚੋਣਾਂ ਵਿਚ 12 ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਕਿ ਪੇਂਡੂ ਖੇਤਰਾਂ ਵਿਚ ਪਾਰਟੀ ਤੋਂ ਜ਼ਿਆਦਾ ਵਿਅਕਤੀ ਵਿਸ਼ੇਸ਼ ਦਾ ਅਕਸ, ਕੰਮ ਅਤੇ ਸਥਾਨਕ ਪ੍ਰਭਾਵ ਮਾਅਨੇ ਰੱਖਦਾ ਹੈ। ਕਈ ਸਥਾਨਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਿੱਛੇ ਛੱਡ ਕੇ ਹੈਰਾਨੀਜਨਕ ਨਤੀਜੇ ਦਿੱਤੇ।
ਸਿਆਸੀ ਸੰਕੇਤ ਅਤੇ ਭਵਿੱਖ ਦੀ ਰਾਹ
ਇਨ੍ਹਾਂ ਚੋਣ ਨਤੀਜਿਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਾਜਨੀਤੀ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਜਿਥੇ ਆਪਣੀ ਸੰਗਠਨਾਤਮਕ ਮਜ਼ਬੂਤੀ ਅਤੇ ਸਰਕਾਰ ਵਿਚ ਹੋਣ ਦਾ ਲਾਭ ਦਿਖਾਇਆ, ਉਥੇ ਹੀ ਕਾਂਗਰਸ ਨੇ ਵੀ ਮਜ਼ਬੂਤ ਟੱਕਰ ਦੇ ਕੇ ਇਹ ਸੰਦੇਸ਼ ਦਿੱਤਾ ਕਿ ਉਹ ਹਾਲੇ ਵੀ ਪੇਂਡੂ ਸਿਆਸਤ ਵਿਚ ਪ੍ਰਭਾਵੀ ਹੈ। ਬਸਪਾ ਅਤੇ ਅਕਾਲੀ ਦਲ ਲਈ ਇਹ ਨਤੀਜੇ ਆਤਮਮੰਥਨ ਅਤੇ ਰਣਨੀਤੀ ਸੁਧਾਰ ਦਾ ਸੰਕੇਤ ਹਨ, ਜਦਕਿ ਭਾਜਪਾ ਲਈ ਇਹ ਨਤੀਜੇ ਗੰਭੀਰ ਚਿਤਾਵਨੀ ਮੰਨੇ ਜਾ ਰਹੇ ਹਨ। ਕੁੱਲ੍ਹ ਮਿਲਾ ਕੇ ਜਲੰਧਰ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜ਼ਿਲ੍ਹੇ ਦੀ ਪੇਂਡੂ ਸਿਆਸਤ ਵਿਚ ਮੁਕਾਬਲਾ ਦਿਲਚਸਪ, ਬਹੁਕੋਣੀ ਅਤੇ ਭਵਿੱਖ ਲਈ ਫ਼ੈਸਲਾਕੁੰਨ ਰਹਿਣ ਵਾਲਾ ਹੈ।
| ਪੰਚਾਇਤ ਸੰਮਤੀ |
‘ਆਪ’ |
ਕਾਂਗਰਸ |
ਸ਼੍ਰੋਅਦ |
ਬਸਪਾ |
ਆਜ਼ਾਦ |
ਕੁੱਲ੍ਹ |
| ਜਲੰਧਰ ਈਸਟ |
10 |
5 |
0 |
0 |
0 |
15 |
| ਜਲੰਧਰ ਵੈਸਟ |
15 |
3 |
0 |
1 |
0 |
19 |
| ਲੋਹੀਆਂ |
3 |
6 |
5 |
0 |
1 |
15 |
| ਮਹਿਤਪੁਰ |
3 |
12 |
0 |
0 |
0 |
15 |
| ਨੂਰਮਹਿਲ |
3 |
5 |
2 |
4 |
1 |
15 |
| ਫਿਲੌਰ |
1 |
3 |
3 |
9 |
4 |
20 |
| ਰੁੜਕਾ ਕਲਾਂ |
3 |
2 |
4 |
2 |
4 |
15 |
| ਸ਼ਾਹਕੋਟ |
7 |
7 |
1 |
0 |
0 |
15 |
| ਭੋਗਪੁਰ |
8 |
5 |
2 |
0 |
0 |
15 |
| ਆਦਮਪੁਰ |
15 |
2 |
1 |
1 |
0 |
25 |
| ਨਕੋਦਰ |
6 |
8 |
0 |
2 |
2 |
19 |
ਇਹ ਵੀ ਪੜ੍ਹੋ: ਪੰਜਾਬ 'ਚ 21 ਦਸੰਬਰ ਤੱਕ Alert ਜਾਰੀ! ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ: 20 'ਚੋਂ 18 ਜ਼ੋਨਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ, ਇਕ ਸੀਟ ਅਕਾਲੀ ਦਲ ਦੇ ਹਿੱਸੇ
NEXT STORY