ਜਲੰਧਰ - ਜੰਗ ਜਿੱਤ ਗਏ ਪਰ ਪਾਂਡਵ ਆਤਮਗਿਲਾਨੀ ਤੋਂ ਪੀੜਤ ਹੋ ਗਏ। ਗੁਰੂ, ਰਿਸ਼ਤੇਦਾਰ, ਮਿੱਤਰ ਪਿਆਰੇ ਸਭ ਮਾਰ ਦਿੱਤੇ, ਰਾਜ ਕਿਸ 'ਤੇ ਕਰਨਾ, ਕਿਸ ਵਾਸਤੇ ਕਰਨਾ? ਖੁਦਕੁਸ਼ੀ ਦਾ ਫੈਸਲਾ ਕਰ ਕੇ ਹਿਮਾਲਿਆ ਪਰਬਤ ਦੀ ਚੜ੍ਹਾਈ ਚੜ੍ਹਨ ਲੱਗੇ। ਵਾਰੋ-ਵਾਰ ਇਕ-ਇਕ ਕਰਕੇ ਡਿੱਗਦੇ ਗਏ, ਬਰਫ 'ਚ ਦੱਬਦੇ ਗਏ। ਇਸ ਕਥਾ ਦਾ ਅੰਤ ਵੇਦ ਵਿਆਸ ਇਸ ਥਾਂ ਕਰਦਾ ਹੈ। ਮਨਮੋਹਨ ਬਾਵਾ ਇਥੇ ਨਹੀਂ ਰੁਕਦਾ। ਲਿਖਦਾ ਹੈ-ਬਰਫ ਤੋਂ ਪੈਰ ਫਿਸਲਿਆ, ਦ੍ਰੋਪਤੀ ਸਭ ਤੋਂ ਪਹਿਲਾਂ ਡਿੱਗੀ। ਕਿਉਂ? ਉਹ ਪੰਜ ਪਾਂਡਵਾਂ ਦੀ ਬਰਾਬਰ ਔਰਤ ਸੀ ਪਰ ਬਾਕੀਆਂ ਨਾਲੋਂ ਅਰਜਨ ਨੂੰ ਵਧੀਕ ਪਿਆਰ ਕਰਦੀ ਸੀ। ਬਾਕੀ ਦੂਰ ਚਲੇ ਗਏ ਸਨ, ਭੀਮ ਨੇੜੇ ਸੀ, ਤੇਜ਼ੀ ਨਾਲ ਹੇਠਾਂ ਆਇਆ, ਸਿਰ ਉਪਰ ਡੂੰਘੀ ਸੱਟ ਸੀ। ਸਿਰ ਆਪਣੀ ਗੋਦ 'ਚ ਲੈ ਕੇ ਬੋਲਿਆ- ਪਾਂਚਾਲੀ ਤੂੰ ਹੁਣ ਵਿਛੜਨ ਲੱਗੀ ਹੈਂ। ਆਖਰੀ ਇੱਛਾ? ਦ੍ਰੋਪਤੀ ਬੋਲੀ-ਤੁਸੀਂ ਭਗਵਾਨ ਹੋ ਜੋ ਆਖਰੀ ਇੱਛਾ ਪੂਰੀ ਕਰ ਦਿਓਗੇ?
-ਮੈਂ ਪ੍ਰਾਰਥਨਾ ਕਰਾਂਗਾ ਪਾਂਚਾਲੀ।
-ਮੇਰੀ ਆਖਰੀ ਇੱਛਾ ਹੈ ਤੁਸੀਂ ਪੰਜ ਅਤੇ ਛੇਵੀਂ ਮੈਂ ਇਕ ਵਾਰ ਫਿਰ ਸੰਸਾਰ 'ਚ ਆਈਏ, ਦ੍ਰੋਪਤੀ ਨੇ ਕਿਹਾ।
-ਇਸ ਜਨਮ 'ਚ ਕੀ ਸੁੱਖ ਦੇਖਿਆ ਪਾਂਚਾਲੀ ਜੋ ਫਿਰ ਆਉਣ ਦੀ ਇੱਛਾ ਹੋਈ?
-ਅਸੀਂ 6 ਦੇ 6 ਇਕ ਵਾਰ ਫਿਰ ਜਨਮ ਲਈਏ ਪਰ ਅਗਲੀ ਵਾਰ ਸਾਡਾ ਰਿਸ਼ਤਾ ਹੁਣ ਵਾਲਾ ਨਾ ਹੋਵੇ। ਤੁਸੀਂ ਪੰਜੇ ਮੇਰੇ ਭਰਾ ਹੋਵੋ, ਮੈਂ ਤੁਹਾਡੀ ਭੈਣ।
-ਅਜਿਹਾ ਫੁਰਨਾ ਮਨ 'ਚ ਕਿਉਂ ਫੁਰਿਆ ਪਾਂਚਾਲੀ?
-ਜੇ ਤੁਸੀਂ ਮੇਰੇ ਭਰਾ ਹੁੰਦੇ ਤਦ ਮੈਨੂੰ ਜੂਏ 'ਚ ਦਾਅ 'ਤੇ ਨਾ ਲਾਉਂਦੇ। ਮੇਰਾ ਚੀਰ ਹਰਨ ਹੁੰਦਾ ਦੇਖਕੇ ਖਾਮੋਸ਼ ਬੈਠੇ ਨਾ ਰਹਿੰਦੇ। ਕੋਈ ਬੁਰਾ ਨਹੀਂ ਸੀ ਕੌਰਵਾਂ ਪਾਂਡਵਾਂ 'ਚ, ਰਿਸ਼ਤੇ ਬੁਰੇ ਸਨ।
ਹਿਮਾਦਰੀ ਬੈਨਰਜੀ ਕਲਕੱਤਿਓਂ ਪਟਿਆਲੇ ਪੰਜਾਬੀ ਯੂਨੀਵਰਸਿਟੀ 'ਚ ਆਏ। ਕੰਮਕਾਜ ਨਿਪਟਾ ਕੇ ਜਾਣਾ ਸੀ, ਮੈਂ ਸਟੇਸ਼ਨ ਤੱਕ ਛੱਡਣ ਗਿਆ। ਕਹਿਣ ਲੱਗੇ-ਗਾੜੀ ਆਨੇ ਮੇਂ ਅਭੀ ਵਕਤ ਹੈ ਪੰਨੂ ਭਾਈ। ਆਪ ਕੋ ਸਾਖੀ ਯਾਦ ਹੁਆ ਕਰਤੀ ਹੈ, ਕੋਈ ਸਾਖੀ ਸੁਨਾਏਂ। ਮੈਨੂੰ ਸ਼ਿਵ ਨਾਰਦ ਦੀ ਸਾਖੀ ਯਾਦ ਆਈ। ਕਿਹਾ- ਨਾਰਦ ਨੇ ਸ਼ਿਵ ਜੀ ਨੂੰ ਪੁੱਛਿਆ, ਆਪਾਂ ਕਿੱਥੋਂ ਆਏ ਸੀ ਧਰਤੀ ਉਪਰ, ਕੀ ਕਰਨ ਆਏ, ਇਸ ਪਿੱਛੋਂ ਕਿੱਥੇ ਜਾਵਾਂਗੇ ਮਹਾਰਾਜ? ਸ਼ਿਵਜੀ ਨੇ ਕਿਹਾ-ਤੁਸੀਂ ਅਤੇ ਅਸੀਂ ਹਜ਼ਾਰ ਵਾਰ ਧਰਤੀ 'ਤੇ ਆਏ। ਹਰ ਵਾਰ ਤੁਸੀਂ ਇਹੋ ਸਵਾਲ ਪੁੱਛਿਆ। ਜੋ ਜਵਾਬ ਹਜ਼ਾਰ ਵਾਰ ਪਹਿਲਾਂ ਸੁਣਿਆ ਉਹੋ ਫਿਰ ਸੁਣਾਉਣ ਲੱਗੇ ਹਾਂ। ਐਤਕਾਂ ਧਿਆਨ ਨਾਲ ਸੁਣਨਾ ਨਾਰਦ, ਭੁੱਲਣਾ ਨਾ।ਇਹ ਵਾਕ ਸੁਣਕੇ ਹਿਮਾਦਰੀ ਜੀ ਨੇ ਸੈਂਡਲ ਉਤਾਰੇ, ਨੰਗੇ ਪੈਰ ਮੇਰੇ ਸਾਹਮਣੇ ਹੱਥ ਜੋੜ ਕੇ ਖਲੋ ਗਏ, ਕਿਹਾ- ਮੈਂ ਆਦਮੀ ਹੂੰ ਮਹਾਰਾਜ, ਮੈਂ ਫਿਰ ਭੂਲੂੰਗਾ, ਆਪ ਭਗਵਾਨ ਹੋ, ਆਪ ਕੋ ਫਿਰ ਯਾਦ ਕਰਾਨਾ ਪੜੇਗਾ। ਆਦਮੀ ਬਾਰ-ਬਾਰ ਭੂਲੇਗਾ, ਭਗਵਾਨ ਬਾਰ-ਬਾਰ ਯਾਦ ਕਰਾਏਂਗੇ। ਆਦਮੀ ਔਰ ਭਗਵਾਨ ਮੇਂ ਯਹੀ ਫਰਕ ਤੋ ਹੋਤਾ ਹੈ। ਜਿਸ ਨੂੰ ਚਮਤਕਾਰ ਚੰਗਾ ਨਹੀਂ ਲੱਗਦਾ, ਉਸਨੂੰ ਕਵਿਤਾ ਚੰਗੀ ਨਹੀਂ ਲੱਗਣੀ ਚਾਹੀਦੀ। ਕਵਿਤਾ ਚਮਤਕਾਰ ਦੀ ਪਹਿਲੀ ਪਉੜੀ ਹੈ। ਭਾਈ ਨੰਦ ਲਾਲ ਜੀ ਦੇ ਇਸ ਕਥਨ 'ਚ ਕੀ ਨੁਕਸ ਹੈ?
ਨਾਬੂਦ ਹੇਚ ਨਿਸ਼ਾਨਹਾ ਜ਼ਿ ਆਸਮਾਨੋ ਜ਼ਮੀ
ਕਿ ਸ਼ੌਕਿ ਰੂਏ ਤੂ ਆਵੁਰਦ ਦਰ ਸਜੂਦ ਮਰਾ।
(ਉਦੋਂ ਤਾਂ ਜ਼ਮੀਨ ਅਸਮਾਨ ਦਾ ਨਾਮੋ-ਨਿਸ਼ਾਨ ਨਹੀਂ ਸੀ ਜਦੋਂ ਮੈਂ ਤੁਹਾਨੂੰ ਮਿਲਿਆ ਅਤੇ ਸਿਜਦਾ ਕੀਤਾ ਸੀ।)
ਜਿਸ ਨੂੰ ਮਿੱਥ ਅਤੇ ਚਮਤਕਾਰ ਵਿਚ ਯਕੀਨ ਨਹੀਂ ਉਹ ਅਰਦਾਸ ਕਿਉਂ ਕਰਦਾ ਹੈ? ਅਰਦਾਸ ਕਰਨ ਵਾਲੇ ਪ੍ਰਾਰਥੀ ਨੂੰ ਕਿਸੇ ਚਮਤਕਾਰ ਵਾਪਰਨ ਦੀ ਉਮੀਦ ਹੁੰਦੀ ਹੈ। ਮਿੱਥ ਸਿਰਜਣਾ ਖਤਮ ਨਹੀਂ ਹੋਈ, ਖਤਮ ਹੋਏਗੀ ਵੀ ਨਹੀਂ। ਜਰਖੇਜ਼ ਦਿਲ ਦਿਮਾਗ ਨਵੀਆਂ ਸਾਖੀਆਂ ਘੜ ਰਹੇ ਹਨ। ਜਾਪਾਨੀ ਸ਼ਾਇਰ, ਫਿਲਾਸਫਰ, ਓਕਾਕੁਰਾ ਛੱਬੀ ਸਾਲ ਦੀ ਉਮਰੇ ਆਕਸਫੋਰਡ ਵਿਚ ਫੁੱਲ ਪ੍ਰੋਫੈਸਰ ਨਿਯੁਕਤ ਹੋਇਆ ਸੀ, ਇਹ ਰਿਕਾਰਡ ਅੱਜ ਤਕ ਕਾਇਮ ਹੈ। ਉਸਦੀ ਕਿਤਾਬ ਬੁੱਕ ਆਫ ਟੀਵਿਚ ਇਕ ਅਧਿਆਏ ਫੁੱਲਾਂ ਉੱਪਰ ਹੈ। ਲਿਖਿਆ- ਮਨੁੱਖਾਂ ਨੂੰ, ਧਰਤੀ ਨੂੰ ਫੁੱਲ ਪਿਆਰ ਕਰਨੋਂ ਨਹੀਂ ਹਟਦੇ। ਜਨਮ ਵਕਤ ਫੁੱਲ, ਵਿਆਹ ਵਕਤ ਫੁੱਲ, ਇਹ ਸ਼ੈਦਈ ਤਾਂ ਸਾਡੀਆਂ ਕਬਰਾਂ ਉੱਪਰ ਖਿੜਨੋਂ ਵੀ ਨਹੀਂ ਹਟਦੇ। ਪਰ ਆਦਮੀ? ਆਦਮੀ ਨਿਰੰਤਰ ਇਨ੍ਹਾਂ ਨੂੰ ਤੋੜਦਾ ਉਜਾੜਦਾ ਆਇਆ ਹੈ। ਏਨਾ ਉਜਾੜਾ ਕਿ ਕੁੱਝ ਨਸਲਾਂ ਹਮੇਸ਼ਾ ਲਈ ਧਰਤੀ ਤੋਂ ਅਲੋਪ ਹੋ ਗਈਆਂ। ਸੁਰਗ ਵਿਚ ਪ੍ਰਵਾਸ ਕਰ ਗਈਆਂ ਸ਼ਾਇਦ। ਇਕ ਫੁੱਲ ਧਰਤੀ 'ਤੇ ਰਹਿਣ ਦਾ ਇੱਛੁਕ ਤਾਂ ਸੀ ਪਰ ਡਰਦਾ ਸੀ ਕਿਤੇ ਆਦਮੀ ਨਸਲਕੁਸ਼ੀ ਨਾ ਕਰ ਦਏ। ਉਸਨੇ ਰੱਬ ਅੱਗੇ ਅਰਦਾਸ ਕੀਤੀ, “ਨਿੱਕੇ ਜਿਹੇ ਕੀੜੇ ਨੂੰ, ਮਧੂਮੱਖੀ ਨੂੰ ਤੂੰ ਬਚਾਅ ਕਰਨ ਦੇ ਸਾਧਨ ਦਿੱਤੇ ਪਿਤਾ। ਮਾਰਨ ਲਈ ਡੰਗ ਦਿੱਤੇ, ਦੌੜਨ ਲਈ ਪੈਰ ਦਿੱਤੇ। ਆਪਣੇ ਬਚਾਅ ਲਈ ਮੈਂ ਕੁਝ ਨਹੀਂ ਕਰਨ ਜੋਗਾ। ਮੈਂ ਧਰਤੀ 'ਤੇ ਰਹਿ ਕੇ ਆਦਮੀ ਤੋਂ ਬਚਣਾ ਚਾਹੁੰਦਾ ਹਾਂ। ਦਿਆਲੂ ਹੋ ਕੇ ਮੇਰੀ ਮਦਦ ਕਰ ਪਿਤਾ। ਅਰਦਾਸ ਮਨਜ਼ੂਰ ਕਰਦਿਆਂ ਰੱਬ ਨੇ ਉਸਨੂੰ ਨਿੱਕੇ-ਨਿੱਕੇ ਦੋ ਖੰਭ ਦੇ ਦਿੱਤੇ। ਫੁੱਲ, ਤਿਤਲੀ ਬਣ ਕੇ ਉਡਣ ਲੱਗਾ।
ਧਾਰਮਿਕ ਬੰਦਿਆਂ ਨੂੰ ਸਾਖੀ ਕਿਉਂ ਚੰਗੀ ਲੱਗਦੀ ਹੈ? ਬਚਪਨ ਵਿਚ ਜਿੰਨ, ਪਰੀ, ਰਾਜਕੁਮਾਰ, ਰਾਜੇ ਰਾਣੀਆਂ ਦੀਆਂ ਲੋਕ ਕਹਾਣੀਆਂ ਚੰਗੀਆਂ ਲੱਗਦੀਆਂ ਹਨ। ਧਾਰਮਿਕ ਬੰਦੇ ਦਾ ਇਕ ਪਰਿਵਾਰ ਹੁੰਦਾ ਹੈ, ਵੱਡਾ ਪਰਿਵਾਰ, ਸਾਂਝੇ ਵਿਸ਼ਵਾਸਾਂ ਵਾਲਾ ਪਰਿਵਾਰ। ਉਸ ਪਰਿਵਾਰ ਵਿਚਲਾ ਪੈਗੰਬਰ ਪਿਤਾ ਹੈ ਬਾਕੀ ਸਾਰੇ ਉਸਦੇ ਬੱਚੇ। ਧਰਮ ਦੀ ਗੱਲ ਕਰਦਿਆਂ ਸੁਣਦਿਆਂ ਵਕਤੇ ਸਰੋਤੇ ਸਾਰੇ ਬੱਚੇ ਹੋ ਜਾਂਦੇ ਹਨ ਤੇ ਕਿਸੇ ਪਰੀ ਦੇਸ਼ ਵਿਚ ਜਾ ਪੁੱਜਦੇ ਹਨ। ਉਸ ਦੇਸ਼ ਵਿਚ ਕਰਾਮਾਤਾਂ ਹੀ ਕਰਾਮਾਤਾਂ ਹਨ, ਸਿਰਫ ਕਰਾਮਾਤਾਂ ਸੱਚ ਹਨ ਬਾਕੀ ਸਭ ਝੂਠ।
ਸੀਨਾ ਬਸੀਨਾ ਜਨਮ ਸਾਖੀਆਂ ਜ਼ਬਾਨੀ ਕਲਾਮੀ ਤੁਰਦੀਆਂ ਰਹੀਆਂ, ਇਨ੍ਹਾਂ ਨੂੰ ਲਿਖਤੀ ਰੂਪ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਦਿ ਗ੍ਰੰਥ ਦੀ ਬੀੜ ਬੰਨ੍ਹਣ ਪਿੱਛੋਂ ਮਿਲਿਆ। ਸਾਖੀ ਗੁਰੂ ਨਾਨਕ ਦੇਵ ਦੀ ਚਲ ਰਹੀ ਹੁੰਦੀ ਹੈ, ਜਿਹੜਾ ਸ਼ਬਦ ਗਾਇਨ ਕਰ ਰਹੇ ਦਿਖਾਏ ਜਾਂਦੇ ਹਨ ਉਹ ਚੌਥੀ ਜਾਂ ਪੰਜਵੀਂ ਪਾਤਸ਼ਾਹੀ ਦਾ ਹੈ। ਸਾਖੀਕਾਰ ਇਸ ਗੱਲੋਂ ਅਣਜਾਣ ਨਹੀਂ ਕਿ ਉਸਨੂੰ ਪਤਾ ਨਾ ਹੋਏ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਦਾ ਸ਼ਬਦ ਕਿਵੇਂ ਗਾ ਸਕਦੇ ਹਨ। ਸ਼ਬਦ ਦੇ ਪਿੱਛੇ ਉਹ ਖੁਦ ਮਹਲਾ ਚੌਥਾ, ਪੰਜਵਾਂ ਲਿਖ ਰਿਹਾ ਹੈ। ਉਸ ਵਾਸਤੇ ਪਹਿਲੀ ਤੇ ਪੰਜਵੀਂ ਪਾਤਸ਼ਾਹੀ ਵਿਚ ਕੋਈ ਫਰਕ ਹੀ ਨਹੀਂ। ਉਸ ਲਈ ਤਾਂ ਉਹ ਗੱਲ ਮਹੱਤਵਪੂਰਨ ਹੈ ਜੋ ਉਸ ਨੇ ਸੰਚਾਰਿਤ ਕਰਨੀ ਹੈ।
ਸਾਹਿਤ ਆਲੋਚਕਾਂ ਨੇ ਦੱਸਿਆ ਕਿ ਕਵਿਤਾ ਜਜ਼ਬਾਤੀ ਵਿਧਾ ਹੁੰਦੀ ਹੈ ਵਾਰਤਕ ਬੌਧਿਕ, ਤਰਕ-ਸੰਗਤ। ਜਿਹੜੇ ਵਿਦਵਾਨ ਗੁਰਬਾਣੀ ਨੂੰ ਕਾਵਿ ਮੰਨਦੇ ਰਹੇ ਉਹ ਇਸੇ ਤਰਕ ਉਪਰ ਗਲਤ ਹੋ ਗਏ। ਗੁਰਬਾਣੀ ਜਜ਼ਬਾਤੀ ਕਵਿਤਾ ਨਹੀਂ, ਇਸ ਵਿਚ ਧਰਮ-ਸ਼ਾਸਤਰ ਅਤੇ ਫਲਸਫੇ ਦੀ ਸਿਰਜਣਾ ਹੋਈ ਹੈ। ਮੁਕਾਬਲਤਨ ਜਨਮ-ਸਾਖੀਆਂ ਵਿਚ ਅਨੇਕ ਜਜ਼ਬਾਤੀ ਅਹਿਸਾਸਾਂ ਦਾ ਪ੍ਰਗਟਾਵਾ ਹੋਇਆ ਹੈ। ਨਮੂਨੇ ਵਜੋਂ ਅਸੀਂ ਰਾਇ ਬੁਲਾਰ ਖਾਨ ਸਾਹਿਬ ਅਤੇ ਭਾਈ ਮਰਦਾਨਾ ਜੀ ਦੀਆਂ ਸਾਖੀਆਂ ਦਿੱਤੀਆਂ ਹਨ।
-ਡਾ. ਹਰਪਾਲ ਸਿੰਘ ਪੰਨੂ
9464251454
ਅੱਜ ਦੇ ਰਾਸ਼ੀਫਲ 'ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ
NEXT STORY