ਜਲੰਧਰ (ਵਰੁਣ)–ਬਿਜਲੀ ਦੇ ਸਮਾਰਟ ਸਵਿੱਚ ਬਣਾਉਣ ਵਾਲੀਆਂ 2 ਕੰਪਨੀਆਂ ਦੇ ਮਾਲਕ ਨੂੰ ਈ. ਡੀ. ਵਿਚ ਸ਼ਿਕਾਇਤ ਜਾਣ ਦਾ ਡਰਾਵਾ ਦੇ ਕੇ 11.50 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿਚ ਈ. ਡੀ. ਦੇ ਕਰਮਚਾਰੀ, ਵਿਦੇਸ਼ੀ ਕੰਪਨੀ ਦੇ ਮਾਲਕ, ਪੀੜਤ ਦੇ ਪਾਰਟਨਰ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਫਿਲਹਾਲ ਕਿਸੇ ਦੀ ਵੀ ਅਜੇ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ, ਜਦਕਿ ਈ. ਡੀ. ਦਾ ਕਰਮਚਾਰੀ ਕੇਸ ਦਰਜ ਹੋਣ ਤੋਂ ਬਾਅਦ ਮੈਡੀਕਲ ਲੀਵ ’ਤੇ ਚਲਾ ਗਿਆ ਹੈ।
ਮਾਡਲ ਹਾਊਸ ਨਿਵਾਸੀ ਮੋਨਿਕ ਸਲਹੋਤਰਾ ਪੁੱਤਰ ਹਰਿੰਦਰ ਸਲਹੋਤਰਾ ਨੇ ਦੱਸਿਆ ਕਿ ਉਹ ਖਾਂਬਰਾ ਵਿਚ ਈ. ਬੀ. ਟੀ. ਐੱਲ. ਪ੍ਰਾਈਵੇਟ ਲਿਮਟਿਡ ਅਤੇ ਲਿਗੈਰੋ ਸਿਸਟਮ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾਉਂਦੇ ਹਨ। ਈ. ਬੀ. ਟੀ. ਐੱਲ. ਪ੍ਰਾਈਵੇਟ ਲਿਮਟਿਡ ਬਿਜਲੀ ਦੇ ਸਮਾਰਟ ਸਵਿੱਚ ਬਣਾਉਂਦੀ ਹੈ, ਜਦਕਿ ਲਿਗੈਰੋ ਸਿਸਟਮ ਪ੍ਰਾਈਵੇਟ ਲਿਮਟਿਡ ਮਾਰਕੀਟਿੰਗ ਕਰਕੇ ਸਵਿੱਚ ਵੇਚਣ ਦਾ ਕੰਮ ਕਰਦੀ ਹੈ। ਈ. ਬੀ. ਟੀ. ਐੱਲ. ਪ੍ਰਾਈਵੇਟ ਲਿਮਟਿਡ ਵਿਚ ਉਸ ਦੀ ਭੈਣ ਦੇ 90 ਫ਼ੀਸਦੀ ਸ਼ੇਅਰ ਹਨ। ਲਿਗੈਰੋ ਸਿਸਟਮ ਪ੍ਰਾਈਵੇਟ ਲਿਮਟਿਡ ਵਿਚ ਉਸ ਦੇ ਖ਼ੁਦ ਦੇ 50 ਫ਼ੀਸਦੀ ਸ਼ੇਅਰ ਅਤੇ ਰਾਜਬੀਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਗਰੀਨ ਮਾਡਲ ਟਾਊਨ ਨਾਲ 50 ਫ਼ੀਸਦੀ ਦੀ ਹਿੱਸੇਦਾਰੀ ਹੈ। ਉਨ੍ਹਾਂ ਦੀ ਕੰਪਨੀ ਵਿਚ ਰਾਜਬੀਰ ਸਿੰਘ ਦੇ ਮਾਮੇ ਦਾ ਬੇਟਾ ਪਰਮਵੀਰ ਸਿੰਗ ਪੁੱਤਰ ਅਮਰਜੀਤ ਸਿੰਘ ਨਿਵਾਸੀ ਖਟੀਕਾ ਮੁਹੱਲਾ ਕਰਤਾਰਪੁਰ ਸੀ. ਏ. ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
ਮੋਨਿਕ ਨੇ ਕਿਹਾ ਕਿ ਉਸ ਦਾ ਪਾਰਟਨਰ ਅਤੇ ਡਾਇਰੈਕਟਰ ਰਾਜਬੀਰ ਸਿੰਘ ਫਰਵਰੀ 2020 ਵਿਚ ਯੂ. ਐੱਸ. ਏ. ਦੀ ਜੇ. ਐਂਡ ਐੱਮ. ਆਟੋਮੇਸ਼ਨ ਕੰਪਨੀ ਦਾ ਕਾਂਟਰੈਕਟ ਲੈ ਕੇ ਆਇਆ ਸੀ। ਕੰਪਨੀ ਦਾ ਮਾਲਕ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਗਰੀਨ ਮਾਡਲ ਟਾਊਨ ਹੈ, ਜੋ ਯੂ. ਐੱਸ. ਏ. ਵਿਚ ਹੀ ਰਹਿੰਦਾ ਹੈ। 4 ਫਰਵਰੀ 2020 ਵਿਚ ਉਨ੍ਹਾਂ ਦੀ ਕੰਪਨੀ ਨੇ ਜੇ. ਐਂਡ ਐੱਮ. ਆਟੋਮੇਸ਼ਨ ਕੰਪਨੀ ਨਾਲ ਐਗਰੀਮੈਂਟ ਕੀਤਾ ਕਿ ਉਹ ਕੰਪਨੀ ਲਈ ਸਵਿੱਚ ਤਿਆਰ ਕਰੇਗੀ, ਜਿਸ ਦੇ ਲਈ ਵਿਦੇਸ਼ੀ ਕੰਪਨੀ ਨੇ ਮੋਨਿਕ ਦੀ ਕੰਪਨੀ ਨੂੰ 25 ਹਜ਼ਾਰ ਡਾਲਰ ਅਦਾ ਕਰਨੇ ਸਨ। ਐਗਰੀਮੈਂਟ ਅਨੁਸਾਰ 12500 ਡਾਲਰ ਵਿਦੇਸ਼ੀ ਕੰਪਨੀ ਨੇ ਮੋਨਿਕ ਦੀ ਕੰਪਨੀ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਬਾਕੀ ਪੈਸੇ ਮਾਲ ਪਹੁੰਚਣ ’ਤੇ ਅਦਾ ਕੀਤੇ ਜਾਣੇ ਸਨ।
ਇਸੇ ਦੌਰਾਨ ਕੋਰੋਨਾ ਕਾਲ ਕਾਰਨ ਕੰਮ ਬੰਦ ਹੋ ਗਏ ਅਤੇ ਉਹ ਮਾਲ ਵਿਦੇਸ਼ ਨਹੀਂ ਭੇਜ ਸਕੇ। ਮੋਨਿਕ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਜੇ. ਐਂਡ ਐੱਮ. ਆਟੋਮੇਸ਼ਨ ਕੰਪਨੀ ਵੱਲੋਂ ਐਗਰੀਮੈਂਟ ਰੱਦ ਕਰਨ ਦੀ ਈਮੇਲ ਆਈ ਪਰ ਉਨ੍ਹਾਂ 19 ਹਜ਼ਾਰ ਡਾਲਰ ਦਾ ਮਾਲ ਤਿਆਰ ਕਰਵਾ ਦਿੱਤਾ ਸੀ। ਜੇ. ਐਂਡ ਐੱਮ. ਆਟੋਮੇਸ਼ਨ ਕੰਪਨੀ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਰ ਮੋਨਿਕ ਨੇ ਮਾਲ ਭੇਜਣ ਦਾ ਪੱਖ ਰੱਖਿਆ। ਉਸ ਤੋਂ ਬਾਅਦ ਦੋਵਾਂ ਕੰਪਨੀਆਂ ਵਿਚ ਕੋਈ ਗੱਲ ਨਹੀਂ ਹੋਈ।
ਫਰਵਰੀ 2020 ਨੂੰ ਮੋਨਿਕ ਦੇ ਪਾਰਟਨਰ ਰਾਜਬੀਰ ਸਿੰਘ ਨੇ ਆ ਕੇ ਉਸਨੂੰ ਦੱਸਿਆ ਕਿ ਜੇ. ਐਂਡ ਐੱਮ. ਆਟੋਮੇਸ਼ਨ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਨੇ ਉਨ੍ਹਾਂ ਦੀ ਸ਼ਿਕਾਇਤ ਈ. ਡੀ. ਨੂੰ ਕਰ ਦਿੱਤੀ ਹੈ। ਮੋਨਿਕ ਨੇ ਰਾਜਬੀਰ ਸਿੰਘ ਦੀ ਗੱਲ ਨੂੰ ਕੋਈ ਭਾਅ ਨਹੀਂ ਦਿੱਤਾ। ਫਿਰ ਰਾਜਬੀਰ ਕਹਿਣ ਲੱਗਾ ਕਿ ਉਸਨੂੰ ਈ. ਡੀ. ਦੇ ਕਰਮਚਾਰੀ ਰਵਿੰਦਰ ਕੁਮਾਰ (ਸੁਪਰਡੈਂਟ ਦਫਤਰ ਪ੍ਰਿੰਸੀਪਲ ਆਫ ਕਮਿਸ਼ਨਰ ਚੇਨਈ ਆਫ ਜੀ. ਐੱਸ. ਟੀ. ਐਂਡ ਸ਼ੈਟਲਰ ਐਕਸਾਈਜ਼) ਨਿਵਾਸੀ ਰੋਹਤਕ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਮੋਨਿਕ ਦੀ ਪਤਨੀ ਦੇ ਮੋਬਾਇਲ ’ਤੇ ਵ੍ਹਟਸਐਪ ਕਾਲ ਆਈ, ਜਿਸ ’ਤੇ ਗੱਲ ਕਰਨ ਵਾਲੇ ਨੇ ਰਵਿੰਦਰ ਨਾਲ ਗੱਲ ਕਰਨ ਲਈ ਕਿਹਾ।
ਇਹ ਵੀ ਪੜ੍ਹੋ : '0' ਬਿਜਲੀ ਬਿੱਲ ਤੋਂ 62 ਹਜ਼ਾਰ ਤੱਕ ਪੁੱਜੇ ਬਿੱਲ ਨੂੰ ਵੇਖ ਕਿਸਾਨ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਹੈਰਾਨ ਕਰੇਗਾ ਮਾਮਲਾ
ਮੋਨਿਕ ਨੇ ਰਾਜਬੀਰ ਸਿੰਘ ਨਾਲ ਗੱਲ ਕੀਤੀ ਤਾਂ 1 ਮਾਰਚ 2022 ਨੂੰ ਹੀਟ ਸੈਵਨ ਰੈਸਟੋਰੈਂਟ ਦੇ ਬਾਹਰ ਰਵਿੰਦਰ ਕੁਮਾਰ ਨਾਲ ਮਿਲਵਾਉਣ ਲੈ ਗਿਆ। ਰਵਿੰਦਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਜੇਕਰ ਉਹ ਮਾਮਲਾ ਸੈਟਲ ਕਰਨਾ ਚਾਹੁੰਦੇ ਹਨ ਤਾਂ ਕਿਸੇ ਸੀ. ਏ. ਨਾਲ ਗੱਲ ਕਰਨ। ਮੋਨਿਕ ਨੇ ਰਾਜਬੀਰ ਸਿੰਘ ਦੇ ਮਾਮੇ ਦੇ ਬੇਟੇ ਪਰਮਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਈ. ਡੀ. ਦੇ ਕੇਸ ਹੈਂਡਲ ਕਰਨ ਵਾਲਾ ਸੀ. ਏ. ਹੀ ਕੁਝ ਕਰ ਸਕਦਾ ਹੈ। ਫਿਰ ਉਕਤ ਲੋਕਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੋਨਿਕ ਦੀ ਮੁਲਾਕਾਤ ਅਰਸ਼ਦੀਪ ਸਿੰਘ ਗਰੋਵਰ ਪੁੱਤਰ ਕਮਲਦੀਪ ਸਿੰਘ ਗਰੋਵਰ ਨਿਵਾਸੀ ਈ. ਬੀ. ਆਰ. ਐੱਸ. ਨਗਰ ਲੁਧਿਆਣਾ ਨਾਲ ਕਰਵਾਈ। ਅਰਸ਼ਦੀਪ ਨੇ ਹਾਮੀ ਭਰਦਿਆਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਈ. ਡੀ. ਦੇ ਕੇਸ ਦੇਖ ਰਿਹਾ ਹੈ ਅਤੇ ਸੈਟਲ ਕਰਨ ਲਈ ਇਕ ਲੱਖ ਰੁਪਏ ਦਾ ਖਰਚਾ ਆਵੇਗਾ।
ਪੀੜਤ ਨੇ ਕਿਹਾ ਕਿ 5 ਮਾਰਚ 2022 ਨੂੰ ਰਾਜਬੀਰ ਸਿੰਘ ਨੇ ਉਸ ਨੂੰ ਮਾਡਲ ਟਾਊਨ ਬੁਲਾਇਆ, ਜਿੱਥੇ ਪਰਮਵੀਰ ਸਿੰਘ ਅਤੇ ਅਰਸ਼ਦੀਪ ਪਹਿਲਾਂ ਤੋਂ ਹੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੇਸ ਖ਼ਤਮ ਕਰਨ ਲਈ ਪਹਿਲਾਂ ਯੂ. ਐੱਸ. ਏ. ਵਾਲੀ ਕੰਪਨੀ ਦੇ ਪੈਸੇ ਦੇਣੇ ਹੋਣਗੇ, ਜਿਸ ਤੋਂ ਬਾਅਦ ਰਵਿੰਦਰ ਨਾਲ 4 ਲੱਖ ਰੁਪਏ ਵਿਚ ਸੈਟਿੰਗ ਕੀਤੀ ਜਾਵੇਗੀ। 9 ਮਾਰਚ 2022 ਨੂੰ ਗੋਲਡ ਲੋਨ ਲੈ ਕੇ ਰਾਜਬੀਰ ਸਿੰਘ ਦੇ ਸਾਹਮਣੇ ਮੋਨਿਕ ਨੇ ਸੀ. ਏ. ਅਰਸ਼ਦੀਪ ਸਿੰਘ ਨੂੰ ਇਕ ਲੱਖ ਰੁਪਏ ਦਿੱਤੇ। ਫਿਰ 2 ਲੱਖ ਰੁਪਏ ਰਾਜਬੀਰ ਸਿੰਘ ਨੂੰ ਦਿੱਤੇ ਗਏ। 27 ਮਾਰਚ ਨੂੰ ਰਾਜਬੀਰ ਦੇ ਦਬਾਅ ਵਿਚ ਆਉਣ ਤੋਂ ਬਾਅਦ ਮੋਨਿਕ ਨੇ ਗਗਨਦੀਪ ਸਿੰਘ ਦੇ ਭਰਾ ਦੀਪੇਂਦਰ ਸਿੰਘ ਨੂੰ ਕਿਸ਼ਤਾਂ ਵਿਚ 6.50 ਲੱਖ ਰੁਪਏ 12500 ਡਾਲਰ ਦੇ ਦਿੱਤੇ ਜੋ ਐਡਵਾਂਸ ਵਿਚ ਲਏ ਗਏ ਸਨ।
ਦੀਪੇਂਦਰ ਸਿੰਘ ਨੇ ਲਿਖਤੀ ਐਗਰੀਮੈਂਟ ਦਿੱਤਾ ਕਿ ਪੈਸੇ ਮਿਲਣ ’ਤੇ ਉਹ ਈ. ਡੀ. ਵਿਚ ਦਿੱਤੀ ਗਈ ਸ਼ਿਕਾਇਤ ਨੂੰ ਵਾਪਸ ਲੈ ਲੈਣਗੇ। 25 ਅਪ੍ਰੈਲ 2022 ਨੂੰ ਈ. ਡੀ. ਨੂੰ ਸ਼ਿਕਾਇਤ ਬੰਦ ਕਰਵਾਉਣ ਦਾ ਡਰਾਵਾ ਦੇ ਕੇ ਰਾਜਬੀਰ ਸਿੰਘ ਨੇ ਅਰਸ਼ਦੀਪ ਸਿੰਘ ਨੂੰ 60 ਹਜ਼ਾਰ ਰੁਪਏ ਦਿਵਾਏ, ਜਦੋਂ ਕਿ 13 ਜੁਲਾਈ 2022 ਨੂੰ ਦੁਬਾਰਾ 40 ਹਜ਼ਾਰ ਰੁਪਏ ਬੈਂਕ ਵਿਚ ਟਰਾਂਸਫਰ ਕੀਤੇ ਗਏ।
ਮੋਨਿਕ ਨੇ ਕਿਹਾ ਕਿ ਰਾਜਬੀਰ ਉਸ ਕੋਲੋਂ ਲਗਾਤਾਰ ਈ. ਡੀ. ਦਾ ਡਰਾਵਾ ਦੇ ਕੇ ਪੈਸੇ ਮੰਗ ਰਿਹਾ ਸੀ, ਜਿਸ ’ਤੇ ਸ਼ੱਕ ਹੋਇਆ ਤਾਂ ਉਹ ਖ਼ੁਦ ਈ. ਡੀ. ਦਫ਼ਤਰ ਪੁੱਜਾ। ਜਿੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸ ਖ਼ਿਲਾਫ਼ ਕੋਈ ਸ਼ਿਕਾਇਤ ਹੀ ਨਹੀਂ ਹੈ।
ਇਹ ਵੀ ਪੜ੍ਹੋ : ਪਿਤਾ ਦੀ ਮੌਤ ’ਤੇ ਅੰਤਿਮ ਅਰਦਾਸ ’ਚ ਆਇਆ ਕੈਦੀ ਹੋਇਆ ਫਰਾਰ, ਪੁਲਸ ਨੂੰ ਪਈਆਂ ਭਾਜੜਾਂ
ਸੀ. ਐੱਮ. ਦੇ ਪੋਰਟਲ ’ਤੇ ਸ਼ਿਕਾਇਤ ਦੇਣ ’ਤੇ ਦਰਜ ਹੋਈ ਐੱਫ਼. ਆਈ. ਆਰ.
ਮੋਨਿਕ ਨਾਲ 11.50 ਲੱਖ ਰੁਪਏ ਦੀ ਈ. ਡੀ. ਦੇ ਨਾਂ ’ਤੇ ਠੱਗੀ ਹੋ ਗਈ। ਉਸਨੇ ਇਸ ਸਬੰਧੀ ਸੀ. ਐੱਮ. ਮਾਨ ਦੇ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਤਾਂ ਵਿਜੀਲੈਂਸ ਦੀ ਟੀਮ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਜੇ. ਐਂਡ ਐੱਮ. ਆਟੋਮੇਸ਼ਨ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਗਰੀਨ ਮਾਡਲ ਟਾਊਨ, ਉਸ ਦੇ ਭਰਾ ਦੀਪੇਂਦਰ ਸਿੰਘ, ਪਾਰਟਨਰ ਰਾਜਬੀਰ ਸਿੰਘ ਅਤੇ ਪਰਮਵੀਰ ਸਿੰਘ ਅਤੇ ਸੀ. ਏ. ਅਰਸ਼ਦੀਪ ਸਿੰਘ ਸਮੇਤ ਈ. ਡੀ. ਕਰਮਚਾਰੀ ਰਵਿੰਦਰ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਕੁਝ ਮੁਲਜ਼ਮਾਂ ਨੇ ਜ਼ਮਾਨਤ ਦੀ ਅਰਜ਼ੀ ਵੀ ਲਾਈ ਹੋਈ ਹੈ।
ਰਾਜਬੀਰ ਨੇ ਗੁਆਂਢੀ ਗਗਨਦੀਪ ਸਿੰਘ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼
ਇਹ ਸਾਜ਼ਿਸ਼ ਮੋਨਿਕ ਦੇ ਪਾਰਟਨਰ ਰਾਜਬੀਰ ਸਿੰਘ ਨੇ ਆਪਣੇ ਗੁਆਂਢ ਵਿਚ ਰਹਿੰਦੇ ਗਗਨਦੀਪ ਸਿੰਘ ਨਾਲ ਮਿਲ ਕੇ ਰਚੀ ਸੀ। ਰਾਜਬੀਰ ਸਿੰਘ ਨੇ ਹੀ ਗਗਨਦੀਪ ਸਿੰਘ ਨਾਲ ਮੋਨਿਕ ਦੀ ਗੱਲ ਕਰਵਾਈ ਸੀ, ਜਿਸ ਤੋਂ ਬਾਅਦ ਇਕ ਸਾਜ਼ਿਸ਼ ਤਹਿਤ ਹੀ ਐਗਰੀਮੈਂਟ ਹੋਇਆ ਅਤੇ ਬਾਅਦ ਵਿਚ ਈ. ਡੀ. ਵਿਚ ਝੂਠੀ ਸ਼ਿਕਾਇਤ ਦਾ ਡਰਾਵਾ ਦੇ ਕੇ 11.50 ਲੱਖ ਰੁਪਏ ਦੀ ਠੱਗੀ ਮਾਰੀ ਗਈ।
2-2 ਕੰਪਨੀਆਂ ਦਾ ਮਾਲਕ ਹੁਣ ਕਰ ਰਿਹੈ ਪ੍ਰਾਈਵੇਟ ਨੌਕਰੀ
ਮੋਨਿਕ ਸਲਹੋਤਰਾ ਕੁਝ ਸਮਾਂ ਪਹਿਲਾਂ 2-2 ਕੰਪਨੀਆਂ ਦਾ ਮਾਲਕ ਸੀ ਪਰ ਇਸ ਫਰਾਡ ਤੋਂ ਬਾਅਦ ਉਸ ਨੂੰ ਇੰਨਾ ਨੁਕਸਾਨ ਹੋਇਆ ਕਿ ਦੋਵੇਂ ਕੰਪਨੀਆਂ ਬੰਦ ਕਰ ਕੇ ਉਹ ਹੁਣ ਗੁਰੂਗ੍ਰਾਮ ਵਿਚ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ। ਮੋਨਿਕ ਇਸ ਸਮੇਂ ਸਮਾਰਟ ਵਾਚ ਬਣਾਉਣ ਵਾਲੀ ਕੰਪਨੀ ਵਿਚ ਕੰਮ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਜਿਨ੍ਹਾਂ ਕਾਰਨ ਉਨ੍ਹਾਂ ਦਾ ਕਰੀਅਰ ਖ਼ਤਮ ਹੋ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਵਾਂਸ਼ਹਿਰ 'ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਕੇ 'ਤੇ ਮੌਤ, ਨਵੀਂ ਕਾਰ ਖ਼ਰੀਦ ਕੇ ਜਾ ਰਹੇ ਸਨ ਅੰਮ੍ਰਿਤਸਰ
NEXT STORY