ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੌਰਾਨ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਸ਼ਾਮਲ 2 ਹੋਰ ਸ਼ਾਤਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਸੀ. ਆਈ. ਏ. ਸਟਾਫ਼ ਦੇ ਕਰਮਚਾਰੀਆਂ ਨੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਰੇਲਵੇ ਫਾਟਕ ਸਿੰਗਡ਼ੀਵਾਲਾ ਦੇ ਕੋਲ ਇਕ ਫੋਰਡ ਫੀਗੋ ਕਾਰ ਨੰ. ਪੀ. ਬੀ. 65-ਆਰ-5095, ਜੋ ਜਲੰਧਰ ਤੋਂ ਹੁਸ਼ਿਆਰਪੁਰ ਆ ਰਹੀ ਸੀ, ਦੀ ਚੈਕਿੰਗ ਦੌਰਾਨ 2 ਵਿਅਕਤੀਆਂ ਨਰੇਸ਼ ਕੁਮਾਰ ਉਰਫ ਚੰਨਣ ਪੁੱਤਰ ਸੁਖਦੇਵ ਲਾਲ ਵਾਸੀ ਰਵਿਦਾਸ ਨਗਰ ਹੁਸ਼ਿਆਰਪੁਰ ਤੇ ਕਮਲਪ੍ਰੀਤ ਸਿੰਘ ਉਰਫ ਕਮਲ ਪੁੱਤਰ ਸਤਨਾਮ ਸਿੰਘ ਵਾਸੀ ਬਸੰਤ ਵਿਹਾਰ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਕਾਰ ਚੋਰੀ ਦੀ ਤਾਂ ਨਹੀਂ।
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਲੁੱਟ-ਖੋਹ ਦੀਆਂ ਘਟਨਾਵਾਂ ਕਰਨ ਦੀ ਗੱਲ ਮੰਨੀ। ਦੋਵੇਂ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹੈਰੀ ਉਰਫ ਚੀਨੂੰ ਵਾਸੀ ਭਦਰਾਣਾ ਥਾਣਾ ਮਾਹਿਲਪੁਰ ਤੇ ਜਤਿੰਦਰ ਉਰਫ ਪਟਵਾਰੀ ਨਾਲ ਮਿਲ ਕੇ 7 ਫਰਵਰੀ 2018 ਨੂੰ ਹੁਸ਼ਿਆਰਪੁਰ ਸ਼ਹਿਰ ਦੇ ਬਾਹਰੀ ਇਲਾਕੇ ਕੁਸ਼ਟ ਕਾਲੋਨੀ ਦੇ ਕੋਲ ਆਡ਼੍ਹਤੀਆਂ ਕੋਲੋਂ ਹਥਿਆਰਾਂ ਦੀ ਨੋਕ ’ਤੇ ਲੱਖਾਂ ਰੁਪਏ ਦੀ ਰਾਸ਼ੀ ਲੁੱਟ ਲਈ ਸੀ। ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 3 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਇਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਅਦਾਲਤ ਨੇ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।
ਇਹ ਵੀ ਕੇਸ ਹਨ ਦਰਜ : ਐੱਸ. ਐੱਸ. ਪੀ. ਨੇ ਦੱਸਿਆ ਕਿ ਨਰੇਸ਼ ਕੁਮਾਰ ਚੰਨਣ ਤੇ ਕਮਲਪ੍ਰੀਤ ਸਿੰਘ ਕਮਲ ਦੇ ਖਿਲਾਫ਼ ਥਾਣਾ ਸਿਟੀ ਵਿਚ 19 ਅਗਸਤ 2015 ਨੂੰ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ’ਚ ਧਾਰਾ 307, 326, 324, 323, 148, 149 ਤੇ ਅਸਲਾ ਐਕਟ ਦੀ ਧਾਰਾ 25-54-59, ਥਾਣਾ ਸਦਰ ਵਿਚ 22 ਦਸੰਬਰ 2016 ਨੂੰ ਧਾਰਾ 307, 323, 324, 379-ਬੀ ਅਤੇ ਥਾਣਾ ਸਿਟੀ ’ਚ 23 ਜੁਲਾਈ 2017 ਨੂੰ ਧਾਰਾ 307 ਤੇ ਅਸਲਾ ਐਕਟ ਤਹਿਤ ਪਹਿਲਾਂ ਹੀ ਕੇਸ ਦਰਜ ਹਨ। ਇਨ੍ਹਾਂ ਕੇਸਾਂ ਵਿਚੋਂ ਦੋਵਾਂ ਨੂੰ ਅਦਾਲਤ ਨੇ ਭਗੌਡ਼ੇ ਐਲਾਨਿਆ ਹੋਇਆ ਹੈ। ਕਮਲਪ੍ਰੀਤ ਸਿੰਘ ਕਮਲ ਥਾਣਾ ਮਾਹਿਲਪੁਰ ’ਚ 9 ਨਵੰਬਰ 2018 ਨੂੰ ਧਾਰਾ 307, 353, 186 ਤੇ ਅਸਲਾ ਐਕਟ ਤਹਿਤ ਪੁਲਸ ਪਾਰਟੀ ’ਤੇ ਹਮਲਾ ਕਰਨ ਦੀ ਘਟਨਾ ’ਚ ਸ਼ਾਮਲ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਕੇਸ ਵਿਚ ਕਮਲਪ੍ਰੀਤ ਸਿੰਘ ਉਰਫ ਕਮਲ ਨੇ ਅਜੇ ਕੁਮਾਰ ਲੱਕੀ ਪੁੱਤਰ ਲਾਲ ਸਿੰਘ ਵਾਸੀ ਪਿੰਡ ਮੰਨਣ, ਮਨੀ ਵਾਸੀ ਮੰਨਣ, ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਚੱਬੇਵਾਲ ਤੇ ਜਗਦੀਪਕ ਸਿੰਘ ਉਰਫ ਜੱਗਾ ਵਾਸੀ ਰਾਜਪੁਰ ਭਾਈਆਂ ਦੇ ਨਾਲ ਮਿਲ ਕੇ ਪਚਨੰਗਲਾਂ ਪਿੰਡ ਦੇ ਕੋਲ ਪੁਲਸ ਪਾਰਟੀ ’ਤੇ ਫਾਇਰਿੰਗ ਕੀਤੀ ਸੀ। ਇਸ ਘਟਨਾ ਵਿਚ ਅਜੇ ਕੁਮਾਰ ਲੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਬਾਕੀ ਦੋਸ਼ੀਆਂ ਦੀ ਪੁਲਸ ਭਾਲ ਕਰ ਰਹੀ ਹੈ।
ਐੱਫ. ਸੀ. ਆਈ. ਮੁਲਾਜ਼ਮਾਂ ਦੀ ਹੜਤਾਲ ਕਾਰਨ ਕੰਮਕਾਜ ਰਿਹਾ ਠੱਪ
NEXT STORY