ਜਲੰਧਰ(ਵਰੁਣ): ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਐੱਮ. ਐੱਮ. ਹਸਪਤਾਲ 'ਚੋਂ ਚੋਰੀ ਕੀਤੀ ਐਕਟਿਵਾ 'ਤੇ ਜਾ ਰਹੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮੁਲਜ਼ਮ ਪੇਸ਼ੇਵਰ ਵਾਹਨ ਚੋਰ ਹਨ, ਜਿਹੜੇ ਵਾਹਨਾਂ ਦੇ ਹੈਂਡਲ ਲਾਕ ਤੋੜਨ 'ਚ ਮਾਹਿਰ ਹਨ। ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ ਹੋਰ ਵਾਹਨ ਵੀ ਮਿਲੇ ਹਨ। ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ. ਮਨਜੀਤ ਰਾਮ ਨੇ ਲੰਮਾ ਪਿੰਡ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਐਕਟਿਵਾ 'ਤੇ ਆ ਰਹੇ 2 ਨੌਜਵਾਨ ਨਾਕਾ ਦੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਸ਼ੱਕ ਪੈਣ 'ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਨੌਜਵਾਨਾਂ ਕੋਲੋਂ ਜਦੋਂ ਐਕਟਿਵਾ ਦੇ ਕਾਗਜ਼ਾਤ ਮੰਗੇ ਗਏ ਤਾਂ ਉਹ ਘਬਰਾ ਗਏ। ਉਨ੍ਹਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਉਕਤ ਐਕਟਿਵਾ ਐੱਮ. ਐੱਮ. ਹਸਪਤਾਲ 'ਚੋਂ ਚੋਰੀ ਕੀਤੀ ਸੀ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਪੰਕਜ ਉਰਫ ਮੋਟਾ ਪੁੱਤਰ ਸੁਰਿੰਦਰ ਕੁਮਾਰ ਅਤੇ ਸ਼ੁਭਮ ਉਰਫ ਬੰਟੀ ਪੁੱਤਰ ਅਸ਼ੋਕ ਕੁਮਾਰ ਦੋਵੇਂ ਨਿਵਾਸੀ ਕਾਜ਼ੀ ਮੁਹੱਲਾ ਨਜ਼ਦੀਕ ਖਿੰਗਰਾ ਗੇਟ ਵਜੋਂ ਹੋਈ ਹੈ।
ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਕੋਲੋਂ ਪੁੱਛਗਿੱਛ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਕਿਸ਼ਨਪੁਰਾ ਅਤੇ ਸੰਤੋਖਪੁਰਾ 'ਚੋਂ ਵੀ 2 ਐਕਟਿਵਾ ਚੋਰੀ ਕੀਤੀਆਂ ਹਨ, ਜਿਹੜੀਆਂ ਮਕਸੂਦਾਂ ਫਲਾਈਓਵਰ ਨੇੜੇ ਇਕ ਸਾਈਕਲ ਸਟੈਂਡ 'ਤੇ ਰੱਖੀਆਂ ਹੋਈਆਂ ਹਨ। ਪੁਲਸ ਨੇ ਉਹ ਦੋਵੇਂ ਐਕਟਿਵਾ ਵੀ ਬਰਾਮਦ ਕਰ ਲਈਆਂ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਗਾਂਧੀ ਨਗਰ ਅਤੇ ਸੋਢਲ ਚੌਕ 'ਚੋਂ ਚੋਰੀ ਕੀਤੇ 2 ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਪੰਕਜ ਉਰਫ ਮੋਟਾ ਖ਼ਿਲਾਫ਼ ਥਾਣਾ ਨੰਬਰ 3 'ਚ ਪਹਿਲਾਂ ਵੀ ਚੋਰੀ ਦਾ ਕੇਸ ਦਰਜ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਵਾਹਨ ਚੋਰੀ ਦੀਆਂ ਹੋਰ ਵਾਰਦਾਤਾਂ ਵੀ ਟਰੇਸ ਹੋ ਸਕਣ।
ਨਾਨੀ ਦੇ ਘਰ ਰਹਿੰਦੇ ਨੌਜਵਾਨ ਨੇ ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ ਵੇਖ ਪਰਿਵਾਰ ਵੀ ਹੋਇਆ ਹੈਰਾਨ
NEXT STORY