ਨੰਗਲ, (ਗੁਰਭਾਗ)- ਨੰਗਲ ਦੇ ਨਾਲ ਲੱਗਦੇ ਹਿਮਾਚਲ ਖ਼ੇਤਰ ਟਾਹਲੀਵਾਰ, ਜ਼ਿਲ੍ਹਾ ਊਨਾ ਵਿਖੇ ਇਕ ਬਹੁਤ ਹੀ ਦਰਦਨਾਕ ਹਾਦਸੇ 'ਚ ਜਿੱਥੇ ਅੱਧਾ ਦਰਜਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਉੱਥੇ ਹੀ ਹਾਦਸੇ ਕਾਰਨ ਤਿੰਨਾਂ ਦੀ ਮੌਤ ਵੀ ਹੋ ਗਈ।
ਜਾਣਕਾਰੀ ਅਨੁਸਾਰ ਹਾਈਡਰੋਜਨ ਗੈਸ ਸਿਲੰਡਰਾਂ ਨਾਲ ਭਰਿਆ ਟਰਾਲਾ, ਪੰਜਾਬ ਦੇ ਕਿਸੇ ਖ਼ੇਤਰ 'ਚੋਂ ਖਾਲੀ ਹੋ ਕੇ ਮੁੜ ਨੰਗਲ ਵੱਲ ਨੂੰ ਆ ਰਿਹਾ ਸੀ । ਟਾਹਲੀਵਾਲ ਬਿਸਕੁਟ ਫੈਕਟਰੀ ਕੋਲ ਤਿੱਖੇ ਉਤਰਾਈ ਵਾਲੇ ਮੋੜ 'ਤੇ ਚਾਲਕ ਤੋਂ ਟਰਾਲਾ ਬੇਕਾਬੂ ਹੋਣ ਪਿਛੋਂ ਰਸਤੇ ਵਿਚ ਆਈ ਹਰ ਚੀਜ਼ ਨੂੰ ਦਰੜਦਾ ਹੋਇਆ ਪਲਟ ਗਿਆ। ਜਾਣਕਾਰੀ ਮੁਤਾਬਿਕ ਟਰਾਲੇ ਨਾਲ ਇਕ ਦਰਜਨ ਦੇ ਕਰੀਬ ਦੁਕਾਨਾਂ, ਕਈ ਵਾਹਨ, ਅੱਧਾ ਦਰਜਨ ਰਾਹਗੀਰ ਜ਼ਖ਼ਮੀ ਹੋਏ। ਐਕਟਿਵਾ 'ਤੇ ਪਿੰਡ ਕਰਮਪੁਰਾ ਨੂੰ ਮੁੜਦੇ ਪਿਤਾ, ਪੁੱਤਰ, ਭਤੀਜੀ ਇਸ ਦੀ ਲਪੇਟ ਵਿਚ ਆ ਗਏ। ਹਾਦਸੇ ਵਿਚ ਪਿਤਾ ਸੰਜੀਵ ਕੁਮਾਰ (30) ਦੀ ਮੌਕੇ 'ਤੇ ਮੌਤ ਹੋ ਗਈ, ਪੁੱਤਰ ਆਯੂਸ਼ (7), ਭਤੀਜੀ ਪਰਾਚੀ (4) ਦੀ ਵੀ ਮੌਤ ਹੋ ਗਈ। ਇਹ ਤਿੰਨੋਂ ਸਕੂਲ 'ਚ ਮਾਪੇ ਅਧਿਆਪਕ ਮਿਲਣੀ ਤੋਂ ਪਰਤ ਰਹੇ ਸਨ। ਟਾਹਲੀਵਾਲ ਦੇ ਸਾਈਂ ਹਸਪਤਾਲ ਵਿਚ 5 ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਊਨਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਊਨਾ ਰਾਕੇਸ਼ ਕੁਮਾਰ, ਐੱਸ. ਐੱਸ. ਪੀ. ਦੀਵਾਕਰ ਸ਼ਰਮਾ, ਡੀ. ਐੱਸ. ਪੀ. ਕੁਲਵਿੰਦਰ ਸਿੰਘ, ਐੱਸ. ਡੀ. ਐੱਮ. ਗੌਰਵ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਪੁਲਸ ਨੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਸ 'ਤੇ ਮਾਮਲਾ ਦਰਜ ਕੀਤਾ ਹੈ। ਚਾਲਕ ਰਾਕੇਸ਼ ਨੇ ਕਿਹਾ ਕਿ ਉਤਰਾਈ 'ਤੇ ਟਰਾਲੇ ਦੀਆਂ ਬਰੇਕਾਂ ਫੇਲ ਹੋ ਜਾਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਹਰੋਲੀ ਵਿਧਾਨ ਸਭਾ ਦੇ ਭਾਜਪਾ ਮੁਖੀ ਰਾਮ ਕੁਮਾਰ ਵੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਅਫਸੋਸ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਾਦਸੇ ਦੀ ਸਾਰੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ ਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਜਾਵੇਗੀ।
ਫਗਵਾੜਾ : ਦੋ ਧਿਰਾਂ 'ਚ ਤਕਰਾਰ ਤੋਂ ਬਾਅਦ ਚੱਲੇ ਇੱਟਾਂ ਰੋੜੇ, ਪੁਲਸ ਦੀ ਭੰਨੀ ਗੱਡੀ
NEXT STORY