ਨਵਾਂਸ਼ਹਿਰ, (ਤ੍ਰਿਪਾਠੀ) —ਵਿਧਾਇਕ ਅੰਗਦ ਸਿੰਘ ਨੇ ਅੱਜ ਪਿੰਡ ਸੁੱਜੋਂ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਗਲੀਆਂ ਤੇ ਨਾਲੀਆਂ ਪਿੰਡ ਵਾਸੀਆਂ ਨੂੰ ਸਮਰਪਿਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2018-19 ਦੌਰਾਨ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 3020 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਜਿੱਥੇ ਵਿਕਾਸ ਹੋਵੇਗਾ ਉੱਥੇ ਪਿੰਡਾਂ 'ਚ ਗਰੀਬ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ ਜਾਣਗੇ। ਰਾਜ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਪਿਛਲੇ ਸਾਲ ਦੇ 1605 ਕਰੋੜ ਰੁਪਏ ਦੇ ਦਿਹਾਤੀ ਵਿਕਾਸ ਦੇ ਬਜਟ 'ਚ 82 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਪਿੰਡਾਂ ਦੇ ਵੀ ਸ਼ਹਿਰੀ ਤਰਜ਼ 'ਤੇ ਕਲੱਸਟਰ ਬਣਾ ਕੇ, ਉਨ੍ਹਾਂ ਦੇ ਕੂੜੇ-ਕਰਕਟ ਦੇ ਨਿਪਟਾਰੇ ਦੀ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਤਜਵੀਜ਼ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਇਸ ਦੀ ਸ਼ੁਰੂਆਤ ਸ਼ਹਿਰਾਂ ਨਾਲ ਲੱਗਦੇ ਪਿੰਡਾਂ ਤੋਂ ਤਜਰਬੇ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸੁੱਜੋਂ ਪਿੰਡ ਦੇ ਸਰਪੰਚ ਤਰਨਜੀਤ ਸਿੰਘ ਤੇ ਸਮੂਹ ਪੰਚਾਇਤ ਦੀ ਮੰਗ 'ਤੇ ਪਿੰਡ 'ਚ 4 ਲੱਖ ਰੁਪਏ ਦੇ ਵਾਧੂ ਫੰਡ ਹੋਰ ਗਲੀਆਂ-ਨਾਲੀਆਂ ਦੇ ਕੰਮ ਲਈ ਮੌਕੇ 'ਤੇ ਮਨਜ਼ੂਰ ਕਰਦਿਆਂ, ਬੀ.ਡੀ.ਪੀ.ਓ. ਨਵਾਂਸ਼ਹਿਰ ਰਾਜੇਸ਼ ਚੱਢਾ ਨੂੰ ਇਸ ਦਾ ਅਨੁਮਾਨ ਬਣਵਾ ਕੇ ਕੰਮ ਸ਼ੁਰੂ ਕਰਵਾਉਣ ਲਈ ਆਖਿਆ। ਪਿੰਡ ਨੌਰਾ ਵਿਖੇ 4.10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ-ਨਾਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਦੀ ਮਹੱਤਤਾ ਸਮਝਦੇ ਹੋਏ, ਕਦੇ ਵੀ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ। ਇਸ ਮੌਕੇ ਸਰਪੰਚ ਅੰਮ੍ਰਿਤਪਾਲ ਕੌਰ ਤੇ ਸਮੂਹ ਪੰਚਾਇਤ ਵੀ ਮੌਜੂਦ ਸੀ। ਐੱਮ.ਐੱਲ.ਏ. ਅੰਗਦ ਸਿੰਘ ਨੇ ਪਿੰਡ ਪੁਨੂੰ ਮਜਾਰਾ ਦੇ ਦੌਰੇ ਮੌਕੇ ਸਰਪੰਚ ਬਲਬੀਰ ਕੌਰ ਤੇ ਸਮੂਹ ਪੰਚਾਇਤ ਵੱਲੋਂ ਪਿੰਡ ਦੀਆਂ ਗਲੀਆਂ-ਨਾਲੀਆਂ ਦਾ ਕੰਮ ਪਹਿਲ ਦੇ ਅਧਾਰ 'ਤੇ ਕਰਵਾਏ ਜਾਣ ਦੀ ਰੱਖੀ ਮੰਗ ਨੂੰ ਵੀ ਮੌਕੇ 'ਤੇ ਹੀ ਪ੍ਰਵਾਨ ਕਰਦਿਆਂ, ਬੀ.ਡੀ.ਪੀ.ਓ. ਨਵਾਂਸ਼ਹਿਰ ਨੂੰ ਇਸ ਸਬੰਧੀ ਬਣਦੀ ਕਾਰਵਾਈ ਜਲਦ ਕਰਨ ਲਈ ਆਖਿਆ। ਇਸ ਮੌਕੇ ਮਨਰੇਗਾ ਦੇ ਗ੍ਰਾਮ ਸੇਵਕ ਹਰਜਿੰਦਰ ਸਿੰਘ, ਜੇ.ਈ. ਵਿਜੇ ਕੁਮਾਰ ਤੋਂ ਇਲਾਵਾ ਬੀ.ਡੀ.ਪੀ.ਓ. ਰਾਜੇਸ਼ ਚੱਢਾ, ਮੋਹਨ ਸਿੰਘ, ਮਾਸਟਰ ਹੇਮਰਾਜ, ਗੁਰਮੇਲ ਸਿੰਘ, ਅਮਰੀਕ ਸਿੰਘ ਤੇ ਐੱਮ.ਸੀ. ਸਚਿਨ ਦੀਵਾਨ ਮੌਜੂਦ ਸਨ।
ਜੈਕਾਰਿਆਂ ਦੀ ਗੂੰਜ ਨਾਲ ਮਹਾਨ ਸਾਲਾਨਾ ਵਿਸਾਖੀ ਸਮਾਗਮ ਆਰੰਭ
NEXT STORY