ਹੁਸ਼ਿਆਰਪੁਰ, (ਅਮਰਿੰਦਰ)— ਐਤਵਾਰ ਦੇਰ ਸ਼ਾਮ ਥਾਣਾ ਸਿਟੀ ਅਧੀਨ ਆਉਂਦੇ ਮਾਲ ਰੋਡ 'ਤੇ ਸਵਿਫਟ ਕਾਰ, ਬੁਲੇਟ ਮੋਟਰਸਾਈਕਲ ਤੇ ਐਕਟਿਵਾ ਦਰਮਿਆਨ ਹੋਈ ਭਿਆਨਕ ਟੱਕਰ 'ਚ ਕਰੀਬ 4 ਲੋਕ ਜ਼ਖਮੀ ਹੋ ਗਏ। ਹਾਦਸੇ ਦੇ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਖਬਰ ਲਿਖੇ ਜਾਣ ਤਕ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਸੀ। ਇਸ ਦੌਰਾਨ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਵੀ ਮੌਕੇ 'ਤੇ ਹਸਪਤਾਲ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।

ਦੱਸਣਯੋਗ ਹੈ ਕਿ ਮਾਲ ਰੋਡ 'ਤੇ ਜਿਸ ਸਮੇਂ ਹਾਦਸਾ ਹੋਇਆ ਉਸ ਥਾਂ ਤੋਂ ਕੁਝ ਦੂਰ ਅੱਗੇ ਫੂਡ ਸਟ੍ਰੀਟ ਕੋਲ ਭਾਰੀ ਗਿਣਤੀ 'ਚ ਲੋਕ ਮੌਜੂਦ ਸਨ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕੀ ਦੌੜ ਕੇ ਮੌਕੇ 'ਤੇ ਪਹੁੰਚ ਗਏ ਤੇ ਜ਼ਖਮੀਆਂ ਦੀ ਮਦਦ 'ਚ ਲੱਗ ਗਏ। ਇਸ ਦੌਰਾਨ ਲੋਕਾਂ ਨੇ ਐਮਰਜੈਂਸੀ ਵੈਨ ਨੂੰ ਵੀ ਸੂਚਿਤ ਕੀਤਾ ਪਰ ਉਸ ਦੇ ਆਉਣ 'ਚ ਹੋ ਰਹੀ ਦੇਰੀ ਨੂੰ ਦੇਖ ਕੇ ਲੋਕਾਂ ਨੇ ਜ਼ਖਮੀਆਂ ਨੂੰ ਆਪਣੇ ਵਾਹਨਾਂ 'ਚ ਲਿਜਾ ਕੇ ਨਿਜੀ ਹਸਪਤਾਲ ਪਹੁੰਚਾ ਦਿੱਤਾ। ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਨਿਰਦੇਸ਼ ਦੇ ਦਿੱਤੇ ਸੀ। ਜ਼ਖਮੀਆਂ ਦੇ ਸੰਬੰਧ ਵਿਚ ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਜਲੰਧਰ ਦਿਹਾਤੀ ਪੁਲਸ ਨੇ ਫਿਰ ਘੇਰਿਆ ਪਿੰਡ ਕਿੰਗਰਾ
NEXT STORY